ਚੋਣ ਹਿੰਸਾ ਤੇ ਕਾਬੂ ਕਰਨ ਲਈ ਸਖਤ ਕਦਮ ਚੁੱਕੇ ਜਾਣੇ ਜਰੂਰੀ

4 ਫਰਵਰੀ ਨੂੰ ਹੋਣ ਵਾਲੀ ਪੰਜਾਬ ਵਿਧਾਨਸਭਾ ਦੀ ਚੋਣ ਲਈ ਮੈਦਾਨ ਪੂਰੀ ਤਰ੍ਹਾਂ ਭਖ ਚੁਕਿਆ ਹੈ| ਇਸ ਦੌਰਾਨ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਜਿੱਥੇ ਆਪਣਾ ਚੋਣ ਪ੍ਰਚਾਰ ਸ਼ਿਖਰਾਂ ਤੇ ਪਹੁੰਚਾ ਦਿੱਤਾ ਗਿਆ ਹੈ ਉੱਥੇ ਇਹਨਾਂ ਤਮਾਮ ਉਮੀਦਵਾਰਾਂ ਦੇ ਸਮਰਥਕ ਵੀ ਆਪਣੇ ਆਗੂਆਂ ਦੇ ਹੱਕ ਵਿੱਚ ਚੋਣ ਮੈਦਾਨ ਵਿੱਚ ਪੂਰੀ ਤਰ੍ਹਾਂ ਡਟੇ ਹੋਏ ਹਨ| ਇਸ ਵਾਰ ਚੋਣਾਂ ਦੌਰਾਨ ਪੰਜਾਬ ਵਿੱਚ ਤਿਕੋਨੀ ਟੱਕਰ ਹੋਣ ਦੇ ਆਸਾਰ ਦਿਖ ਰਹੇ ਹਨ ਅਤੇ ਸੂਬੇ ਦੀ ਸੱਤਾ ਤੇ ਕਾਬਿਜ ਹੋਣ ਦੀਆਂ ਦਾਅਵੇਦਾਰ ਤਿੰਨੇ ਹੀ ਪਾਰਟੀਆਂ ਦੇ ਆਗੂਆਂ ਵਲੋਂ ਇੱਕ ਦੂਜੇ ਦੇ ਖਿਲਾਫ ਕੀਤੀ ਜਾਣ ਵਾਲੀ ਦੂਸ਼ਣਬਾਜੀ ਵੀ ਜੋਰ ਫੜ ਚੁੱਕੀ ਹੈ ਜਿਸ ਕਾਰਨ ਇਹਨਾਂ ਸਿਆਸੀ ਪਾਰਟੀਆਂ ਦੋ ਵਰਕਰਾਂ ਵਿਚਾਲੇ ਆਪਸੀ ਤਨਾਉ ਲਗਾਤਾਰ ਵੱਧ ਰਿਹਾ ਹੈ|
ਸੂਬੇ ਦੀ ਸੱਤਾ ਦੀਆਂ ਮੁੱਖ ਦਾਅਵੇਦਾਰ ਇਹਨਾਂ ਪਾਰਟੀਆਂ ਦੇ ਵਰਕਰਾਂ ਵਿੱਚ ਵੱਧਦਾ ਇਹ ਤਨਾਉ ਕਦੇ ਵੀ ਚੋਣ ਹਿੰਸਾ ਦਾ ਕਾਰਨ ਬਣ ਸਕਦਾ ਹੈ ਅਤੇ ਸਾਡਾ ਪੁਰਾਣਾ ਤਜਰਬਾ ਇਹ ਦੱਸਦਾ ਹੈ ਕਿ ਹਰ ਵਾਰ ਹੀ ਚੋਣਾਂ ਮੌਕੇ ਸਿਆਸੀ ਪਾਰਟੀਆਂ ਦੇ ਸਮਰਥਕਾਂ ਵਿੱਚ ਖੂਨੀ ਟਕਰਾਅ ਹੁੰਦਾ ਰਿਹਾ ਹੈ| ਇਸ ਵਾਰ ਵੀ ਇਸਦੀ ਸ਼ੁਰੂਆਤ ਹੋ ਚੁੱਕੀ ਹੈ| ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਿਚਾਲੇ ਤਾਂ ਟਕਰਾਅ ਪਹਿਲਾਂ ਵੀ ਹੁੰਦਾ ਹੀ ਰਿਹਾ ਹੈ ਅਤੇ ਹੁਣ ਇਸ ਟਕਰਾਅ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਵੀ ਸ਼ਾਮਿਲ ਹੋ ਗਏ ਹਨ ਅਤੇ ਪੰਜਾਬ ਚੋਣਾਂ ਵਿੱਚ ਹੋ ਰਹੇ ਤਿਕੋਨੇ ਮੁਕਾਬਲੇ ਵਾਂਗ ਇਹਨਾਂ ਪਾਰਟੀਆਂ ਦੇ ਸਮਰਥਕਾਂ ਵਿਚਾਲੇ ਵੀ ਤਿਕੋਨੇ ਟਕਰਾਅ ਦੀ ਨੌਬਤ ਬਣਦੀ ਦਿਖ ਰਹੀ ਹੈ| ਪਿਛਲੇ ਕੁੱਝ ਸਮੇਂ ਤੋਂ ਇਹਨਾਂ ਪਾਰਟੀਆਂ ਦੇ ਆਗੂਆਂ ਵਲੋਂ ਜਿਸ ਤਰੀਕੇ ਨਾਲ ਇੱਕ ਦੂਜੇ ਦੇ ਖਿਲਾਫ ਕੀਤੀ ਜਾਣ ਵਾਲੀ ਬਿਆਨਬਾਜੀ ਜੋਰ ਫੜਦੀ ਜਾ ਰਹੀ ਹੈ ਉਸ ਨਾਲ ਇਹਨਾ ਪਾਰਟੀਆਂ ਦੇ ਸਮਰਥਕਾਂ ਵਿਚਾਲੇ ਆਪਸੀ ਤਨਾਓ ਲਗਾਤਾਰ ਵੱਧ ਰਿਹਾ ਹੈ ਅਤੇ ਸੂਬੇ ਦੇ ਹਾਲਾਤ ਲਗਾਤਾਰ            ਸੰਵੇਦਨਸ਼ੀਲ ਹੁੰਦੇ ਜਾ ਰਹੇ ਹਨ|
ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਸੂਬੇ ਵਿੱਚ ਬਹੁਤ ਕੁਰਬਾਨੀਆਂ ਤੋਂ ਬਾਅਦ ਸ਼ਾਂਤੀ ਕਾਇਮ ਹੋ ਪਾਈ ਹੈ ਅਤੇ ਇਸ ਸ਼ਾਂਤੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਤੋਂ ਪੰਜਾਬੀਆਂ ਨੂੰ ਪੂਰੀ ਤਰ੍ਹਾਂ ਸਾਵਧਾਨ ਰਹਿਣਾ ਚਾਹੀਦਾ ਹੈ| ਵੱਖ ਵੱਖ ਸਿਆਸੀ ਪਾਰਟੀਆਂ ਦੇ ਵਰਕਰਾਂ ਨੂੰ ਵੀ ਚਾਹੀਦਾ ਹੈ ਕਿ ਚੋਣਾਂ ਦੀ ਇਸ ਲੜਾਈ ਨੂੰ ਉਹ ਨਿੱਜੀ ਲੜਾਈ ਵਿੱਚ ਨਾ ਤਬਦੀਲ ਹੋਣ ਦੇਣ| ਇਸਦੇ ਨਾਲ ਨਾਲ ਵੋਟਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਭੜਕਾਊ ਤਕਰੀਰਾਂ ਕਰਨ ਅਤੇ ਹਿੰਸਾ ਨੂੰ ਹੱਲਾਸ਼ੇਰੀ ਦੇਣ ਵਾਲੇ ਉਮੀਦਵਾਰਾਂ ਨੂੰ ਮੂੰਹ ਨਾ ਲਾਉਣ|
ਚੋਣਾਂ ਦੌਰਾਨ ਜਿੱਥੇ ਵੱਖ ਵੱਖ ਪਾਰਟੀਆਂ ਦੇ ਸਮਰਥਕਾਂ ਵਿਚਕਾਰ ਕਿਸੇ ਵੀ ਸੰਭਾਵੀ ਟਕਰਾਉ ਨੂੰ ਰੋਕਣ ਸਰਕਾਰ ਵਲੋਂ ਲੋੜੀਂਦੇ ਪ੍ਰਬੰਧ ਕੀਤੇ ਜਾਣੇ ਬਹੁਤ ਜਰੂਰੀ ਹਨ ਉੱਥੇ ਚੋਣ ਲੜਣ ਵਾਲੇ ਸਾਰੇ ਉਮੀਦਵਾਰਾਂ ਨੂੰ ਸਖਤ ਹਿਦਾਇਤਾਂ ਜਾਰੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਕਿ ਉਹ ਆਪਣੇ ਸਮਰਥਕਾਂ ਨੂੰ ਜਾਬਤੇ ਵਿੱਚ ਰੱਖਣ ਅਤੇ ਉਹਨਾਂ ਵਿਚਕਾਰ ਕਿਸੇ ਵੀ ਟਕਰਾਉ ਦੀ ਨੌਬਤ ਨਾ ਆਉਣ ਦੇਣ| ਇਸ ਸੰਬੰਧੀ ਚੋਣ ਕਮਿਸ਼ਨ ਅਤੇ ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਕਿਸੇ ਵੀ ਕਿਸਮ ਦੀ ਹਿੰਸਾ ਨੂੰ ਹੱਲਾਸ਼ੇਰੀ ਦੇਣ ਅਤੇ ਭੜਕਾਊ ਤਕਰੀਰਾਂ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ| ਚੋਣ ਕਮਿਸ਼ਨ ਦੀ ਇਹ ਵੀ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਏ ਕਿ ਪ੍ਰਸ਼ਾਸ਼ਨ ਵਲੋਂ ਚੋਣ ਜਾਬਤੇ ਨੂੰ ਲਾਗੂ ਕਰਵਾਉਣ ਵਾਲੀ ਕਾਰਵਾਈ ਪੂਰੀ ਤਰ੍ਹਾਂ ਨਿਰਪੱਖ ਰਹੇ ਅਤੇ ਸਰਕਾਰੀ ਮਸ਼ੀਨਰੀ ਦੇ ਕਿਸੇ ਵੀ ਤਰ੍ਹਾਂ ਦੇ ਗਲਤ ਇਸਤੇਮਾਰਲ ਦੀ ਸ਼ਿਕਾਇਤ ਨੂੰ ਬਹੁਤ ਗੰਭੀਰਤਾਂ ਨਾਲ ਨਿਪਟਿਆ ਜਾਣਾ ਚਾਹੀਦਾ ਹੈ| ਸਰਕਾਰ ਅਤੇ ਚੋਣ ਕਮਿਸ਼ਨ ਵੱਲੋਂ ਭਾਵੇਂ ਚੋਣਾਂ ਦਾ ਅਮਲ ਸ਼ਾਂਤੀਪੂਰਨ ਢੰਗ ਨਾਲ ਸਿਰੇ ਚੜ੍ਹਾਉਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਸੰਬੰਧੀ ਠੋਸ ਕਾਰਵਾਈ ਕੀਤੇ ਜਾਣ ਦੀ ਲੋੜ ਹੈ| ਚੋਣ ਹਿੰਸਾ ਤੇ ਕਾਬੂ ਰੱਖਣਾ ਚੋਣ ਕਮਿਸ਼ਨ ਅਤੇ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਇਸ ਸੰਬੰਧੀ ਸਰਕਾਰ ਨੂੰ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ|

Leave a Reply

Your email address will not be published. Required fields are marked *