ਚੋਣ ਮਾਹੌਲ ਭਖਣਾ ਸ਼ੁਰੂ, ਰਾਜਨੀਤਿਕ ਸਰਗਰਮੀਆਂ ਨੇ ਫੜੀ ਤੇਜੀ ਅਕਾਲੀ ਦਲ ਦੇ ਉਮੀਦਵਾਰ ਲਈ ਸੋਖਾ ਨਹੀਂ ਹੋਵੇਗਾ ਸਾਰੇ ਧੜਿਆਂ ਵਿੱਚ ਤਾਲਮੇਲ ਕਾਇਮ ਕਰਨਾ

ਭੁਪਿੰਦਰ ਸਿੰਘ
ਐਸ ਏ ਐਸ ਨਗਰ, 3 ਜਨਵਰੀ

ਵਿਧਾਨਸਭਾ ਹਲਕਾ ਮੁਹਾਲੀ ਦਾ ਚੋਣ ਮਾਹੌਲ ਭਖਣਾ ਸ਼ੁਰੂ ਹੋ ਗਿਆ ਹੈ ਅਤੇ ਹਲਕੇ ਦੀਆਂ ਚੋਣ ਸਰਗਰਮੀਆਂ ਨੇ ਅਚਾਨਕ ਤੇਜੀ ਫੜ ਲਈ ਹੈ| ਹਾਲਾਂਕਿ ਅਕਾਲੀ ਦਲ ਵਲੋਂ ਇੱਥੋਂ ਆਪਣੇ ਉਮੀਦਵਾਰ ਦਾ ਰਸਮੀ ਐਲਾਨ ਹਾਲੇ ਹੋਣਾ ਹੈ ਪਰੰਤੂ ਇਹ ਲਗਭਗ ਤੈਅ ਮੰਨਿਆ ਜਾ ਰਿਹਾ ਹੈ ਕਿ ਜਿਲ੍ਹਾ ਮੁਹਾਲੀ ਦੇ ਸਾਬਕਾ ਡਿਪਟੀ ਕਮਿਸ਼ਨਰ ਸ੍ਰ. ਤੇਜਿੰਦਰ ਸਿੰਘ ਸਿੱਧੂ (ਜਿਹਨਾ ਵਲੋਂ ਬੀਤੀ ਸ਼ਾਮ ਪੰਜਾਬ ਮੰਡੀ ਬੋਰਡ ਦੇ ਸਕੱਤਰ ਦੇ ਅਹੁਦੇ ਅਤੇ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ) ਹੀ ਮੁਹਾਲੀ ਵਿਧਾਨਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਹੋਣਗੇ| ਸ੍ਰ. ਸਿੱਧੂ ਦਾ ਅਸਤੀਫਾ ਅੱਜ ਮੁੱਖ ਮੰਤਰੀ ਵਲੋਂ ਰਸਮੀ ਰੂਪ ਵਿੱਚ ਮੰਜੂਰ ਕਰ ਲਿਆ ਗਿਆ ਹੈ ਅਤੇ ਅਕਾਲੀ ਦਲ ਦੇ ਸੂਤਰ ਦੱਸਦੇ ਹਨ ਕਿ ਪਾਰਟੀ ਵਲੋਂ ਅਗਲੇ ਇੱਕ ਦੋ ਦਿਨਾਂ ਵਿੱਚ ਸ੍ਰ. ਸਿੱਧੂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਜਾਵੇਗਾ|
ਮੁਹਾਲੀ ਹਲਕੇ ਦੇ ਮੌਜੂਦਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਜਿਹੜੇ ਪਿਛਲੇ 10 ਸਾਲਾਂ ਤੋਂ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ ਇਸ ਵਾਰ ਵੀ ਕਾਂਗਰਸ ਪਾਰਟੀ ਦੀ ਟਿਕਟ ਤੇ ਜੋਰ ਅਜਮਾਇਸ਼ ਕਰ ਰਹੇ ਹਨ ਅਤੇ ਉਹਨਾਂ ਵਲੋਂ ਮਿਸ਼ਨ 2017 ਦੇ ਤਹਿਤ ਹਲਕੇ ਦੇ ਪਿੰਡਾ ਅਤੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਚੋਣ ਪ੍ਰਚਾਰ ਦਾ ਕੰਮ ਲਗਾਤਾਰ ਜਾਰੀ ਹੈ| ਸ੍ਰ. ਸਿੱਧੂ ਦਾ ਵੋਟਰਾਂ ਵਿੱਚ ਨਿੱਜੀ ਰਸੂਖ ਵੀ ਹੈ ਅਤੇ ਉਹਨਾਂ ਦੀ ਚੋਣ ਮੁਹਿੰਮ ਨੂੰ ਵਸਨੀਕਾਂ ਦਾ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ| ਦੋ ਦਿਨ ਪਹਿਲਾਂ ਤਕ ਚੋਣ ਅਖਾੜੇ ਵਿੱਚ ਇਕੱਲੇ ਪਹਿਲਵਾਨ ਹੋਣ ਕਾਰਨ ਉਹ ਤਸੱਲੀ ਨਾਲ ਚੋਣ ਸਰਗਰਮੀਆਂ ਚਲਾ ਰਹੇ ਸਨ ਅਤੇ ਹੁਣ ਜਦੋਂ ਚੋਣ ਅਖਾੜੇ ਵਿੱਚ ਹੋਰ ਪਹਿਲਵਾਨ ਵੀ ਆਪਣੀ ਜੋਰ ਅਜਮਾਇਸ਼ ਕਰਨ ਲਈ ਪਹੁੰਚ ਗਏ ਹਨ ਤਾਂ ਉਹਨਾਂ ਦੀਆਂ ਸਰਗਰਮੀਆਂ ਵੀ ਜੋਰ ਫੜਦੀਆਂ ਦਿਖ ਰਹੀਆਂ ਹਨ|
ਆਮ ਆਦਮੀ ਪਾਰਟੀ ਵਲੋਂ ਕੁਰਾਲੀ ਨੇੜੇ ਪੈਂਦੇ ਪਿੰਡ ਝਿੰਗੜਾ ਦੇ ਸਾਬਕਾ ਸਰਪੰਚ ਸ੍ਰ ਨਰਿੰਦਰ ਸਿੰਘ             ਸ਼ੇਰਗਿਲ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਉਹਨਾਂ ਵਲੋਂ ਅੱਜ ਗੁਰਦੁਆਰਾ ਅੰਬ ਸਾਹਿਬ ਵਿੱਚ ਨਤਮਸਤਕ ਹੋ ਕੇ ਰਸਮੀ ਰੂਪ ਨਾਲ ਆਪਣਾ ਚੋਣ ਪ੍ਰਚਾਰ ਆਰੰਭ ਦਿੱਤਾ ਗਿਆ ਹੈ ਅਤੇ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਸਮਰਥਕ ਵੀ ਹਾਜਿਰ ਹੋਏ ਹਨ| ਇਸੇ ਤਰ੍ਹਾਂ  ਡੈਮੋਕ੍ਰੇਟਿਕ ਪਾਰਟੀ ਵਲੋਂ ਪੰਚਾਇਤ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸ੍ਰ. ਬਲਵਿੰਦਰ ਸਿੰਘ ਕੁੰਭੜਾ ਨੂੰ ਆਪਣਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਉਹਨਾਂ ਵਲੋਂ ਵੀ ਸੋਹਾਣਾ ਵਿਖੇ ਆਪਣਾ ਚੋਣ ਦਫਤਰ ਖੋਲ੍ਹ ਦਿੱਤਾ ਗਿਆ ਹੈ|
ਅਕਾਲੀ ਦਲ ਦੇ ਉਮੀਦਵਾਰ ਦੀ ਕਮੀ ਕਾਰਨ ਭਾਵੇਂ ਹੁਣੇ ਵੀ ਚੋਣ ਸਰਗਰਮੀਆਂ ਨੇ ਪੂਰੀ ਤੇਜੀ ਨਹੀਂ ਫੜੀ ਹੈ ਪਰੰਤੂ ਅਕਾਲੀ ਦਲ ਦੇ ਪ੍ਰਸਤਾਵਿਤ ਉਮੀਦਵਾਰ ਸਮਝੇ ਜਾ ਰਹੇ ਸ੍ਰ. ਤੇਜਿੰਦਰ ਸਿੰਘ ਸਿੱਧੂ ਵਲੋਂ ਅੰਦਰਖਾਤੇ ਆਪਣੀਆਂ ਸਰਗਰਮੀਆਂ ਵਿੱਚ ਤੇਜੀ ਲਿਆ ਦਿੱਤੀ ਗਈ ਹੈ| ਇਸ ਸੰਬੰਧੀ ਸ੍ਰ. ਤੇਜਿੰਦਰ ਸਿੰਘ ਸਿੱਧੂ ਵਲੋਂ ਜਿੱਥੇ ਸ਼ਹਿਰ ਦੇ ਵੱਖ ਵੱਖ ਅਕਾਲੀ ਆਗੂਆਂ ਨਾਲ ਮੀਟਿੰਗਾਂ ਦਾ ਦੌਰ ਆਰੰਭ ਦਿੱਤਾ ਗਿਆ ਹੈ ਉੱਥੇ ਉਹਨਾਂ ਵਲੋਂ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਹੋਰ ਅਕਾਲੀ ਆਗੂਆਂ ਨਾਲ ਰਾਬਤਾ ਵੀ ਕਾਇਮ ਕਰ ਲਿਆ ਗਿਆ ਹੈ| ਹਾਲਾਂਕਿ ਸ਼ਹਿਰ ਵਿੱਚ ਵੱਖ ਗਰੁੱਪਾਂ ਵਿੱਚ ਵੰਡੀ ਪਾਰਟੀ ਦੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਇੱਕਠਾ ਕਰਕੇ ਆਪਣੇ ਨਾਲ ਲੈ ਕੇ ਚਲਣਾ ਅਕਾਲੀ ਦਲ ਦੇ ਉਮੀਦਵਾਰ ਲਈ ਸਭ ਤੋਂ ਔਖਾ ਕੰਮ ਸਾਬਿਤ ਹੋਣਾ ਹੈ ਪਰੰਤੂ ਸ੍ਰ. ਸਿੱਧੂ ਦੇ ਸਮਰਥਕ ਇਸ ਪੱਖੋਂ ਵੀ ਆਸਵੰਦ ਦਿਖ ਰਹੇ ਹਨ|
ਸੂਤਰਾਂ ਅਨੁਸਾਰ ਇਸ ਸੰਬੰਧੀ ਇਹ ਫਾਰਮੂਲਾ ਤਿਅਰ ਕੀਤਾ ਜਾ ਰਿਹਾ ਹੈ ਕਿ ਸ਼ਹਿਰ ਦੇ ਦੋ ਮੁੱਖ ਅਕਾਲੀ ਧੜਿਆਂ ਵਿੱਚ ਕਿਸ ਕਿਸਮ ਦੇ ਟਕਰਾਅ ਨੂੰ ਰੋਕਣ ਲਈ ਦੋਵਾਂ ਧੜਿਆਂ ਦੇ ਆਗੂਆਂ ਨਾਲ ਵੱਖਰੇ ਵੱਖਰੇ ਤੌਰ ਤੇ ਹੀ ਚੋਣ ਸਰਗਰਮੀਆਂ ਦੇ ਪ੍ਰੋਗਰਾਮ ਉਲੀਕੇ ਜਾਣ ਅਤੇ ਕਿਸੇ ਵੀ ਕਿਸਮ ਦੇ ਟਕਰਾਅ ਤੋਂ ਬਚਿਆ ਜਾਵੇ|
ਇਸ ਪੱਖੋਂ ਵੇਖਿਆ ਜਾਵੇ ਤਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਅੱਗੇ ਇਸ ਕਿਸਮ ਦਾ ਸੰਕਟ ਨਹੀਂ ਹੈ ਅਤੇ ਉਹਨਾਂ ਲਈ ਆਪਣੀ ਚੋਣ ਮੁਹਿੰਮ ਚਲਾਉਣੀ ਔਸਤਨ ਸੁਖਾਲੀ ਹੈ| ਸ਼ਹਿਰ ਦੇ ਵੱਖ ਵੱਖ ਅਕਾਲੀ ਆਗੂਆਂ ਅਤੇ ਵਰਕਰਾਂ ਵਿੱਚ ਤਾਲਮੇਲ ਕਾਇਮ ਕਰਕੇ ਚੋਣ ਮੁਹਿੰਮ ਨੂੰ ਮੁਕੰਮਲ ਕਰਨਾ ਅਕਾਲੀ ਉਮੀਦਵਾਰ ਲਈ ਸਭ ਤੋਂ ਵੱਡੀ ਚੁਣੌਤੀ ਸਾਬਿਤ ਹੋਣੀ ਹੈ ਅਤੇ ਵੇਖਣਾ ਇਹ ਹੈ ਕਿ ਅਕਾਲੀ ਦਲ ਦੀ ਇਸ ਆਪਸੀ ਰੜਕ ਨੂੰ ਕਾਬੂ ਕਰਨ ਵਿੱਚ ਪਾਰਟੀ ਕਿਸ ਹੱਦ ਤਕ ਕਾਮਯਾਬ ਰਹਿੰਦੀ ਹੈ|

Leave a Reply

Your email address will not be published. Required fields are marked *