ਚੋਣ ਸੁਧਾਰਾਂ ਨੂੰ ਲਾਗੂ ਕਰਨ ਨਾਲ ਹੀ ਆਏਗੀ ਲੋਕਤੰਤਰ ਵਿੱਚ ਮਜਬੂਤੀ

ਦੇਸ਼ ਤਬਦੀਲੀ ਦੇ ਦੌਰ ਤੋਂ ਗੁਜਰ ਰਿਹਾ ਹੈ, ਦੇਸ਼ ਦੀ ਤਰੱਕੀ ਉਸਦੇ ਸ਼ਾਸਕ ਦੀ ਨੀਤੀ ਅਤੇ ਨੀਅਤ ਤੇ ਆਧਾਰਿਤ ਹੁੰਦੀ ਹੈ| ਕੋਈ ਵੀ ਵੱਡਾ ਬਦਲਾਅ ਸ਼ੁਰੂਆਤ ਵਿੱਚ ਤਕਲੀਫ ਦਿੰਦਾ ਹੀ ਹੈ, ਪਰ ਉਸਦੇ ਦੂਰਗਾਮੀ ਨਤੀਜੇ ਸੁਖਦਾਇਕ ਅਤੇ ਤੰਦਰੁਸਤ ਸਮਾਜ ਦੀ ਉਸਾਰੀ ਦੇ
ਪ੍ਰੇਰਕ ਬਣਦੇ ਹਨ| ਵਿਮੁਦਰੀਕਰਨ ਦੇ ਇਤਿਹਾਸਿਕ ਫੈਸਲੇ ਤੋਂ ਬਾਅਦ ਹੁਣ ਮੋਦੀ ਸਰਕਾਰ ਚੋਣ ਸੁਧਾਰ ਦੀ ਦਿਸ਼ਾ ਵਿੱਚ ਵੀ ਵੱਡਾ ਫ਼ੈਸਲਾ ਲੈਣ ਦੀ ਤਿਆਰੀ ਵਿੱਚ ਹੈ| ਸੰਭਵ ਹੈ ਸਾਰੇ
ਦੇਸ਼ ਵਿੱਚ ਇੱਕ ਹੀ ਸਮੇਂ ਚੋਣਾਂ ਹੋਣ ਉਹ ਚਾਹੇ ਲੋਕਸਭਾ ਹੋਵੇ ਜਾਂ ਵਿਧਾਨਸਭਾ| ਇਹਨਾਂ ਚੋਣ ਸੁਧਾਰਾਂ ਵਿੱਚ ਦਾਗਦਾਰ ਨੇਤਾਵਾਂ ਤੇ ਤਾਂ ਚੋਣ ਲੜਨ ਦੀ ਪਾਬੰਦੀ ਲੱਗ ਹੀ ਸਕਦੀ ਹੈ, ਸ਼ਾਇਦ ਇੱਕ ਵਿਅਕਤੀ ਇਕੱਠੇ ਦੋ ਸੀਟਾਂ ਤੇ ਵੀ ਚੋਣ ਨਹੀਂ ਲੜ ਸਕੇਗਾ| ਇਸ ਸੰਬੰਧੀ ਅਜਿਹੀ ਵਿਵਸਥਾ ਸਮੇਤ ਕਈ ਮਹੱਤਵਪੂਰਨ ਪ੍ਰਸਤਾਵ ਕੇਂਦਰੀ ਚੋਣ ਕਮਿਸ਼ਨ ਨੇ ਕੇਂਦਰ ਸਰਕਾਰ ਨੂੰ ਭੇਜ ਕੇ ਸਿਫਾਰਿਸ਼ ਕੀਤੀ ਹੈ| ਚੋਣ ਕਮਿਸ਼ਨ ਦੇ ਪ੍ਰਸਤਾਵਾਂ ਅਤੇ ਕਾਨੂੰਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਤੇ ਦੇਸ਼ ਵਿੱਚ ਚੋਣ ਸੁਧਾਰ ਲਈ ਜੇਕਰ ਸਰਕਾਰ ਇਹ ਸਖ਼ਤ ਫ਼ੈਸਲਾ ਲਏ, ਤਾਂ ਨੋਟਬੰਦੀ ਤੋਂ ਬਾਅਦ ਮੋਦੀ ਸਰਕਾਰ ਦਾ ਲੋਕਤੰਤਰਿਕ ਵਿਵਸਥਾ ਵਿੱਚ ਚੋਣ ਸੁਧਾਰਾਂ ਦੀ ਦਿਸ਼ਾ ਵਿੱਚ ਇਹ ਵੀ ਇੱਕ ਨੀਤੀਗਤ ਇਤਿਹਾਸਿਕ ਫੈਸਲਾ ਬਣਕੇ ਸਾਹਮਣੇ ਆਵੇਗਾ|
ਲੋਕਤੰਤਰ ਵਿੱਚ ਜਨਮਤ ਹੀ ਸਰਵਉਚ ਹੈ| ਜਨਤਾ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ ਹੈ, ਉਹ ਵੀ ਸਭ ਨੂੰ ਬਰਾਬਰ| ਜਦੋਂ ਵੋਟ ਦੇਣ ਵਾਲਾ ਇੱਕ ਵਾਰ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦਾ ਹੈ ਤਾਂ ਉਮੀਦਵਾਰ ਕਿਵੇਂ ਦੋ ਜਾਂ ਦੋ ਤੋਂ ਜਿਆਦਾ ਸਥਾਨਾਂ ਤੇ ਚੋਣ ਲੜਨ ਦੀ ਯੋਗਤਾ ਪਾ ਸਕਦਾ ਹੈ ਇਹ ਸਾਡੀ ਚੋਣ ਪ੍ਰਕ੍ਰਿਆ ਦੀ ਇੱਕ ਵੱਡੀ ਕਮਜੋਰੀ ਚੱਲੀ ਆ ਰਹੀ ਹੈ| ਚੋਣ ਕਮਿਸ਼ਨ ਨੇ ਇਸ ਵੱਡੀ ਕਮੀ ਨੂੰ ਦੂਰ ਕਰਨ ਲਈ ਇੱਕ ਵਾਰ ਫਿਰ ਸਰਕਾਰ ਤੋਂ ਰਾਜਨੇਤਾਵਾਂ ਨੂੰ ਇਕੱਠੇ ਦੋ ਸੀਟਾਂ ਤੇ ਚੋਣ ਲੜਨ ਤੋਂ ਰੋਕਣ ਲਈ ਜਨਪ੍ਰਤੀਨਿਧੀ ਕਾਨੂੰਨ ਵਿੱਚ ਬਦਲਾਅ ਦੀ ਸਿਫਾਰਿਸ਼ ਕੀਤੀ ਹੈ| ਲੋਕਤੰਤਰ ਦੀ ਮਜਬੂਤੀ ਅਤੇ ਚੋਣ ਪ੍ਰਕ੍ਰਿਆ ਦੀ ਕਮਜੋਰੀ ਨੂੰ ਦੂਰ ਕਰਨ ਲਈ ਇਸ ਸਿਫਾਰਿਸ਼ ਨੂੰ ਲਾਗੂ ਕਰਨਾ ਜਰੂਰੀ ਹੈ|
ਚੋਣ ਕਮਿਸ਼ਨ ਇਸ ਤੋਂ ਪਹਿਲਾਂ 2004 ਵਿੱਚ ਵੀ ਇਸ ਤਰ੍ਹਾਂ ਦੀ ਸਿਫਾਰਿਸ਼ ਕਰ ਚੁੱਕਿਆ ਹੈ| ਪਰੰਤੂ ਉਸ ਤੇ ਕੋਈ ਪਹਿਲ ਨਹੀਂ ਹੋ ਸਕੀ| ਜਸਟਿਸ ਏ.ਪੀ. ਸ਼ਾਹ ਦੀ ਪ੍ਰਧਾਨਗੀ ਵਾਲੇ ਕਾਨੂੰਨ ਕਮਿਸ਼ਨ ਨੇ ਵੀ ਇੱਕ ਉਮੀਦਵਾਰ ਦੇ ਦੋ ਸੀਟਾਂ ਤੋਂ ਚੋਣ ਲੜਨ ਤੇ ਰੋਕ ਲਗਾਉਣ ਸਬੰਧੀ ਸਿਫਾਰਿਸ਼ ਕੀਤੀ ਸੀ| ਚੋਣ ਕਮਿਸ਼ਨ ਨੇ 2004 ਵਿੱਚ ਸੁਝਾਅ ਦਿੱਤਾ ਸੀ ਕਿ
