ਚੰਕ ਸਾਈਟਾਂ ਦੀ ਵਿਕਰੀ ਖੁਦ ਕਰੇ ਗਮਾਡਾ : ਸ਼ਲਿੰਦਰ ਆਨੰਦ

ਐਸ ਏ ਐਸ ਨਗਰ, 8 ਜਨਵਰੀ (ਸ.ਬ.) ਐਮ ਪੀ ਸੀ ਏ ਦੇ ਸਾਬਕਾ ਪ੍ਰਧਾਨ ਸ੍ਰੀ ਸ਼ਲਿੰਦਰ ਆਨੰਦ ਨੇ ਪੰਜਾਬ ਸਰਕਾਰ ਅਤੇ ਗਮਾਡਾ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵਲੋਂ ਗਮਾਡਾ ਰਾਹੀਂ ਵੇਚੀਆਂ ਜਾ ਰਹੀਆਂ ਚੰਕ ਸਾਈਟਾਂ (ਜਿੱਥੇ ਬਾਅਦ ਵਿੱਚ ਬਿਲਡਰਾਂ ਵਲੋਂ ਸ਼ੋਰੂਮ ਅਤੇ ਬੂਥ ਕੱਟ ਕੇ ਵੇਚੇ ਜਾਣੇ ਹਨ) ਦੀ ਵਿਕਰੀ ਬਿਲਡਰਾਂ ਨੂੰ ਕਰਨ ਦੀ ਥਾਂ ਸਿੱਧੀ ਖਪਤਕਾਰਾਂ ਨੂੰ ਕਰਨੀ ਚਾਹੀਦੀ ਹੈ| ਇਸਦੇ ਨਾਲ ਹੀ ਉਹਨਾਂ ਮੰਗ ਕੀਤੀ ਹੈ ਕਿ ਇਹਨਾਂ ਸਾਈਟਾ ਨੂੰ ਖਰੀਦਣ ਵਾਲੇ ਬਿਲਡਰਾਂ ਨੂੰ ਗਮਾਡਾ ਵਲੋਂ ਜਿਹੜੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ ਉਹ ਰਿਆਇਤਾਂ ਸ਼ਹਿਰ ਵਿੱਚ ਪਹਿਲਾਂ ਵਪਾਰਕ ਜਾਇਦਾਦ ਖਰੀਦਣ ਵਾਲੇ ਖਪਤਕਾਰਾਂ ਨੂੰ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ|
ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਸ਼ਲਿੰਦਰ ਆਨੰਦ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਣ ਚੰਕ ਸਾਈਟਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ ਅਤੇ ਇਸ ਨਿਲਾਮੀ ਦੌਰਾਨ ਸਾਈਟ ਦੀ ਕੁਲ ਕੀਮਤ ਦਾ 15 ਫੀਸਦੀ ਪਹਿਲਾਂ ਦੇਣਾ ਪੈਣਾ ਹੈ ਅਤੇ ਬਾਕੀ ਰਕਮ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ| ਉਨਾਂ ਕਿਹਾ ਕਿ ਗਮਾਡਾ ਵਲੋਂ ਕਿਹਾ ਗਿਆ ਹੈ ਕਿ ਪਹਿਲੇ ਦੋ ਸਾਲ ਕੋਈ ਕਿਸ਼ਤ ਨਹੀਂ ਦੇਣੀ ਪੈਣੀ ਪਰ ਵਿਆਜ ਜਰੂਰ ਦੇਣਾ ਪੈਣਾ ਹੈ| ਤੀਜੇ ਸਾਲ ਵਿੱਚ ਕਿਸ਼ਤ ਸ਼ੁਰੂ ਕੀਤੀ ਜਾਣੀ ਹੈ, ਜੋ ਕਿ 6 ਸਾਲਾਂ ਤਕ ਚਲੇਗੀ|
ਉਹਨਾਂ ਕਿਹਾ ਕਿ ਚੰਕ ਸਾਈਟਾਂ ਦੀ ਵਿਕਰੀ ਬਿਲਡਰਾਂ ਰਾਹੀਂ ਕੀਤੀ ਜਾ ਰਹੀ ਹੈ, ਜਿਸ ਕਾਰਨ ਬਿਲਡਰਾਂ ਨੂੰ ਕਾਫੀ ਲਾਭ ਹੋ ਰਿਹਾ ਹੈ| ਜਦੋਂ ਕਿ ਪੰਜਾਬ ਸਰਕਾਰ ਨੂੰ ਇਹਨਾਂ ਸਾਈਟਾਂ ਦੀ ਵਿਕਰੀ ਗਮਾਡਾ ਰਾਹੀਂ ਖੁਦ ਸਿੱਧੇ ਤੌਰ ਤੇ ਕਰਨੀ ਚਾਹੀਦੀ ਹੈ ਤਾਂ ਕਿ ਇਸ ਦਾ ਲਾਭ ਆਮ ਲੋਕਾਂ ਨੂੰ ਮਿਲ ਸਕੇ| ਉਹਨਾਂ ਕਿਹਾ ਕਿ ਜੇ ਸਰਕਾਰ ਇਹਨਾਂ ਸਾਇਟਾਂ ਦੀ ਵਿਕਰੀ (ਗਮਾਡਾ ਰਾਹੀਂ) ਖੁਦ ਕਰੇਗੀ ਤਾਂ ਸਰਕਾਰ ਦੇ ਮਾਲੀਏ ਵਿੱਚ ਤਾਂ ਵਾਧਾ ਹੋਵੇਗਾ ਹੀ ਇਸਦਾ ਆਮ ਲੋਕਾਂ ਨੂੰ ਵੀ ਲਾਭ ਹੋਵੇਗਾ|
ਉਹਨਾਂ ਕਿਹਾ ਕਿ ਸਰਕਾਰ ਵਲੋਂ ਬਿਲਡਰਾਂ ਨੂੰ ਪਹਿਲਾਂ ਕਾਫੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ| ਹੁਣ ਆਮ ਲੋਕਾਂ ਨੂੰ ਵੀ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ| ਉਹਨਾਂ ਮੰਗ ਕੀਤੀ ਕਿ ਬੂਥਾਂ ਅਤੇ ਬੇਸਮੈਂਟਾਂ ਉਪਰ ਉਸਾਰੀ ਕਰਨ ਦੀ ਆਗਿਆ ਦਿੱਤੀ ਜਾਵੇ, ਕਿਉਂਕਿ ਇਸ ਨਾਲ ਆਮ ਲੋਕਾਂ ਨੂੰ ਸਹੂਲਤਾਂ ਮਿਲਣ ਦੇ ਨਾਲ ਨਾਲ ਸਰਕਾਰ ਦਾ ਮਾਲੀਆ ਵੀ ਵਧੇਗਾ| ਉਹਨਾਂ ਕਿਹਾ ਕਿ ਸੈਕਟਰ 67,69,70,79 ਵਿਚ ਗਮਾਡਾ ਤੇ ਬਿਲਡਰਾਂ ਨੇ ਖੁਦ ਵੀ ਡਬਲ ਸਟੋਰੀ ਬੂਥ ਬਣਾਏ ਹੋਏ ਹਨ, ਇਸ ਤਰ੍ਹਾਂ ਸ਼ਹਿਰ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਬੂਥਾਂ ਉਪਰ ਉਸਾਰੀ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ|

Leave a Reply

Your email address will not be published. Required fields are marked *