ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਦਸਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ

ਐਸ.ਏ.ਐਸ. ਨਗਰ, 7 ਜੂਨ (ਸ.ਬ.) ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਐਸ.ਏ.ਐਸ. ਨਗਰ ਵੱਲੋਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਅਧੀਨ ਬੱਚਿਆਂ ਦੇ ਅਧਿਕਾਰਾਂ ਪ੍ਰਤੀ ਉਨ੍ਹਾਂ ਨੂੰ ਵਧੇਰੇ ਜਾਗਰੂਕ ਕਰਨ ਵਾਸਤੇ ਜ਼ਿਲ੍ਹੇ ਦੇ ਲੀਗਲ ਲਿਟਰੇਸੀ ਕਲੱਬ ਇੰਚਾਰਜ ਅਤੇ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਲਈ ਇੱਕ ਸਮਾਗਮ ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ, ਐਸ.ਏ.ਐਸ. ਨਗਰ ਦੇ ਆਡੀਟੋਰੀਅਮ ਵਿਖੇ ਕਰਵਾਇਆ ਗਿਆ|
ਜ਼ਿਲ੍ਹਾ ਗਾਈਡੈਂਸ ਕਾਉਂਸਲਰ ਹਰਵਿੰਦਰ ਸਿੰਘ ਖਹਿਰਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਲੀਗਲ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਸ੍ਰੀਮਤੀ ਮੋਨਿਕਾ ਲਾਂਬਾ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ| ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਲਾਂਬਾ ਨੇ ਸਕੂਲਾਂ ਵਿੱਚ ਚੱਲ ਰਹੇ ਲੀਗਲ ਲਿਟਰੇਸੀ ਕਲੱਬਾਂ ਦੀ ਬਣਤਰ, ਕਾਰਜਪ੍ਰਣਾਲੀ ਤੇ ਮਹੀਨਾਵਾਰ ਗਤੀਵਿਧੀਆਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ| ਇਸ ਮੌਕੇ ਉਨ੍ਹਾਂ ਨੇ ਜ਼ਿਲ੍ਹੇ ਦੇ ਕਲੱਬ ਇੰਚਾਰਜਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ|
ਬਾਲ ਸੁਰੱਖਿਆ ਯੂਨਿਟ ਮੁਹਾਲੀ ਤੋਂ ਸਾਈਕਾਲੋਜ਼ਿਸਟ ਯਾਦਵਿੰਦਰ ਕੌਰ ਨੇ ਪੋਸਕੋ ਐਕਟ ਅਤੇ ਸੈਕਸੂਅਲ ਹਰਾਸਮੈਂਟ ਅਗੇਂਸਟ ਵੂਮੈਨ ਐਟ ਵਰਕਪਲੇਸ ਸਬੰਧੀ ਜਾਣਕਾਰੀ ਦਿੱਤੀ, ਜਿਸ ਵਿੱਚ ਸਕੂਲ ਲੈਵਲ ਤੇ ਬਣਾਈ ਜਾਂਦੀ ਐਂਟੀਸੈਕਸੂਅਲ ਹਰਾਸਮੈਂਟ ਕਮੇਟੀ ਦੀ ਬਣਤਰ ਅਤੇ ਅਹਿਮੀਅਤ ਬਾਰੇ ਵੀ ਜਾਣਕਾਰੀ ਦਿੱਤੀ ਗਈ|
ਕੰਜਿਊਮਰ ਫੋਰਮ ਮੁਹਾਲੀ ਤੋਂ ਪੁੱਜੇ ਐਸ.ਐਸ.ਵਿਰਦੀ, ਮਨਜੀਤ ਸਿੰਘ ਭੁੱਲਰ ਨੇ ਕੰਜ਼ਿਊਮਰ ਪ੍ਰੋਟੈਕਸ਼ਨ ਬਾਰੇ ਅਧਿਆਪਕਾਂ ਨਾਲ ਸੰਵਾਦ ਰਚਾਇਆ ਤੇ ਜ਼ਿਲ੍ਹਾ ਕਾਊਂਸਲਰ ਵੱਲੋਂ ਕਰੀਅਰ ਅਧਿਆਪਕਾਂ ਨੂੰ ਕਿੱਤਿਆਂ/ਵਿਸ਼ਿਆਂ ਸਬੰਧੀ ਜਾਣਕਾਰੀ ਵਿਦਿਆਰਥੀਆਂ ਤੱਕ ਹੋਰ ਸ਼ਿੱਦਤ ਨਾਲ ਪਹੁੰਚਾਉਣ ਦੀ ਅਪੀਲ ਕੀਤੀ ਗਈ| ਜ਼ਿਲ੍ਹਾ ਸਿੱਖਿਆ ਅਫਸਰ ਸ਼ਰਨਜੀਤ ਸਿੰਘ ਨੇ ਸਮੁੱਚੇ ਅਧਿਆਪਕਾਂ ਨੂੰ ਆਪਣਾ ਕੰਮ ਇਮਾਨਦਾਰੀ ਤੇ ਪੂਰੀ ਤਨਦੇਹੀ ਨਾਲ ਕਰਨ ਦੀਆਂ ਹਦਾਇਤਾਂ ਦਿੱਤੀਆਂ|
ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਮਾਰਚ, 2018 ਵਿੱਚ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਵਿੱਚੋਂ ਜ਼ਿਲ੍ਹੇ ਵਿੱਚੋਂ ਮੋਹਰੀ ਰਹੇ ਬੱਚੇ ਸਨ, ਜਿਹਨਾਂ ਨੂੰ ਉਹਨਾਂ ਦੀ ਸ਼ਾਨਾਮੱਤੀ ਪ੍ਰਾਪਤੀ ਲਈ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਅਧੀਨ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ|

Leave a Reply

Your email address will not be published. Required fields are marked *