ਚੋਣ ਲੜ ਰਹੇ ਉਮੀਦਵਾਰਾਂ ਵਲੋਂ ਕੀਤੇ ਜਾ ਰਹੇ ਨੇ ਆਪੋ ਆਪਣੀ ਜਿੱਤ ਦੇ ਦਾਅਵੇ ਨਿਗਮ ਚੋਣਾਂ ਦੌਰਾਨ ਚੋਣ ਪ੍ਰਚਾਰ ਦੇ ਬਦਲ ਗਏ ਹਨ ਢੰਗ

ਐਸ ਏ ਐਸ ਨਗਰ, 10 ਫਰਵਰੀ (ਸ.ਬ.) ਐਸ ਏ ਐਸ ਨਗਰ ਮੁਹਾਲੀ ਵਿੱਚ ਇਸ ਸਮੇਂ ਨਗਰ ਨਿਗਮ ਚੋਣਾਂ ਦਾ ਮੈਦਾਨ ਪੂਰੀ ਤਰਾਂ ਭਖਿਆ ਹੋਇਆ ਹੈ। ਚੋਣ ਲੜ ਰਹੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਅਤੇ ਆਜਾਦ ਉਮੀਦਵਾਰਾਂ ਵਲੋਂ ਜੰਗੀ ਪੱਧਰ ਤੇ ਚੋਣ ਪ੍ਰਚਾਰ ਕਰਕੇ ਆਪਣੀ ਸਥਿਤੀ ਮਜਬੂਤ ਕੀਤੀ ਜਾ ਰਹੀ ਹੈ। ਕਰੀਬ ਸਾਰੇ ਉਮੀਦਵਾਰਾਂ ਵਲੋਂ ਆਪੋ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ।

ਇਸ ਵਾਰ ਨਿਗਮ ਚੋਣਾਂ ਦੌਰਾਨ ਚੋਣ ਲੜ ਰਹੇ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਦੇ ਢੰਗ ਵੀ ਕੁਝ ਹੱਦ ਤਕ ਬਦਲ ਲਏ ਗਏ ਹਨ। ਇਸ ਵਾਰ ਉਮੀਦਵਾਰਾਂ ਵਲੋਂ ਰਿਕਸ਼ਿਆਂ ਉਪਰ ਸਪੀਕਰ ਲਗਾ ਕੇ ਚੋਣ ਪ੍ਰਚਾਰ ਨਹੀਂ ਕੀਤਾ ਜਾ ਰਿਹਾ, ਬਲਕਿ ਘਰ ਘਰ ਜਾ ਕੇ ਵੋਟਾਂ ਮੰਗਣ ਨੂੰ ਤਰਜੀਹ ਦਿਤੀ ਜਾ ਰਹੀ ਹੈ। ਇਸ ਤੋਂ ਇਲਾਵਾ ਚੋਣ ਲੜ ਰਹੇ ਉਮੀਦਵਾਰਾਂ ਵਲੋਂ ਹੁਣ ਸੋਸ਼ਲ ਮੀਡੀਆ ਉਪਰ ਚੋਣ ਪ੍ਰਚਾਰ ਕਰਨ ਨੂੰ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਵੱਡੀ ਗਿਣਤੀ ਉਮੀਦਵਾਰਾਂ ਵਲੋਂ ਸ਼ੋਸਲ ਮੀਡੀਆ ਉਪਰ ਆਪੋ ਆਪਣੇ ਪੱਖ ਵਿਚ ਖਬਰਾਂ ਅਤੇ ਰਿਪੋਰਟਾਂ ਪਾਈਆਂ ਅਤੇ ਪਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਚੋਣ ਲੜ ਰਹੇ ਉਮੀਦਵਾਰਾਂ ਵਲੋਂ ਆਪਣੇ ਸਮਰਥਕਾਂ ਨਾਲ ਨੁਕੜ ਮੀਟਿੰਗਾਂ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਨਿਗਮ ਚੋਣ ਲਈ ਵੋਟਾਂ ਪੈਣ ਦਾ ਦਿਨ ਹੋਰ ਨੇੜੇ ਆਉਣ ਤੇ ਚੋਣ ਪ੍ਰਚਾਰ ਵਿਚ ਹੋਰ ਤੇਜੀ ਆਉਣ ਦੀ ਸੰਭਾਵਨਾ ਹੈ।

ਇਸ ਦੌਰਾਨ ਭਾਵੇਂ ਕੁੱਝ ਵਾਰਡਾਂ ਵਿੱਚ ਇੱਕ ਪਾਸੜ ਮੁਕਾਬਲੇ ਵੀ ਦਿਖ ਰਹੇ ਹਨ ਪਰੰਤੂ ਫਿਰ ਵੀ ਚੋਣ ਲੜ ਰਹੇ ਸਾਰੇ ਉਮੀਦਵਾਰ ਇਹ ਦਾਅਵਾ ਕਰ ਰਹੇ ਹਨ ਕਿ ਜਿੱਤ ਉਹਨਾਂ ਦੀ ਹੀ ਹੋਵੇਗੀ।

ਦੂਜੇ ਪਾਸੇ ਸ਼ਹਿਰ ਵਾਸੀ ਭਾਵੇਂ ਵੋਟਾਂ ਮੰਗਣ ਆਏ ਹਰ ਉਮੀਦਵਾਰ ਨੂੰ ਵੋਟਾਂ ਪਾਉਣ ਦਾ ਭਰੋਸਾ ਦੇ ਰ ਹੇ ਹਨ, ਪਰ ਇਸ ਵਾਰ ਨਿਗਮ ਚੋਣਾਂ ਦੌਰਾਨ ਸ਼ਹਿਰ ਵਾਸੀਆਂ ਵਿੱਚ ਪਿਛਲੀਆਂ ਚੋਣਾਂ ਵਰਗਾ ਉਤਸ਼ਾਹ ਵੇਖਣ ਵਿੱਚ ਨਹੀਂ ਆ ਰਿਹਾ ਅਤੇ ਵੇਖਣਾ ਇਹ ਹੈ ਕਿ ਨਗਰ ਨਿਗਮ ਚੋਣਾਂ ਵੇਲੇ ਹਾਲਾਤ ਕੀ ਕਰਵਟ ਲੈਂਦੇ ਹਨ।

Leave a Reply

Your email address will not be published. Required fields are marked *