ਚੰਡੀਗੜ੍ਹ ਦੀ ਤਰਜ ਤੇ ਮੁਹਾਲੀ ਵਿੱਚ ਬਣੇਗੀ ਮਿਲਕ ਕਾਲੋਨੀ, ਟ੍ਰਾਂਸਪੋਰਟ ਨਗਰ ਅਤੇ ਵੱਖਰੀ ਮੋਟਰ ਮਾਰਕੀਟ : ਸਿੱਧੂ

ਐਸ.ਏ.ਐਸ.ਨਗਰ, 15 ਮਾਰਚ (ਸ.ਬ.) ਮੁਹਾਲੀ ਵਿੱਚ ਵੀ ਚੰਡੀਗੜ੍ਹ ਦੀ ਤਰਜ ਤੇ ਮਿਲਕ ਕਾਲੋਨੀ, ਟ੍ਰਾਂਸਪੋਰਟ ਨਗਰ ਅਤੇ ਵੱਖਰੀ ਮੋਟਰ ਮਾਰਕੀਟ ਦੀ ਤਜਵੀਜ ਹੈ ਤਾਂ ਜੋ ਇਸ ਸੰਬੰਧੀ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਹਲ ਕੀਤਾ ਜਾ ਸਕੇ| ਇਹ ਗੱਲ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਗਮਾਡਾ ਭਵਨ ਵਿਖੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਸ੍ਰੀ ਰਵੀ ਭਗਤ, ਵਧੀਕ ਮੁੱਖ ਪ੍ਰਸ਼ਾਸ਼ਕ ਸ੍ਰੀ. ਰਾਜੇਸ਼ ਧੀਮਾਨ, ਮੁੱਖ ਇੰਜੀਨੀਅਰ ਸ੍ਰੀ ਸੁਨੀਲ ਕਾਂਸਲ ਅਤੇ ਹੋਰਨਾਂ ਉੱਚ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਗੱਲ ਕਰਦਿਆਂ ਆਖੀ| ਉਹਨਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਇਹਨਾਂ ਤਮਾਮ ਪ੍ਰੋਜੈਕਟਾਂ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ|
ਸ੍ਰ: ਸਿੱਧੂ ਨੇ ਦੱਸਿਆ ਕਿ ਮੀਟਿੰਗ ਵਿੱਚ ਸ਼ਹਿਰ ਦੀਆਂ ਮੋਟਰ ਮਾਰਕੀਟਾਂ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਨ ਤੇ ਵਿਚਾਰ ਕੀਤਾ ਗਿਆ ਅਤੇ ਚੰਡੀਗੜ੍ਹ ਯੂ.ਟੀ. ਦੀ ਤਰਜ਼ ਤੇ ਟਰਾਂਸਪੋਰਟ ਨਗਰ ਅਤੇ ਮਿਲਕ ਕਲੋਨੀ ਸਥਾਪਿਤ ਕਰਨ ਬਾਰੇ ਵੀ ਗੱਲਬਾਤ ਕੀਤੀ ਗਈ| ਉਨ੍ਹਾਂ ਦੱਸਿਆ ਕਿ ਪਸ਼ੂ ਪਾਲਕਾਂ ਦੀ ਸਹੂਲੀਅਤ ਲਈ ਮਿਲਕ ਕਲੋਨੀ ਵਿਖੇ ਵੱਡਾ ਪਸ਼ੂ ਹਸਪਤਾਲ ਬਣਾਉਣ ਦੀ ਤਜ਼ਵੀਜ ਤੇ ਵੀ ਵਿਚਾਰ ਕੀਤਾ ਗਿਆ| ਜਿਸ ਨਾਲ ਸੋਹਾਣਾ ਕੁੰਭੜਾ ਅਤੇ ਮਟੌਰ ਦੇ ਪਸ਼ੂ ਪਾਲਕਾਂ ਨੂੰ ਮਿਲਕ ਕਲੌਨੀ ਸਥਾਪਤ ਹੋਣ ਨਾਲ ਵੱਡਾ ਲਾਭ ਹੋਵੇਗਾ| ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੂੰ ਸੋਹਾਣਾ, ਬਾਕਰਪੁਰ, ਬਲੌਂਗੀ, ਮੌਲੀ ਅਤੇ ਲਖਨੌਰ ਦੇ ਸੀਵਰੇਜ਼ ਦੀ ਸਮੱਸਿਆ ਦਾ ਜਲਦੀ ਹੱਲ ਕੱਢਣ ਲਈ ਵੀ ਆਖਿਆ ਗਿਆ| ਇਸ ਤੋਂ ਇਲਾਵਾ ਗਮਾਡਾ ਵੱਲੋਂ ਕਿਸਾਨਾਂ ਦੀ ਐਕੁਆਇਰ ਕੀਤੀ ਜ਼ਮੀਨ ਦੀ ਬਕਾਇਆ ਰਾਸ਼ੀ ਨੂੰ ਵੀ ਜਲਦੀ ਤੋਂ ਜਲਦੀ ਦੇਣ ਲਈ ਹਦਾਇਤ ਕੀਤੀ ਗਈ|
ਉਹਨਾਂ ਦੱਸਿਆ ਕਿ ਬਾਕਰਪੁਰ ਦੇ ਐਰੋਸਿਟੀ ਵਿੱਚ ਲੈਂਡ ਪੂਲਿੰਗ ਤਹਿਤ 121 ਗਜ਼ ਦੇ ਪਲਾਟਾਂ ਦੇ ਮਾਮਲੇ ਨੂੰ ਵੀ ਜਲਦੀ ਤੋਂ ਜਲਦੀ ਨਿਪਟਾਉਣ ਲਈ ਕਿਹਾ ਗਿਆ ਹੈ| ਇਸ ਤੋਂ ਇਲਾਵਾ ਸੈਕਟਰ 76 ਤੋਂ ਸੈਕਟਰ 80 ਦੀਆਂ ਸੜਕਾਂ ਦੇ ਸ਼ੁਰੂ ਕੀਤੇ ਮੁਰੰਮਤ ਦੇ ਕੰਮ ਨੂੰ ਜਲਦੀ ਤੋਂ ਜਲਦੀ ਨੇਪਰੇ ਚੜ੍ਹਾਉਣ ਲਈ ਗਮਾਡਾ ਦੇ ਅਧਿਕਾਰੀਆਂ ਨੂੰ ਆਖਿਆ ਗਿਆ| ਇਸ ਤੋਂ ਇਲਾਵਾ ਮੀਟਿੰਗ ਵਿੱਚ ਸ਼ਹਿਰ ਦੀਆਂ ਹੋਰ ਦਰਪੇਸ਼ ਸਮੱਸਿਆਵਾਂ ਨੂੰ ਵੀ ਜਲਦੀ ਤੋਂ ਜਲਦੀ ਹੱਲ ਕਰਨ ਲਈ ਆਖਿਆ ਗਿਆ| ਉਨ੍ਹਾਂ ਦੱਸਿਆ ਕਿ ਸੈਕਟਰ 57 ਦੇ ਵਾਸੀਆਂ ਦੀ ਮੰਗ ਤੇ ਸੈਕਟਰ ਵਿੱਚ ਮਿੰਨੀ ਮਾਰਕੀਟ ਬਣਾਉਣ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ|

Leave a Reply

Your email address will not be published. Required fields are marked *