ਚੋਣ ਹਿੰਸਾ ਤੇ ਕਾਬੂ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਜਾਣੇ ਜਰੂਰੀ

ਜਿਵੇਂ ਜਿਵੇਂ ਪੰਜਾਬ ਵਿਧਾਨਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਉਵੇਂ ਉਵੇਂ ਹੀ ਸਿਆਸੀ ਮਾਹੌਲ ਵਿੱਚ ਗਰਮੀ ਆ ਰਹੀ ਹੈ| ਇਸ ਦੌਰਾਨ ਬੀਤੇ ਦਿਨੀਂ ਵਾਪਰੀ ਇੱਕ ਘਟਨਾ ਸਾਰਿਆਂ ਦੀ ਧਿਆਨ ਖਿੱਚ ਰਹੀ ਹੈ| ਫਾਜਿਲਕਾ ਵਿੱਚ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਅਤੇ ਸੂਬੇ ਦੀ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ  ਦੇ ਕਾਫਲੇ ਤੇ ਚੋਣ ਪ੍ਰਚਾਰ ਦੌਰਾਨ ਸ਼ਰਾਰਤੀ ਲੋਕਾਂ ਵਲੋਂ ਪਥਰਾਓ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਜਿਸ ਦੌਰਾਨ ਸ੍ਰ. ਸੁਖਬੀਰ ਸਿੰਘ ਬਾਦਲ ਦੀ ਗੱਡੀ ਪਹਿਲਾਂ ਲੰਘ ਜਾਣ ਕਾਰਨ ਭਾਵੇਂ ਉਹਨਾਂ ਦਾ ਬਚਾਓ ਹੋ ਗਿਆ ਪਰੰਤੂ ਉਹਨਾਂ ਦੇ ਕਾਫਲੇ ਵਿੱਚ ਨਾਲ ਚਲ ਰਹੀਆਂ ਕੁੱਝ ਗੱਡੀਆਂ ਵਿੱਚ ਤੋੜ ਫੋੜ ਹੋਣ ਦੇ ਨਾਲ ਨਾਲ ਉਹਨਾਂ ਦੇ ਕਾਫਲੇ ਵਿੱਚ ਜਾ ਰਹੇ ਲਗਭਗ ਅੱਧੀ ਦਰਜਨ ਵਿਅਕਤੀਆਂ ਦੇ ਜਖਮੀ ਹੋਣ ਦਾ ਸਮਾਚਾਰ ਹੈ|
ਇਹ ਘਟਨਾ ਜਾਹਿਰ ਕਰਦੀ ਹੈ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੀ ਕਾਨੂੰਨ ਵਿਵਸਥਾ ਦੇ ਕਾਬੂ ਹੇਠ ਹੋਣ ਸੰਬੰਧੀ ਕੀਤੇ ਜਾਣ ਵਾਲੇ ਸਰਕਾਰੀ ਦਾਅਵੇ ਕਿੰਨੇ ਖੋਖਲੇ ਹਨ| ਜੋਕਰ ਸੂਬੇ ਦੇ ਡਿਪਟੀ ਮੁੱਖ ਮੰਤਰੀ (ਜਿਹਨਾਂ ਕੋਲ ਗ੍ਰਹਿ ਵਿਭਾਗ ਦੀ ਜਿੰਮੇਵਾਰੀ ਵੀ ਹੈ) ਦੇ ਖੁਦ ਦੇ ਕਾਫਲੇ ਤੇ ਇਸ ਤਰੀਕੇ ਨਾਲ ਹਮਲੇ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਤਾਂ ਫਿਰ ਆਮ ਲੋਕਾਂ ਦੀ ਜਾਨ ਮਾਲ ਦੀ ਸੁਰਖਿਆ ਦੀ ਤਾਂ ਗੱਲ ਹੀ ਬੇਮਾਨੀ ਹੋ ਜਾਂਦੀ ਹੈ| ਇਸ ਘਟਨਾ ਤੋਂ ਬਾਅਦ ਭਾਵੇਂ ਪੁਲੀਸ ਵਲੋਂ ਇਸ ਪਿੰਡ ਨੂੰ ਪੁਲੀਸ ਛਾਵਨੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਪਰੰਤੂ ਇਹ ਘਟਨਾ ਸਰਕਾਰ ਦੀ ਕਾਰਗੁਜਾਰੀ ਤੇ ਜਿਹੜੇ ਸਵਾਲ ਛੱਡ ਗਏ ਹਨ ਉਹਨਾਂ ਦਾ ਜਵਾਬ ਕਿਸੇ ਕੋਲ ਨਹੀਂ ਹੈ|
ਇਸ ਘਟਨਾਂ ਨੂੰ ਜੇਕਰ ਜਨਤਾ ਦੀ ਸਰਕਾਰ ਦੇ ਪ੍ਰਤੀ ਨਾਰਾਜਗੀ ਸਮਝ ਕੇ ਆਮ ਲੋਕਾਂ ਦੇ ਰੋਹ ਦਾ ਪ੍ਰਗਟਾਵਾ ਮੰਨ ਲਿਆ ਜਾਵੇ ਤਾਂ ਇਹ ਘਟਨਾ ਹੋਰ ਵੀ ਗੰਭੀਰ ਹੋ ਜਾਂਦੀ ਹੈ| ਜੇਕਰ ਸਰਕਾਰ ਚਲਾਉਣ ਵਾਲੀ ਪਾਰਟੀ ਦੇ ਮੁਖੀ ਨੂੰ ਇਸ ਤਰੀਕੇ ਨਾਲ ਜਨਤਾ ਦੇ ਰੋਹ ਦਾ ਸਾਮ੍ਹਣਾ ਕਰਨਾ ਪੈ ਜਾਵੇ ਕਿ ਲੋਕਾਂ ਵਲੋਂ ਕੀਤੇ ਗਏ ਪਥਰਾਓ ਨਾਲ ਅੱਧੀ ਦਰਜਨ ਲੋਕ ਜਖਮੀ ਹੋ ਜਾਣ ਤਾਂ ਸਥਿਤੀ ਦੀ ਗੰਭੀਰਤਾ ਦਾ ਅੰਦਾਜਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ|
ਉਂਝ ਵੀ ਚੋਣਾਂ ਅਤੇ ਹਿੰਸਾ ਦਾ ਆਪਸ ਵਿੱਚ ਡੂੰਘਾ ਸੰਬੰਧ ਹੈ| ਚੋਣ ਮੈਦਾਨ ਵਿੱਚ ਕਿਸਮਤ ਅਜਮਾਉਣ ਵਾਲੇ ਉਮੀਦਵਾਰਾਂ ਵਲੋਂ ਚੋਣਾਂ ਜਿੱਤਣ ਲਈ ‘ਸਾਮ ਦਾਮ ਦੰਡ ਅਤੇ ਭੇਦ’ ਦੇ ਸਾਰੇ ਤਰੀਕੇ ਅਜਮਾਏ ਜਾਂਦੇ ਹਨ ਅਤੇ ਖੁਦ ਨੂੰ ਜਿਤਾਉਣ ਦੀ ਕੋਸ਼ਿਸ਼ ਵਿੱਚ ਇਹਨਾਂ ਉਮੀਦਵਾਰਾਂ ਵਲੋਂ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਦਾ ਆਪਸ ਵਿੱਚ ਟਕਰਾਅ ਵੀ ਹੁੰਦਾ ਹੈ ਜਿਸ ਦੌਰਾਨ ਵੱਖ ਵੱਖ ਉਮੀਦਵਾਰਾਂ ਦੇ ਸਮਰਥਕਾਂ ਵਿੱਚ ਝਗੜੇ ਹੋਣੇ ਆਮ ਹੋ ਚੁੱਕੇ ਹਨ|
ਪੰਜਾਬ ਵਿੱਚ ਹਰ ਵਾਰ ਹੀ ਵਿਧਾਨਸਭਾ ਚੋਣਾਂ ਮੌਕੇ ਹਿੰਸਾ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ ਪਰੰਤੂ ਅਜਿਹਾ ਸ਼ਾਇਦ ਪਹਿਲੀ ਵਾਰ ਹੀ ਹੋਇਆ ਹੈ ਕਿ ਸੱਤਾਧਾਰੀ ਪਾਰਟੀ ਦੇ ਮੁਖੀ ਅਤੇ ਸੂਬੇ ਦੇ ਡਿਪਟੀ ਮੁੱਖ ਮੰਤਰੀ ਨੂੰ ਇਸ ਤਰੀਕੇ ਨਾਲ ਹਿੰਸਕ ਭੀੜ ਦਾ ਸਾਮ੍ਹਣਾ ਕਰਨਾ ਪਿਆ ਹੋਵੇ| ਚੋਣ ਅਮਲ ਦੌਰਾਨ ਵੱਖ ਵੱਖ ਉਮੀਦਵਾਰਾਂ ਦੇ ਸਮਰਥਕਾਂ ਵਿੱਚ ਆਪਸੀ ਝਗੜੇ ਹੋਣੇ ਤਾਂ ਆਮ ਹਨ ਅਤੇ ਇਸ ਦੌਰਾਨ ਕਈ ਵਾਰ ਇਹ ਝਗੜੇ ਇਹਨਾਂ ਸਮਰਥਕਾਂ ਦੀ ਮੌਤ ਦਾ ਕਾਰਨ ਵੀ ਬਣਦੇ ਹਨ ਪਰੰਤੂ ਇਸ ਤਰੀਕੇ ਨਾਲ                  ਜੇਕਰ ਹਜੂਮ ਦੀ ਸ਼ਕਲ ਵਿੱਚ ਸ਼ਰਾਰਤੀ ਸਿਆਸੀ ਆਗੂਆਂ ਦੇ ਕਾਫਲਿਆਂ ਤੇ ਪੱਥਰਬਾਜੀ ਕਰਨ ਲੱਗ ਜਾਣਗੇ ਤਾਂ ਫਿਰ ਸੂਬੇ ਦੀ ਕਾਨੂੰਨ ਵਿਵਸਥਾ ਦੀ ਹਾਲਤ ਦਾ ਤਾਂ ਰੱਬ ਹੀ ਮਾਲਕ ਹੈ|
ਚੋਣ ਕਮਿਸ਼ਨ ਦੀ ਜਿੰਮੇਵਾਰੀ ਹੈ ਕਿ ਉਹ ਕਿਸੇ ਨੂੰ ਵੀ               (ਭਾਵੇਂ ਉਹ ਕੋਈ ਵੀ ਰਾਜਨੀਤਿਕ ਰੁਤਬਾ ਕਿਉਂ ਨਾ ਰੱਖਦਾ             ਹੋਵੇ) ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਨ ਦੀ ਇਜਾਜਤ ਨਾ ਦੇਵੇ ਅਤੇ ਸੂਬੇ ਦੇ ਪ੍ਰਸ਼ਾਸ਼ਨਿਕ ਢਾਂਚੇ ਦੀ ਵਰਤੋਂ ਕਿਸੇ ਦੇ ਵੀ ਰਾਜਨੀਤਿਕ ਸੁਆਰਥ ਪੂਰੇ ਕਰਨ ਲਈ ਨਾ ਹੋਵੇ| ਚੋਣ ਕਮਿਸ਼ਨ ਦੀ ਇਹ ਜਿੰਮੇਵਾਰੀ ਹੈ ਕਿ ਉਹ ਸੂਬੇ ਵਿੱਚ ਸਾਫ ਸੁਥਰੀਆਂ ਅਤੇ ਪਾਰਦਰਸ਼ੀ ਚੋਣਾਂ ਦਾ ਅਮਲ ਮੁਕੰਮਲ ਕਰਵਾਉਣ ਲਈ ਹੁਣੇ ਤੋਂ ਹੀ ਇਸ ਗੱਲ ਦੇ ਅਗਾਉਂ ਪ੍ਰਬੰਧ ਕਰੇ ਅਤੇ ਚੋਣਾਂ ਦੌਰਾਨ ਹੋਣ ਵਾਲੀ  ਸੰਭਾਵੀ ਹਿੰਸਾ ਤੇ ਕਾਬੂ ਕਰਨ ਲਈ ਸਖਤ ਕਦਮ ਚੁੱਕੇ ਜਾਣ| ਚੋਣਾਂ ਦਾ ਅਮਲ ਸ਼ਾਂਤੀਪੂਰਨ ਤਰੀਕੇ ਨਾਲ ਸਿਰੇ ਚੜ੍ਹਾਉਣ ਲਈ ਚੋਣ ਕਮਿਸ਼ਨ ਨੂੰ ਲੋੜੀਂਦੇ ਸਖਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਸੂਬੇ ਦਾ ਮਾਹੌਲ ਖਰਾਬ ਹੋਣ ਤੋਂ ਬਚਾਇਆ ਜਾ ਸਕੇ|

 

Leave a Reply

Your email address will not be published. Required fields are marked *