ਚੰਡੀਗੜ੍ਹ ਤੋਂ ਹੈਦਰਾਬਾਦ ਜਾ ਰਹੇ ਇੰਡੀਗੋ ਏਅਰਲਾਈਨ ਦੇ ਜਹਾਜ ਦੀ ਹੰਗਾਮੀ ਲੈਂਡਿੰਗ, ਯਾਤਰੀ ਸੁਰੱਖਿਅਤ

ਚੰਡੀਗੜ੍ਹ, 31 ਜੁਲਾਈ (ਸ.ਬ.) ਚੰਡੀਗੜ੍ਹ ਤੋਂ ਹੈਦਰਾਬਾਦ ਜਾ ਰਹੇ ਇੰਡੀਗੋ ਏਅਰਲਾਈਨ ਦੇ ਜਹਾਜ ਦੀ ਉੜਾਨ ਦੌਰਾਨ ਇੱਕ ਇੰਜਨ ਖਰਾਬ ਹੋ ਜਾਣ ਕਾਰਨ ਦਿੱਲੀ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਉੜਾਨ ਦੌਰਾਨ ਇਸ ਜਹਾਜ ਦੇ ਇੰਜਨ ਵਿੱਚ ਵਿੱਚੋਂ ਤੇਲ ਲੀਕ ਹੋਣ ਕਾਰਨ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਹੈਦਰਾਬਾਦ ਜਾਣ ਵਾਲੀ ਇੰਡੀਗੋ ਏਅਰਲਾਈਨ ਦੀ ਇਹ ਉਡਾਨ 6ਈ-274 ਬਾਅਦ ਦੁਪਹਿਰ 2.30 ਵਜੇ ਚੰਡੀਗੜ੍ਹ ਏਅਰਪੋਰਟ ਤੋਂ ਰਵਾਨਾ ਹੋਈ ਸੀ ਅਤੇ ਥੋੜ੍ਹੀ ਦੇਰ ਬਾਅਦ ਹੀ ਜਹਾਜ ਦੇ ਚਾਲਕ ਦਲ ਨੂੰ ਇਸ ਦੇ ਇੰਜਨ ਵਿੱਚ ਖਰਾਬੀ ਦਾ ਪਤਾ ਲੱਗਿਆ ਜਿਸ ਤੇ ਜਹਾਜ ਨੂੰ ਐਮਰਜੈਂਸੀ ਹਾਲਤ ਵਿੱਚ ਦਿੱਲੀ ਵਿੱਚ ਉਤਾਰਨ ਦਾ ਫੈਸਲਾ ਲਿਆ ਗਿਆ ਅਤੇ ਦੁਪਹਿਰ ਸਾਢੇ ਤਿੰਨ ਵਜੇ ਦੇ ਆਸ ਪਾਸ ਇਸ ਜਹਾਜ ਨੂੰ ਦਿੱਲੀ ਵਿੱਚ ਉਤਾਰ ਲਿਆ ਗਿਆ ਜਹਾਜ ਵਿੱਚ 175 ਦੇ ਕਰੀਬ ਯਾਤਰੀ ਸਵਾਰ ਦੱਸੇ ਗਏ ਹਨ ਜੋ ਸੁਰਖਿਅਤ ਹਨ |
ਇਸ ਉੜਾਨ ਰਾਂਹੀ ਚੰਡੀਗੜ੍ਹ ਤੋਂ ਹੈਦਰਾਬਾਦ ਲਈ ਰਵਾਨਾ ਹੋਏ ਸਥਾਨਕ ਉਦਯੋਗਪਤੀ ਸ੍ਰ.  ਪਰਦੀਪ ਸਿੰਘ ਭਾਰਜ ਨੇ ਸੰਪਰਕ ਕਰਨ ਤੇ ਦੱਸਿਆ ਕਿ ਚਾਲਕ ਦਲ ਵਲੋਂ ਅਚਾਨਕ ਜਹਾਜ ਦੀ ਐਮਰਜੈਂਸੀ ਲੈਂਡਿੰਗ ਕਰਵਾਉਣ ਦਾ ਫੈਸਲਾ ਕੀਤਾ ਜਦੋਂ ਜਹਾਜ ਦੇ ਇੰਜਨ ਵਿੱਚ ਤੇਲ ਲੀਕ ਹੋਣ ਲੱਗ ਪਿਆ ਅਤੇ ਫਿਰ ਇਸਦਾ ਇੰਜਨ ਬੰਦ ਹੋ ਗਿਆ| ਉਹਨਾਂ ਕਿਹਾ ਕਿ ਪਾਇਲਟ ਨੇ ਸਮਝਦਾਰੀ ਨਾਲ ਕੰਮ ਲੈਂਦਿਆਂ ਜਹਾਜ ਦੀ ਐਮਰਜੈਂਸੀ ਲੈਂਡਿੰਗ ਕਰਵਾ ਦਿੱਤੀ ਵਰਨਾ ਯਾਤਰੀਆਂ ਦੀ ਸੁਰੱਖਿਆ ਲਈ ਗੰਭੀਰ ਖਤਰਾ ਹੋ ਸਕਦਾ ਸੀ| ਉਹਨਾਂ ਦੱਸਿਆ ਕਿ ਜਹਾਜ ਦੀ ਦਿੱਲੀ  ਏਅਰਪੋਰਟ ਤੇ ਸੁਰਖਿਅਤ ਲੈਂਡਿੰਗ ਹੋਣ ਉਪਰੰਤ ਯਾਤਰੀਆਂ ਨੂੰ ਦੱਸਿਆ ਗਿਆ ਹੈ ਕਿ ਉਹਨਾਂ ਨੂੰ ਦੂਜੀ ਫਲਾਈਟ ਰਾਂਹੀਂ ਹੈਦਰਾਬਾਦ ਭੇਜਿਆ  ਜਾਵੇਗਾ| ਖਬਰ ਲਿਖੇ ਜਾਣ ਤਕ ਇਸ ਫਲਾਈਟ ਦੇ ਯਾਤਰੀਆਂ ਨੂੰ  ਦਿੱਲੀ ਏਅਰਪੋਰਟ ਤੇ ਆਏ ਦੂਜੇ ਜਹਾਜ  ਵਿੱਚ ਬਿਠਾ  ਕੇ ਹੈਦਰਾਬਾਦ ਲਈ ਰਵਾਨਾ ਕਰ ਦਿੱਤਾ ਗਿਆ ਸੀ|

Leave a Reply

Your email address will not be published. Required fields are marked *