ਚੌਥੀ ਉਦਯੋਗਿਕ ਕ੍ਰਾਂਤੀ : ਆਪਸੀ ਸਹਿਯੋਗ ਤੇ ਆਧਾਰਿਤ

ਇਕਤਰਫਾ ਟ੍ਰੇਡ- ਵਾਰ ਦੇ ਮਾਹੌਲ ਵਿੱਚ ਬ੍ਰਿਕਸ ਦੇਸ਼ਾਂ ਨੇ ਇਹ ਗੱਲ ਮਜ਼ਬੂਤੀ ਨਾਲ ਦੁਹਰਾਈ ਹੈ ਕਿ ਏਕਾਧਿਕਾਰ ਅਤੇ ਸੁਰੱਖਿਆਵਾਦੀ ਪ੍ਰਵ੍ਰਿਤੀ ਵਾਲਾ ਪੁਰਾਣਾ ਦੌਰ ਹੁਣ ਵਾਪਸ ਨਹੀਂ ਪਰਤਣ ਵਾਲਾ| ਦੁਨੀਆ ਦਾ ਕੰਮ-ਕਾਜ ਆਪਸੀ ਸਹਿਯੋਗ, ਸਮਝਦਾਰੀ ਨਾਲ ਹੀ ਚੱਲੇਗਾ| ਸਮੂਹਿਕਤਾ ਦੇ ਆਧਾਰ ਤੇ ਜੋ ਵੀ ਫ਼ੈਸਲਾ ਲਿਆ ਜਾਵੇਗਾ, ਸਾਰਿਆ ਨੂੰ ਮੰਨਣਾ ਹੋਵੇਗਾ| ਦੱਖਣ ਅਫਰੀਕਾ ਦੇ ਜੋਹਾਨਿਸਬਰਗ ਵਿੱਚ ਹੋਏ ਦਸਵੇਂ ਬ੍ਰਿਕਸ ਸਿਖਰ ਸੰਮੇਲਨ ਵਿੱਚ ਅਰਥਤੰਤਰ, ਵਪਾਰ, ਵਿੱਤ, ਰਾਜਨੀਤਿਕ ਸੁਰੱਖਿਆ ਅਤੇ ਮਾਨਵਿਕੀ ਦੇ ਆਦਾਨ-ਪ੍ਰਦਾਨ ਵਰਗੇ ਖੇਤਰਾਂ ਵਿੱਚ ਵਿਆਪਕ ਸਹਿਯੋਗ ਕਰਨ ਦਾ ਫੈਸਲਾ ਕੀਤਾ ਗਿਆ| ਬ੍ਰਿਕਸ ਦੇਸ਼ਾਂ ਵਿੱਚ ਇਸ ਗੱਲ ਤੇ ਸਹਿਮਤੀ ਬਣੀ ਕਿ ਸੰਯੁਕਤ ਰਾਸ਼ਟਰ , ਜੀ – 20 ਗਰੁਪ, ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਆਦਿ ਦੇ ਢਾਂਚੇ ਵਿੱਚ ਸਥਾਪਤ ਨਿਯਮਾਂ ਦੇ ਆਧਾਰ ਤੇ ਬਹੁਪੱਖੀ ਵਪਾਰ ਵਿਵਸਥਾ ਦੀ ਮਜ਼ਬੂਤੀ ਨਾਲ ਰੱਖਿਆ ਕੀਤੀ ਜਾਣੀ ਚਾਹੀਦੀ ਹੈ|
ਸੰਮੇਲਨ ਵਿੱਚ ਚੌਥੀ ਉਦਯੋਗਿਕ ਕ੍ਰਾਂਤੀ ਦੀ ਅਵਧਾਰਣਾ ਖੂਬ ਚਰਚਾ ਵਿੱਚ ਰਹੀ ਅਤੇ ਕਿਹਾ ਗਿਆ ਕਿ ਅਜੇ ਸੰਸਾਰ ਨੂੰ ਇਸ ਕ੍ਰਾਂਤੀ ਦੇ ਸਮਾਨ ਢਲਨਾ ਪਵੇਗਾ| ਇਸ ਮੌਕੇ ਜਾਰੀ ਘੋਸ਼ਣਾ ਪਤਰ ਵਿੱਚ ਲੋਕਤੰਤਰ ਅਤੇ ਬਹੁਪੱਖੀ ਸਹਿਯੋਗ ਦੀ ਵਕਾਲਤ ਕੀਤੀ ਗਈ ਅਤੇ ਮੈਂਬਰ ਦੇਸ਼ਾਂ ਦੇ ਵਿੱਚ ਵਪਾਰ ਨੂੰ ਵੱਧ ਤੋਂ ਵੱਧ ਵਧਾਉਣ ਉਤੇ ਜ਼ੋਰ ਦਿੱਤਾ ਗਿਆ| 2030 ਤੱਕ ਭੁੱਖਮਰੀ ਦੇ ਹਲਾਤਾਂ ਨੂੰ ਪੂਰੀ ਤਰ੍ਹਾਂ ਦੂਰ ਕਰਨ ਦੇ ਟੀਚੇ ਦੇ ਪ੍ਰਤੀ ਵਚਨਬੱਧਤਾ ਦੁਹਰਾਈ ਗਈ| ਇਹ ਵੀ ਕਿਹਾ ਗਿਆ ਕਿ ਬ੍ਰਿਕਸ ਦੇਸ਼ ਆਪਸ ਵਿੱਚ ਅਤੇ ਦੂਜੇ ਦੇਸ਼ਾਂ ਦੇ ਨਾਲ ਸਹਿਯੋਗ ਕਰਕੇ ਪੈਰਿਸ ਸੰਧੀ ਦੇ ਟੀਚਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਣਗੇ| ਵਿਕਸਿਤ ਦੇਸ਼ਾਂ ਵਲੋਂ ਕਿਹਾ ਗਿਆ ਕਿ ਉਨ੍ਹਾਂ ਨੂੰ ਤਕਨੀਕੀ ਅਤੇ ਵਿੱਤੀ ਸਹਾਇਤਾ ਉਪਲੱਬਧ ਕਰਵਾਉਣੀ ਚਾਹੀਦੀ ਹੈ, ਤਾਂ ਕਿ ਵਿਕਾਸਸ਼ੀਲ ਦੇਸ਼ ਆਪਣੇ ਇੱਥੇ ਪੈਰਿਸ ਸੰਧੀ ਵਰਗੀ ਬਦਲਵੀਂ ਤਕਨੀਕੀ ਦੀ ਵਿਵਸਥਾ ਕਰ ਸਕਣ|
ਘੋਸ਼ਣਾਪਤਰ ਵਿੱਚ ਬ੍ਰਿਕਸ ਦੇਸ਼ਾਂ ਦੇ ਵਿਚਾਲੇ ਊਰਜਾ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਤੇ ਜ਼ੋਰ ਦਿੱਤਾ ਗਿਆ ਹੈ, ਤਾਂ ਕਿ ਉਹ ਵੀ ਵਾਤਾਵਰਣ ਦੇ ਅਨੁਕੂਲ ਐਨਰਜੀ ਸਿਸਟਮ ਵਿਕਸਿਤ ਕਰ ਸਕਣ ਅਤੇ ਸਵੱਛ ਪਰਿਵੇਸ਼ ਵਿੱਚ ਸੰਤੁਲਨ ਕਾਇਮ ਕਰ ਸਕਣ| ਇਸਦੇ ਲਈ ਬ੍ਰਿਕਸ ਐਨਰਜੀ ਰਿਸਰਚ ਕੋਆਪਰੇਸ਼ਨ ਪਲੇਟਫਾਰਮ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ| ਬ੍ਰਿਕਸ ਐਗਰੀਕਲਚਰ ਰਿਸਰਚ ਪਲੇਟਫਾਰਮ ਬਣਾਉਣ ਦੇ ਭਾਰਤੀ ਪ੍ਰਸਤਾਵ ਨੂੰ ਸਾਰੇ ਦੇਸ਼ਾਂ ਨੇ ਸਮਰਥਨ ਦਿੱਤਾ| ਅੱਤਵਾਦ ਨਾਲ ਨਿਪਟਨ ਲਈ ਇੱਕ ਵਿਆਪਕ ਯੋਜਨਾ ਦਾ ਖਾਕਾ ਰੱਖਿਆ ਗਿਆ ਹੈ, ਜਿਸ ਵਿੱਚ ਕੱਟਰਪੰਥ ਨਾਲ ਨਿਪਟਨ, ਅੱਤਵਾਦੀਆਂ ਦੇ ਵਿੱਤਪੋਸ਼ਣ ਮਾਧਿਅਮਾਂ ਨੂੰ ਰੋਕਣ, ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਅਤੇ ਅੱਤਵਾਦੀ ਸੰਗਠਨਾਂ ਵੱਲੋਂ ਇੰਟਰਨੈਟ ਦੀ ਦੁਰਵਰਤੋਂ ਨੂੰ ਰੋਕਣ ਦੀ ਗੱਲ ਕਹੀ ਗਈ ਹੈ|
ਇਸ ਮੌਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਚੌਥੀ ਉਦਯੋਗਿਕ ਕ੍ਰਾਂਤੀ ਲਈ ਬ੍ਰਿਕਸ ਦੇਸ਼ਾਂ ਨੂੰ ਆਪਸ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ| ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਵਿਕਸਿਤ ਹੋ ਰਹੇ ਡਿਜੀਟਲ ਤੌਰ – ਤਰੀਕੇ ਸਾਡੇ ਲਈ ਮੌਕੇ ਵੀ ਹਨ ਅਤੇ ਚੁਣੌਤੀ ਵੀ| ਸਾਨੂੰ ਯਕੀਨੀ ਕਰਨਾ ਹੈ ਕਿ ਤਕਨੀਕੀ ਵਿੱਚ ਬਦਲਾਵ ਦੀ ਰਫ਼ਤਾਰ ਨੂੰ ਸਾਡੇ ਕੋਰਸਾਂ ਵਿੱਚ ਜਗ੍ਹਾ ਮਿਲੇ| ਦੱਖਣ ਅਫਰੀਕਾ ਦੇ ਰਾਸ਼ਟਰਪਤੀ ਰਾਮਾਫੋਸਾ ਨੇ ਵੀ ਕਿਹਾ ਕਿ ਬ੍ਰਿਕਸ ਦੇਸ਼ਾਂ ਨੂੰ ਚੌਥੀ ਉਦਯੋਗਿਕ ਕ੍ਰਾਂਤੀ ਤੋਂ ਮਿਲੇ ਮੌਕਿਆਂ ਦਾ ਲਾਭ ਚੁੱਕਦੇ ਹੋਏ ਇਸ ਵਿੱਚ ਸਕਾਰਾਤਮਕ ਭੂਮਿਕਾ ਨਿਭਾਉਣੀ ਚਾਹੀਦੀ ਹੈ| ਜਾਹਿਰ ਹੈ, ਇਸ ਸਿਖਰ ਸੰਮੇਲਨ ਨਾਲ ਇਹ ਉਮੀਦ ਵਧੀ ਹੈ ਕਿ ਦੁਨੀਆ ਬਾਰੇ ਤਮਾਮ ਫੈਸਲੇ ਤਾਕਤ ਨਾਲ ਨਹੀਂ, ਬਲਕਿ ਆਪਸੀ ਸਹਿਯੋਗ ਅਤੇ ਮਨੁੱਖੀ ਮੁੱਲਾਂ ਦੀ ਰੌਸ਼ਨੀ ਵਿੱਚ ਕੀਤੇ ਜਾਣਗੇ|
ਕਪਿਲ ਮਹਿਤਾ

Leave a Reply

Your email address will not be published. Required fields are marked *