ਜੇਕਰ ਕੋਈ ਉਮੀਦਵਾਰ ਵਿਧਾਨਸਭਾ ਲਈ ਦੋ ਸੀਟਾਂ ਤੋਂ ਚੋਣ ਲੜਦਾ ਅਤੇ ਜਿੱਤਦਾ ਹੈ, ਤਾਂ ਖਾਲੀ ਕੀਤੀ ਗਈ ਸੀਟ ਲਈ ਉਸ ਤੋਂ ਪੰਜ ਲੱਖ ਰੁਪਏ ਵਸੂਲੇ ਜਾਣ| ਇਸੇ ਤਰ੍ਹਾਂ ਲੋਕਸਭਾ ਦੀ ਖਾਲੀ ਕੀਤੀ ਜਾਣ ਵਾਲੀ ਸੀਟ ਲਈ ਦਸ ਲੱਖ ਰੁਪਏ ਜਮਾਂ ਕਰਵਾਏ ਜਾਣ| ਹੁਣ ਚੋਣ ਕਮਿਸ਼ਨ ਨੇ ਕਿਹਾ ਹੈ ਕਿ 2004 ਵਿੱਚ ਪ੍ਰਸਤਾਵਿਤ ਰਕਮ ਵਿੱਚ ਉਚਿਤ ਵਾਧਾ ਕੀਤਾ ਜਾਣਾ ਚਾਹੀਦਾ ਹੈ| ਕਮਿਸ਼ਨ ਦਾ ਮੰਨਣਾ ਹੈ ਕਿ ਇਸ ਕਾਨੂੰਨ ਨਾਲ ਲੋਕਾਂ ਦੇ ਇਕੱਠੇ ਦੋ ਸੀਟਾਂ ਤੋਂ ਚੋਣ ਲੜਨ ਦੀ ਪ੍ਰਵਿਰਤੀ ਤੇ ਰੋਕ ਲੱਗੇਗੀ| ਚੋਣ ਕਮਿਸ਼ਨ ਨੇ ਜਦੋਂ ਇੱਕ ਉਮੀਦਵਾਰ ਦੇ ਦੋ ਜਾਂ ਉਸ ਤੋਂ ਜਿਆਦਾ ਸਥਾਨ ਤੇ ਚੋਣ ਲੜਨ ਤੇ ਹੀ ਰੋਕ ਦਾ ਸੁਝਾਅ ਦਿੱਤਾ ਹੈ ਤਾਂ ਖਾਲੀ ਹੋਈ ਸੀਟ ਲਈ ਰਕਮ ਵਸੂਲੇ ਜਾਣ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਹੈ| ਆਪਣੀ ਜਿੱਤ ਨੂੰ ਯਕੀਨੀ ਕਰਨ ਲਈ ਦੋ ਜਾਂ ਜਿਆਦਾ ਸਥਾਨਾਂ ਤੇ ਚੋਣ ਲੜਨਾ ਇੱਕ ਤਰ੍ਹਾਂ ਦੀ ਅਨੈਤਿਕਤਾ ਹੀ ਹੈ| ਆਪਣੇ ਸਵਾਰਥ ਦੀ ਸੋਚਣਾ ਅਤੇ ਕਿਸੇ ਤਰ੍ਹਾਂ ਜਿੱਤ ਨੂੰ ਯਕੀਨੀ ਕਰਨ ਦੀ ਇਹ ਤਰਕੀਬ ਚੋਣ ਪ੍ਰਕ੍ਰਿਆ ਦੀ ਵੱਡੀ ਕਮੀ ਰਹੀ ਹੈ, ਜਿਸ ਤੇ ਰੋਕ ਦਾ ਸੁਝਾਅ ਲੋਕਤੰਤਰ ਦੀ ਮਜਬੂਤੀ ਦਾ ਸਬੱਬ ਬਣੇਗਾ ਅਤੇ ਚੋਣ ਸੁਧਾਰ ਦੀ ਦਿਸ਼ਾ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ|
