ਚੌਥਾ ਦਰਜ਼ਾ ਕਰਮਚਾਰੀਆਂ ਵਲੋਂ ਕਾਲੇ ਚੋਲੇ ਪਾ ਕੇ ਮੋਤੀ ਮਹਿਲ ਵੱਲ ਰੋਸ ਮਾਰਚ


ਪਟਿਆਲਾ, 13 ਅਕਤੂਬਰ (ਬਿੰਦੂ ਸ਼ਰਮਾ ) ਪਟਿਆਲਾ ਦੇ ਬੱਸ ਸਟੈਂਡ ਨੇੜੇ ਫਲਾਈਓਵਰ ਦੇ ਹੇਠਾਂ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਦੇ ਚੌਥਾ ਦਰਜ਼ਾ ਕਰਮਚਾਰੀਆਂ (ਪੀ.ਆਰ. ਚੌਕੀਦਾਰਾਂ) ਅਤੇ ਆਊਟ ਸੋਰਸ ਸਕਿਓਰਟੀ ਗਾਰਡਾਂ ਦੇ 101 ਮੈਂਬਰੀ ਵਫਦ ਵੱਲੋਂ ਕਾਲੇ ਚੋਲੇ ਅਤੇ ਕਾਲੇ ਮਾਸਕ ਪਹਿਨਕੇ ਪੰਜਾਬ ਦੇ ਵਿੱਤ ਅਤੇ ਖੁਰਾਕ ਸਪਲਾਈ ਵਿਭਾਗ ਖਿਲਾਫ ਰੈਲੀ ਕੀਤੀ ਗਈ| ਰੈਲੀ ਉਪਰੰਤ ਯੂਨੀਅਨ ਦੇ 101 ਮੈਂਬਰੀ ਨੁਮਾਇੰਦਾ ਵਫਦ ਵੱਲੋਂ ਕਾਲੇ ਚੋਲੇ ਅਤੇ ਕਾਲੇ ਮਾਸਕ  ਪਾ ਕੇ ਵੱਡੀ ਗਿਣਤੀ  ਚੌਥਾ ਦਰਜਾ ਅਤੇ ਠੇਕਾ ਮੁਲਾਜ਼ਮਾਂ ਨਾਲ ਮੋਤੀ ਮਹਿਲ ਵੱਲ ਰੋਸ ਮਾਰਚ ਕੀਤਾ ਪਰ ਪੁਲੀਸ ਵੱਲੋਂ ਉਹਨਾਂ ਨੂੰ ਬੈਰੀਕੇਡ ਲਾ ਕੇ ਫੁਆਰਾ ਚੌਕ ਵਿਚ  ਰੋਕ ਲਿਆ ਗਿਆ|
ਇਸ ਮੌਕੇ  ਪੰਜਾਬ ਸਰਕਾਰ ਵੱਲੋਂ ਸ੍ਰੀ ਇੰਦਰ ਕੁਮਾਰ ਤਹਿਸੀਲਦਾਰ ਵੱਲੋਂ ਯੂਨੀਅਨ ਆਗੂਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਗਿਆ| ਇਸਦੇ ਨਾਲ ਹੀ ਯੂਨੀਅਨ ਆਗੂਆਂ  ਵਲੋਂ ਤਹਿਸੀਲਦਾਰ ਰਾਹੀਂ ਪੰਜਾਬ ਸਰਕਾਰ  ਲਈ ਧਕੇਸ਼ਾਹੀ ਸਨਮਾਨ ਵੀ ਭੇਜਿਆ ਗਿਆ|   
ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ  ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਜਨਰਲ ਸਕੱਤਰ ਬਲਜਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਮੁਲਾਜ਼ਮਾਂ ਨਾਲ ਕੀਤੇ ਵਾਅਦੇ 6ਵਾਂ ਪੇਅ ਕਮਿਸ਼ਨ ਦੇਣ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਕਾਇਆ ਦੇਣ ਤੋਂ ਮੁੱਕਰ ਗਈ ਹੈ| ਉਹਨਾਂ ਕਿਹਾ ਕਿ ਮਾਨਯੋਗ ਉੱਚ ਅਦਾਲਤ ਦੇ ਹੁਕਮਾਂ ਅਨੁਸਾਰ ਰੈਗੂਲਰ ਕੀਤੇ ਪੀ.ਆਰ.ਚੌਕੀਦਾਰਾਂ ਨੂੰ ਜੀ.ਪੀ.ਐਫ.ਨੰਬਰ ਜਾਰੀ ਨਹੀਂ ਕੀਤੇ ਜਾ ਰਹੇ, ਉਲਟਾ ਅਸਾਮੀਆਂ ਦੀ ਅਣਹੋਂਦ ਬਹਾਨੇ ਦੂਰ ਦੁਰਾਡੇ ਜ਼ਿਲਿਆਂ ਵਿੱਚ  ਬਦਲ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ| ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤਾ ਮੁਲਾਜ਼ਮ ਵੈਲਵੇਅਰ ਐਕਟ -2016 ਅਜੇ ਤਕ ਲਾਗੂ ਨਹੀਂ ਕੀਤਾ| 
ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਾਰਚ 2019 ਤੋਂ ਸੇਵਾ ਮੁੱਕਤ ਪੀ.ਆਰ.ਚੌਕੀਦਾਰਾਂ ‘ ਆਰਜ਼ੀ’ ਨੂੰ ਪੈਨਸ਼ਨਰੀ ਲਾਭ ਬੰਦ ਕਰਕੇ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਅੱਖੋਂ ਪਰੋਖੇ ਕਰ ਦਿੱਤਾ ਹੈ, ਮ੍ਰਿਤਕ ਕਰਮਚਾਰੀਆਂ ਦੇ ਵਾਰਸ ਤਰਸ ਅਧਾਰਿਤ ਨੌਕਰੀ ਲਈ ਤਰਸ ਰਹੇ ਹਨ, ਰਹਿੰਦੀ ਕਸਰ ਮੈਨੇਜਿੰਗ ਡਾਇਰੈਕਟਰ ਪਨਗ੍ਰੇਨ ਵੱਲੋਂ ਕਣਕ ਭੰਡਾਰਾਂ ਲਈ ਸਕਿਓਰਟੀ ਨਾਰਮਜ਼ ਵਿੱਚ ਕਟੌਤੀ ਕਰਕੇ ਕੱਢ ਦਿੱਤੀ ਹੈ, ਜਿਸ ਨਾਲ ਕਣਕ ਭੰਡਾਰ ਅਸੁਰੱਖਿਅਤ ਹੋ ਗਏ ਹਨ ਅਤੇ ਗੈਂਗ ਚੋਰਾਂ ਤੋਂ ਕਰਮਚਾਰੀਆਂ ਦੇ ਜਾਨੀ ਨੁਕਸਾਨ ਦਾ ਖਤਰਾ ਵੀ ਵਧ ਗਿਆ ਹੈ| ਉਹਨਾਂ ਕਿਹਾ ਕਿ ਮੁਲਾਜ਼ਮਾਂ ਨਾਲ ਵਾਹਦਾ ਖਿਲਾਫੀ ਕੈਪਟਨ ਸਰਕਾਰ ਨੂੰ ਮਹਿੰਗੀ ਪਵੇਗੀ,ਜੇਕਰ ਗੱਲਬਾਤ ਰਾਹੀਂ ਜਲਦੀ ਮੰਗਾਂ ਦਾ ਨਿਪਟਾਰਾ ਨਾਂ ਕੀਤਾ ਤਾਂ ਫੂਡ ਗ੍ਰੇਨ ਏਜੰਸੀਆਂ ਅਤੇ ਸਮੂਹ ਵਿਭਾਗਾਂ ਦੇ ਚੌਥਾ ਦਰਜਾ,          ਠੇਕਾ,ਆਊਟ ਸੋਰਸ ਕਰਮਚਾਰੀਆਂ ਵੱਲੋਂ ਕਾਂਗਰਸੀ ਵਿਧਾਇਕਾਂ ਦੇ ਘਰਾਂ ਵੱਲ ਕਾਲੇ ਝੰਡਿਆਂ ਨਾਲ ਰੋਸ ਮਾਰਚ ਕੀਤੇ ਜਾਣਗੇ| 
ਇਸ ਮੌਕੇ  ਮਨਜੀਤ ਸਿੰਘ ਪੰਜੂ ,ਹਰਭਗਵਾਨ ਸ੍ਰੀ ਮੁਕਤਸਰ ਸਾਹਿਬ, ਕਾ. ਉੱਤਮ ਸਿੰਘ ਬਾਗੜੀ, ਜਗਮੋਹਣ ਨੌਂਲੱਖਾ, ਪ੍ਰਵੀਨ ਕੁਮਾਰ ਫਿਰੋਜ਼ਪੁਰ, ਸੌਦਾਨ ਸਿੰਘ ਯਾਦਵ, ਮੇਲਾ ਸਿੰਘ ਪੁੰਨਾਂਵਾਲ, ਸੋਹਣ ਲਾਲ ਪੰਛੀ, ਗੁਰਮੀਤ ਸਿੰਘ ਮਿੱਡਾ, ਸੰਦੀਪ ਸਿੰਘ ਸੰਗਰੂਰ, ਮੁਨਸ਼ੀ ਰਾਮ ਪਤੰਗਾ, ਹੰਸ ਰਾਜ ਦੀਦਾਰਗੜੁ, ਜਸਵਿੰਦਰ ਸਿੰਘ ਫਤਿਹਗੜ੍ਹ ਸਾਹਿਬ, ਬੰਸੀ ਲਾਲ, ਜਗਤਾਰ ਲਾਲ ਪਟਿਆਲਾ, ਸਮਸ਼ੇਰ ਉਪੋਕੀ, ਮਹਿੰਗਾ ਸਿੰਘ, ਬਲਤੇਜ ਸਿੰਘ ਅਮਲੋਹ, ਕੁਲਵੰਤ ਭੱਟੀ ਮੋਗਾ ਨੇ ਸੰਬੋਧਨ ਕੀਤਾ| 

Leave a Reply

Your email address will not be published. Required fields are marked *