ਚੋਣ ਹਿੰਸਾ ਤੇ ਕਾਬੂ ਕਰਨ ਲਈ ਹੁਣੇ ਤੋਂ ਹੀ ਪੁਖਤਾ ਪ੍ਰਬੰਧ ਕਰੇ ਚੋਣ ਕਮਿਸ਼ਨ

ਪੰਜਾਬ ਵਿੱਚ ਦੋ ਮਹੀਨੇ ਬਾਅਦ ਵਿਧਾਨਸਭਾ ਚੋਣਾਂ ਹੋਣੀਆਂ ਹਨ ਅਤੇ ਨੇੜੇ ਆ ਗਈਆਂ ਹਨ ਅਤੇ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਸੂਬੇ ਵਿੱਚ ਚੋਣ ਮਾਹੌਲ ਵੀ ਭਖਣਾ ਸ਼ੁਰੂ ਹੋ ਗਿਆ ਹੈ| ਚੋਣਾ ਦੇ ਇਸ ਸੰਵੇਦਨਸ਼ੀਲ ਮੌਸਮ ਵਿੱਚ ਸਭ ਤੋਂ ਵੱਡਾ ਖਤਰਾ ਵੱਖ ਵੱਖ ਪਾਰਟੀਆਂ ਦੇ ਕਾਰਕੁੰਨਾਂ ਵਿਚਕਾਰ ਹੋਣ ਵਾਲੀ ਚੋਣ ਹਿੰਸਾ ਦਾ ਹੀ ਹੁੰਦਾ ਹੈ ਅਤੇ ਜਿਵੇਂ ਜਿਵੇਂ ਚੋਣ ਸਰਗਰਮੀਆਂ ਵਿੱਚ ਵਾਧਾ ਹੁੰਦਾ ਹੈ ਵੱਖ ਵੱਖ ਪਾਰਟੀਆਂ ਨਾਲ ਸੰਬੰਧਿਤ ਵਰਕਰਾਂ ਦਾ ਇੱਕ ਦੂਜੇ ਨਾਲ ਸਿੱਧਾ ਟਕਰਾਅ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ|
ਚੋਣਾਂ ਅਤੇ ਹਿੰਸਾ ਦਾ ਆਪਸ ਵਿੱਚ ਡੂੰਘਾ ਸੰਬੰਧ ਹੈ| ਇਹ ਵੱਖਰੀ ਗੱਲ ਹੈ ਕਿ ਚੋਣ ਲੜਣ ਵਾਲਾ ਹਰੇਕ ਉਮੀਦਵਾਰ ਇਹ ਦਾਅਵਾ ਕਰਦਾ ਹੈ ਕਿ ਉਹ ਹਿੰਸਾ ਦੇ ਸਖਤ ਖਿਲਾਫ ਹੈ ਪਰੰਤੂ ਚੋਣ ਜਿੱਤਣ ਲਈ ਉਮੀਦਵਾਰਾਂ ਵਲੋਂ ‘ਸਾਮ ਦਾਮ ਦੰਡ ਭੇਦ’ ਦੇ ਸਾਰੇ ਤਰੀਕੇ ਅਜਮਾਏ ਜਾਂਦੇ ਹਨ| ਚੋਣ ਅਮਲ ਰਾਜਨੀਤਿਕ ਸੱਤਾ ਤੇ ਕਾਬਜ ਹੋਣ ਦੀ ਲੜਾਈ ਹੈ ਅਤੇ ਚੋਣ ਲੜਣ ਵਾਲੇ ਉਮੀਦਵਾਰ ਇਸ ਰਾਜਨੀਤਿਕ ਤਾਕਤ ਨੂੰ ਹਾਸਿਲ ਕਰਨ ਲਈ ਕਿਸੇ ਵੀ ਪੱਧਰ ਤਕ ਜਾਣ ਲਈ ਤਿਆਰ ਹੋ ਜਾਂਦੇ ਹਨ| ਆਪਣੇ ਆਪ ਨੂੰ ਜਿਤਾਉਣ ਦੀ ਕੋਸ਼ਿਸ਼ ਵਿੱਚ ਇਹਨਾਂ ਉਮੀਦਵਾਰਾਂ ਵਲੋਂ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਦਾ ਆਪਸ ਵਿੱਚ ਟਕਰਾਅ ਵੀ ਹੁੰਦਾ ਹੈ ਅਤੇ ਵੱਖ ਵੱਖ ਉਮੀਦਵਾਰਾਂ ਦੇ ਸਮਰਥਕਾਂ ਵਿੱਚ ਝਗੜੇ ਹੋਣੇ ਆਮ ਹੋ ਚੁੱਕੇ ਹਨ ਇਸ ਲਈ ਚੋਣ ਹਿੰਸਾ ਤੇ ਕਾਬੂ ਕਰਨ ਲਈ ਚੋਣ ਕਮਿਸ਼ਨ ਵਲੋਂ ਹੁਣੇ ਤੋਂ ਹੀ ਪੁਖਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ|