ਜਨ ਪ੍ਰਤੀਨਿਧੀ ਕਾਨੂੰਨ ਵਿੱਚ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਕੋਈ ਵਿਅਕਤੀ ਲੋਕਸਭਾ ਚੋਣਾਂ, ਵਿਧਾਨਸਭਾ ਚੋਣਾਂ ਜਾਂ ਫਿਰ ਉਪ ਚੋਣਾਂ ਵਿੱਚ ਇਕੱਠੇ ਦੋ ਸੀਟਾਂ ਤੇ ਆਪਣੀ ਕਿਸਮਤ ਅਜਮਾ ਸਕਦਾ ਹੈ| 1996 ਤੋਂ ਪਹਿਲਾਂ ਦੋ ਤੋਂ ਜਿਆਦਾ ਸਥਾਨਾਂ ਤੇ ਚੋਣਾਂ ਉਮੀਦਵਾਰੀ ਦੀ ਛੂਟ ਸੀ| ਕੋਈ ਵਿਅਕਤੀ ਕਿੰਨੀਆਂ ਵੀ ਸੀਟਾਂ ਨਾਲ ਚੋਣ ਲੜ ਸਕਦਾ ਸੀ| ਪਰੰਤੂ ਵੇਖਿਆ ਗਿਆ ਕਿ ਕੁੱਝ ਲੋਕ ਸਿਰਫ ਆਪਣੀ ਜਿੱਤ ਨੂੰ ਯਕੀਨੀ ਕਰਨ ਦੀ ਇੱਛਾ ਨਾਲ ਕਈ ਸੀਟਾਂ ਤੋਂ ਚੋਣ ਲੜਦੇ ਸਨ| ਇਸ ਪ੍ਰਵਿਰਤੀ ਤੇ ਰੋਕ ਲਗਾਉਣ ਦੇ ਮਕਸਦ ਨਾਲ 1996 ਵਿੱਚ  ਜਨ ਪ੍ਰਤੀਨਿਧੀ ਕਾਨੂੰਨ ਵਿੱਚ ਸੰਸ਼ੋਧਨ ਕਰਕੇ  ਵੱਧ ਤੋਂ ਵੱਧ ਦੋ ਸੀਟਾਂ ਤੋਂ ਚੋਣਾਂ ਲੜਨ ਦਾ ਨਿਯਮ ਬਣਾਇਆ ਗਿਆ| ਪਰੰਤੂ ਇਸ ਨਾਲ ਵੀ ਚੋਣ ਕਮਿਸ਼ਨ ਨੂੰ ਛੱਡੀਆਂ ਗਈਆਂ ਸੀਟਾਂ ਤੇ ਦੁਬਾਰਾ ਚੋਣਾਂ ਕਰਵਾਉਣ ਲਈ ਬਹੁਤ
ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ| ਇਸ ਨਾਲ ਦੁਬਾਰਾ ਉਹੀ ਪ੍ਰਕ੍ਰਿਆ ਸ਼ੁਰੂ ਕਰਨੀ ਪੈਂਦੀ ਹੈ| ਉਸੇ ਤਰ੍ਹਾਂ ਫਿਰ ਪੈਸੇ ਖਰਚ ਕਰਨੇ ਪੈਂਦੇ ਹਨ| ਪ੍ਰਸ਼ਾਸਨ ਨੂੰ ਬਿਨਾ ਵਜ੍ਹਾ ਆਪਣਾ ਤੈਅ ਕੰਮਕਾਜ ਰੋਕ ਕੇ ਚੋਣ ਪ੍ਰਕ੍ਰਿਆ ਵਿੱਚ ਭੱਜ-ਦੌੜ ਕਰਨੀ ਪੈਂਦੀ ਹੈ| ਇਹ ਇੱਕ ਤਰ੍ਹਾਂ ਦੀ ਪੈਸੇ ਦੀ ਬਰਬਾਦੀ ਤਾਂ ਹੈ ਹੀ, ਨਾਲ ਹੀ ਪ੍ਰਸ਼ਾਸਨ ਨੂੰ ਵੀ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ| ਆਮ ਜਨਤਾ ਵੀ ਇਸ ਨਾਲ ਪ੍ਰੇਸ਼ਾਨ ਹੁੰਦੀ ਹੀ ਹੈ| ਇਸ ਲਈ ਲੰਬੇ ਸਮੇਂ ਤੋਂ ਮੰਗ ਕੀਤੀ ਜਾਂਦੀ ਰਹੀ ਹੈ ਕਿ ਲੋਕਾਂ ਦੇ ਟੈਕਸ ਨਾਲ ਜੁਟਾਏ ਪੈਸੇ ਨੂੰ ਦੋ ਵਾਰ ਚੋਣਾਂ ਤੇ ਖਰਚ ਕਰਨ ਅਤੇ ਇੱਕ ਸੀਟ ਲਈ ਦੋ ਵਾਰ ਚੋਣ ਪ੍ਰਚਾਰ ਤੇ ਉਮੀਦਵਾਰਾਂ ਦਾ ਵੀ ਦੁਬਾਰਾ ਪੈਸੇ ਖਰਚ ਕਰਨ ਦਾ ਕੋਈ ਤੁਕ ਨਹੀਂ, ਇਸ ਨਿਯਮ ਵਿੱਚ ਬਦਲਾਅ ਹੋਣਾ ਚਾਹੀਦਾ ਹੈ|
ਹੁਣ ਤੱਕ ਦੇਖਣ ਵਿੱਚ ਇਹੀ ਆਉਂਦਾ ਰਿਹਾ ਹੈ ਕਿ ਵੱਡੇ ਦਲ ਅਤੇ ਵੱਡੇ ਰਾਜਨੀਤਿਕ ਚਿਹਰੇ ਹੀ ਇਕੱਠੇ ਦੋ ਸੀਟਾਂ ਤੋਂ ਚੋਣ ਲੜਦੇ ਰਹੇ ਹਨ| ਇਸਦੀ ਵੱਡੀ ਵਜ੍ਹਾ ਅਸੁਰੱਖਿਆ ਦੀ ਭਾਵਨਾ ਹੁੰਦੀ ਹੈ| ਵਰਤਮਾਨ ਲੋਕਸਭਾ ਲਈ ਹੋਈਆਂ ਚੋਣਾਂ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੋ ਸੀਟਾਂ ਤੋਂ ਚੋਣਾਂ ਲੜੀਆਂ ਸਨ| ਸਮਾਜਵਾਦੀ ਪਾਰਟੀ ਮੁੱਖੀ ਮੁਲਾਇਮ ਸਿੰਘ ਯਾਦਵ ਨੇ ਵੀ ਦੋ ਸੀਟਾਂ ਤੋਂ ਚੋਣਾਂ ਲੜੀਆਂ| ਕਾਂਗਰਸ ਮੁੱਖੀ ਸੋਨੀਆ ਗਾਂਧੀ ਨੂੰ ਵੀ ਦੋ ਸੀਟਾਂ ਤੋਂ ਚੋਣਾਂ ਲੜਾਈਆਂ ਜਾਂਦੀਆਂ ਰਹੀਆਂ ਹਨ| ਵਿਧਾਨਸਭਾ ਚੋਣਾਂ ਵਿੱਚ ਵੀ ਪਾਰਟੀਆਂ ਦੇ ਮੁੱਖ ਚਿਹਰੇ ਅਕਸਰ ਦੋ ਸੀਟਾਂ ਤੋਂ ਚੋਣਾਂ ਲੜਨਾ ਸੁਰੱਖਿਅਤ ਸਮਝਦੇ ਹਨ| ਰਾਜਨੀਤਿਕ ਦਲ ਜਾਂ ਉਸਦੇ ਉਮੀਦਵਾਰ ਲਈ ਦੋ ਥਾਵਾਂ ਤੋਂ ਚੋਣਾਂ ਲੜਨਾ ਰਣਨੀਤਿਕ ਰੂਪ ਨਾਲ ਸਹੀ ਹੋ ਸਕਦਾ ਹੈ ਪਰ ਨੀਤੀ ਅਤੇ ਨਿਯਮਾਂ ਦੀ ਨਜ਼ਰ ਨਾਲ ਇਸ ਨੂੰ ਕਿਸੇ ਵੀ ਸੂਰਤ ਵਿੱਚ ਜਾਇਜ ਨਹੀਂ ਮੰਨਿਆ ਜਾ ਸਕਦਾ ਹੈ| ਸਵਾਲ ਇਹ ਵੀ ਹੈ ਕਿ ਜੇਕਰ ਕੋਈ ਉਮੀਦਵਾਰ ਦੋ ਵਿੱਚੋਂ ਕਿਸੇ ਇੱਕ ਸੀਟ ਤੇ ਚੋਣਾਂ ਹਾਰ ਜਾਂਦਾ ਹੈ, ਤਾਂ ਉਸਨੂੰ ਸਰਕਾਰ ਵਿੱਚ ਕਿਸੇ ਅਹਿਮ ਅਹੁਦੇ ਦੀ ਜ਼ਿੰਮੇਵਾਰੀ ਸੌਂਪਨਾ ਕਿੱਥੇ ਤੱਕ ਉਚਿਤ ਹੈ|
ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਇਸ ਤਰ੍ਹਾਂ ਦੀਆਂ ਕਮਜੋਰੀਆਂ ਤੇ ਕਾਬੂ ਕਰਨਾ ਜਰੂਰੀ ਹੈ ਕਿਉਂਕਿ ਚੋਣਾਂ ਲੋਕਤੰਤਰ ਦਾ ਸਬੂਤ ਹੈ| ਲੋਕਤੰਤਰ ਵਿੱਚ ਸਭ ਤੋਂ ਵੱਡਾ ਅਧਿਕਾਰ ਹੈ-ਵੋਟ ਅਧਿਕਾਰ| ਅਤੇ ਇਹ ਅਧਿਕਾਰ ਸਭ ਨੂੰ ਬਰਾਬਰ ਹੈ| ਪਰ ਅਸੀਂ ਆਮ ਵੇਖਦੇ ਹਾਂ ਕਿ ਅਧਿਕਾਰ ਦਾ ਝੰਡਾ ਤਾਂ ਸਮੇਂ ਚੁੱਕ ਲੈਂਦੇ ਹਨ, ਫਰਜ ਕੋਈ ਨਹੀਂ ਚੁੱਕਦਾ| ਅਧਿਕਾਰ ਦੀ ਬਣਦੀ ਵਰਤੋਂ ਹੀ ਫਰਜ ਦਾ ਨਿਰਵਾਹ ਹੈ| ਇਸ ਲਈ ਵੋਟਰਾਂ ਨੂੰ ਵੀ ਜਾਗਰੂਕ ਹੋਣਾ ਪਵੇਗਾ|
ਲੋਕਤੰਤਰ ਵਿੱਚ ਚੋਣਾਂ ਸੰਕਲਪ ਅਤੇ ਵਿਕਲਪ ਦੋਵੇਂ ਦਿੰਦਾ ਹੈ| ਚੋਣਾਂ ਵਿੱਚ ਮੁੱਦੇ ਕੁੱਝ ਵੀ ਹੋਣ, ਦੋਸ਼ ਕੁੱਝ ਵੀ ਹੋਣ, ਪਰ ਕਿਸੇ ਵੀ ਧਿਰ ਜਾਂ ਪਾਰਟੀ ਨੂੰ ਵੋਟਰ ਨੂੰ ਭਰਮਿਤ ਨਹੀਂ ਕਰਨਾ ਚਾਹੀਦਾ ਹੈ| ਦੋ ਸਥਾਨਾਂ ਤੇ ਚੋਣਾਂ ਲੜਨਾ ਵੋਟਰ ਨੂੰ ਭਰਮਾਉਣ ਦੀ ਹੀ ਬੁਰੀ ਆਦਤ ਹੈ| ਜੰਗ ਅਤੇ ਚੋਣਾਂ ਵਿੱਚ ਸਭ ਜਾਇਜ ਹੈ, ਇਸ ਤਰਕ ਦੀ ਓਟ ਵਿੱਚ ਚੋਣ ਪ੍ਰਕ੍ਰਿਆ ਦੀਆਂ ਖਾਮੀਆਂ ਤੇ ਲਗਾਤਾਰ ਪਰਦਾ ਪਾਉਣਾ ਹਿਤਕਾਰੀ ਨਹੀਂ ਕਿਹਾ ਜਾ ਸਕਦਾ| ਆਪਣੇ ਸਵਾਰਥ ਲਈ, ਇੱਜਤ  ਲਈ, ਰਾਜਨੀਤੀ ਦੀ ਓਟ ਵਿੱਚ ਅਗਵਾਈ ਝੂਠਾ ਸਿਹਰਾ ਲੈਂਦੀ ਰਹੀ ਅਤੇ ਭੀੜ ਆਰਤੀ ਉਤਾਰਦੀ ਰਹੀ| ਪਰ ਹੁਣ ਪਵਿੱਤਰ ਵੋਟ ਦੀ ਪਵਿੱਤਰ ਵਰਤੋ ਪਵਿਤਰ ਉਮੀਦਵਾਰ ਲਈ
ਹੋਵੇ|
ਲਲਿਤ ਗਰਗ

Leave a Reply

Your email address will not be published. Required fields are marked *