ਚੰਡੀਗੜ੍ਹ ਦੇ ਕਾਲਜਾਂ ਵਿੱਚ ਦਾਖਲਿਆਂ ਲਈ ਮੁਹਾਲੀ ਦੇ ਵਿਦਿਆਰਥੀਆਂ ਦਾ ਵੀ ਹੋਵੇ ਰਾਖਵਾਂ ਕੋਟਾ : ਬੇਦੀ

ਚੰਡੀਗੜ੍ਹ ਦੇ ਕਾਲਜਾਂ ਵਿੱਚ ਦਾਖਲਿਆਂ ਲਈ ਮੁਹਾਲੀ ਦੇ ਵਿਦਿਆਰਥੀਆਂ ਦਾ ਵੀ ਹੋਵੇ ਰਾਖਵਾਂ ਕੋਟਾ : ਬੇਦੀ
ਸੂਬੇ ਦੀ ਰਾਜਧਾਨੀ ਵਿੱਚ ਪੰਜਾਬ ਦੇ ਵਿਦਿਆਰਥੀਆ ਨਾਲ ਹੁੰਦਾ ਹੈ ਵਿਤਕਰਾ
ਐਸ ਏ ਐਸ ਨਗਰ, 4 ਦਸੰਬਰ (ਸ.ਬ.) ਨਗਰ ਨਿਗਮ ਦੇ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ (ਜਿਹੜੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਕਸਰ ਅਦਾਲਤ ਦਾ ਦਰਵਾਜਾ ਖੜਕਾਉਂਦੇ ਰਹਿੰਦੇ ਹਨ) ਵਲੋਂ ਮੰਗ ਕੀਤੀ ