ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣ ਵਾਲੀ ਰੇਲ ਗੱਡੀ ਦਾ ਖਰੜ ਵਿਖੇ ਵੀ ਸਟਾਪਜ ਬਣਾਉਣ ਦੀ ਮੰਗ

ਖਰੜ, 16 ਦਸੰਬਰ (ਕੁਸ਼ਲ ਆਨੰਦ) ਭਾਜਪਾ ਦੇ ਜਿਲ੍ਹਾ ਮੀਤ ਪ੍ਰਧਾਨ ਨਰਿੰਦਰ ਸਿੰਘ ਰਾਣਾ ਨੇ ਕੇਂਦਰੀ ਰੇਲ ਮੰਤਰੀ ਸ੍ਰੀ ਪੀਯੂਸ ਗੋਇਲ ਨੂੰ ਨਵੀਂ ਦਿੱਲੀ ਵਿਖੇ ਮਿਲ ਕੇ ਮੰਗ ਕੀਤੀ ਹੈ ਕਿ ਚੰਡੀਗੜ੍ਹ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਣ ਵਾਲੀ ਰੇਲ ਗੱਡੀ ਦਾ ਖਰੜ ਵਿਖੇ ਵੀ ਸਟਾਪਜ ਬਣਾਇਆ ਜਾਵੇ|
ਇਸ ਮੌਕੇ ਸ੍ਰੀ ਰਾਣਾ ਨੇ ਰੇਲ ਮੰਤਰੀ ਨੂੰ ਕਿਹਾ ਕਿ ਇਸ ਰੇਲ ਗੱਡੀ ਦੇ ਅਪ ਅਤੇ ਡਾਊਨ ਸਮੇਂ ਖਰੜ ਵਿਖੇ ਨਾ ਰੁਕਣ ਕਾਰਨ ਖਰੜ ਵਾਸੀਆਂ ਨੂੰ ਮੁਹਾਲੀ ਜਾਂ ਮੋਰਿੰਡਾ ਜਾ ਕੇ ਇਹ ਰੇਲ ਗੱਡੀ ਲੈਣੀ ਪੈਂਦੀ ਹੈ| ਖਰੜ ਤੋਂ ਮੁਹਾਲੀ ਅਤੇ ਮੋਰਿੰਡਾ ਦੋਵੇਂ ਹੀ 15 -20 ਕਿਲੋਮੀਟਰ ਦੂਰ ਹਨ, ਜਿਸ ਕਰਕੇ ਖਰੜ ਵਾਸੀਆਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ| ਉਹਨਾਂ ਕਿਹਾ ਕਿ ਖਰੜ ਦੀ ਇਕ ਲੱਖ ਤੋਂ ਵੱਧ ਦੀ ਆਬਾਦੀ ਹੈ, ਜਦੋਂਕਿ ਮੋਰਿੰਡਾ ਦੀ ਆਬਾਦੀ ਸਿਰਫ 20 ਹਜਾਰ ਹੈ| ਉਹਨਾਂ ਕਿਹਾ ਕਿ ਖਰੜ ਦੇ ਕਈ ਵਸਨੀਕ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ, ਦੁਰਗਿਆਨਾ ਮੰਦਰ, ਜਲਿਆਵਾਲਾ ਬਾਗ, ਵਾਘਾ ਬਾਰਡਰ ਵਿਖੇ ਜਾਂਦੇ ਹਨ ਪਰ ਇਸ ਰੇਲ ਗੱਡੀ ਦੇ ਅਪ ਅਤੇ ਡਾਊਨ ਸਮੇਂ ਖਰੜ ਵਿਖੇ ਨਾ ਰੁਕਣ ਕਾਰਨ ਖਰੜ ਵਾਸੀਆਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ|
ਇਸ ਮੌਕੇ ਉਹਨਾਂ ਨੇ ਮੰਗ ਕੀਤੀ ਕਿ ਇਸ ਚੰਡੀਗੜ੍ਹ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਣ ਵਾਲੀ ਰੇਲ ਗੱਡੀ ਦਾ ਖਰੜ ਵਿਖੇ (ਘੱਟੋ-ਘੱਟ) 2 ਮਿੰਟ ਦਾ ਸਟਾਪਜ ਕੀਤਾ ਜਾਵੇ ਤਾਂ ਕਿ ਇਸ ਇਲਾਕੇ ਦੇ ਲੋਕਾਂ ਨੂੰ ਸਹੂਲੀਅਤ ਮਿਲ ਸਕੇ|

Leave a Reply

Your email address will not be published. Required fields are marked *