ਵੋਟਰ ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਮੌਕੇ ਵਾਪਰੀਆਂ ਹਿੰਸਾ ਦੀਆਂ ਘਟਨਾਵਾਂ ਨੂੰ ਭੁੱਲੇ ਨਹੀਂ ਹਨ| ਉਸ  ਵੇਲੇ ਵੀ            ਭਾਵੇਂ ਚੋਣ ਕਮਿਸ਼ਨ ਵਲੋਂ ਚੋਣਾਂ ਦਾ ਅਮਲ ਸਾਫ ਸੁਥਰੇ ਢੰਗ ਨਾਲ ਮੁਕੰਮਲ ਕਰਨ ਸੰਬੰਧੀ ਲੰਬੇ ਚੌੜੇ ਦਾਅਵੇ ਕੀਤੇ ਗਏ ਸਨ ਪਰੰਤੂ ਹਿੰਸਾ ਦੀਆਂ ਬਹੁਤ ਘਟਨਾਵਾਂ ਵਾਪਰੀਆਂ ਸਨ| ਇਸ ਲਈ ਆਉਣ ਵਾਲੀ ਵਿਧਾਨਸਭਾ ਚੋਣਾਂ ਦੌਰਾਨ ਕਿਸੇ ਵੀ ਕਿਸਮ ਦੀ ਸੰਭਾਵੀ ਹਿੰਸਾ ਨੂੰ ਰੋਕਣ ਲਈ ਚੋਣ ਕਮਿਸ਼ਨ ਅਤੇ ਸਰਕਾਰ ਨੂੰ ਅਗਾਉਂ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਚੋਣ ਅਮਲ ਦੌਰਾਨ ਵੱਖ ਵੱਖ ਉਮੀਦਵਾਰਾਂ ਦੇ ਸਮਰਥਕਾਂ ਵਿੱਚ ਆਪਸੀ ਝਗੜੇ ਦੀ ਨੌਬਤ ਨਾ ਆਵੇ|
ਇਸ ਲਈ ਜਰੂਰੀ ਹੈ ਕਿ ਹਿੰਸਾ ਨੂੰ ਹੱਲਾਸ਼ੇਰੀ  ਦੇਣ ਅਤੇ ਭੜਕਾਊ ਤਕਰੀਰਾਂ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੇ ਪ੍ਰਬੰਧ ਕੀਤੇ ਜਾਣ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਪ੍ਰਸ਼ਾਸ਼ਨ ਵਲੋਂ ਇਹਨਾਂ ਚੋਣਾਂ ਦੌਰਾਨ ਨਿਭਾਈ ਜਾਣ ਵਾਲੀ ਭੂਮਿਕਾ ਪੱਖਪਾਤ ਰਹਿਤ ਹੋਵੇ| ਸਰਕਾਰ ਦੀ ਜਿੰਮੇਵਾਰੀ ਹੈ ਕਿ ਉਹ ਕਿਸੇ ਨੂੰ ਵੀ (ਭਾਵੇਂ ਉਹ ਕੋਈ ਵੀ ਰਾਜਨੀਤਿਕ ਰੁਤਬਾ ਕਿਉਂ ਨਾ ਰੱਖਦਾ ਹੋਵੇ) ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਨ ਦੀ ਇਜਾਜਤ ਨਾ ਦੇਵੇ ਅਤੇ ਸੂਬੇ ਦੇ ਪ੍ਰਸ਼ਾਸ਼ਨਿਕ ਢਾਂਚੇ ਦੀ ਵਰਤੋਂ ਕਿਸੇ ਦੇ ਵੀ ਰਾਜਨੀਤਿਕ ਸੁਆਰਥ ਪੂਰੇ ਕਰਨ ਲਈ ਨਾ ਹੋਵੇ|
ਇਸ ਸੰਬੰਧੀ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਵਲੋਂ ਪਹਿਲਾਂ ਹੀ ਪੰਜਾਬ ਦੀ ਅਕਾਲੀ ਭਾਜਪਾ ਗਠਜੋੜ ਉੱਪਰ ਸਰਕਾਰ ਉੱਪਰ ਕਾਂਗਰਸੀਆਂ ਨਾਲ ਧੱਕੇਸ਼ਾਹੀ ਕਰਨ ਦੇ ਇਲਜਾਮ ਲਗਾਏ ਜਾ ਰਹੇ ਹਨ ਅਤੇ ਜੋਰ ਸ਼ੋਰ ਨਾਲ ਇਹ ਗੱਲ ਵੀ ਪ੍ਰਚਾਰਿਤ ਕੀਤੀ ਜਾ ਰਹੀ ਹੈ ਕਿ ਕਾਂਗਰਸੀ ਅਕਾਲੀਆਂ ਦੀ ਹਰ ਕਾਰਵਾਈ ਦਾ  ਜਵਾਬ ਦੇਣ ਦੇ ਸਮਰਥ ਹਨ| ਇਸ ਸੰਬੰਧੀ ਕਾਂਗਰਸ ਪਾਰਟੀ ਦੀਆਂ ਰੈਲੀਆਂ ਵਿੱਚ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਅਕਾਲੀਆਂ  ਨੂੰ ਚਿਤਾਵਨੀ ਦਿੰਦਆਂ ਆਪਣੇ ਵਰਕਰਾਂ ਨੂੰ ਹਰ ਤਰੀਕੇ ਨਾਲ ਤਿਆਰ ਰਹਿਣ ਲਈ ਪ੍ਰੇਰਿਆ ਜਾ ਰਿਹਾ ਹੈ ਜਿਸ ਨਾਲ ਇਹਨਾਂ ਦੋਵਾਂ ਪਾਰਟੀਆਂ (ਜਿਹਨਾਂ ਵਿੱਚ ਅਗਲੀਆਂ ਚੋਣਾਂ ਦੌਰਾਨ ਸਿੱਧਾ ਮੁਕਾਬਲਾ ਹੋਣਾ ਹੈ) ਦੇ ਵਰਕਰਾਂ ਵਿਚਕਾਰ ਆਪਸੀ ਟਕਰਾਅ ਦਾ ਖਤਰਾ ਵੀ ਵੱਧਦਾ ਦਿਖ ਰਿਹਾ ਹੈ|
ਚੋਣ ਅਮਲ ਨੂੰ ਸਾਫ ਸੁਥਰੇ ਅਤੇ ਸ਼ਾਂਤਮਈ ਢੰਗ ਨਾਲ ਮੁੰਕਮਲ ਕਰਨਾ ਚੋਣ ਕਮਿਸ਼ਨ ਦੀ ਜਿੰਮੇਵਾਰੀ ਹੈ ਅਤੇ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਉਹ ਸੂਬੇ ਵਿੱਚ ਸਾਫ ਸੁਥਰੀਆਂ ਅਤੇ ਪਾਰਦਰਸ਼ੀ ਚੋਣਾਂ ਦਾ ਅਮਲ ਮੁਕੰਮਲ ਕਰਵਾਉਣ ਲਈ ਹੁਣੇ ਤੋਂ ਹੀ ਇਸ ਗੱਲ ਦੇ ਅਗਾਉਂ ਪ੍ਰਬੰਧ ਕਰੇ ਅਤੇ ਚੋਣਾਂ ਦੌਰਾਨ ਹੋਣ ਵਾਲੀ  ਸੰਭਾਵੀ ਹਿੰਸਾ ਤੇ ਕਾਬੂ ਕਰਨ ਲਈ ਸਖਤ ਕਦਮ ਚੁੱਕੇ ਜਾਣ| ਚੋਣਾਂ ਦਾ ਅਮਲ ਸ਼ਾਂਤੀਪੂਰਨ ਤਰੀਕੇ ਨਾਲ ਸਿਰੇ ਚੜ੍ਹਾਉਣ ਲਈ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਲੋੜੀਂਦੇ ਸਖਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਸੂਬੇ ਦਾ ਮਾਹੌਲ ਖਰਾਬ ਹੋਣ ਤੋਂ ਬਚਾਇਆ ਜਾ ਸਕੇ|

 

Leave a Reply

Your email address will not be published. Required fields are marked *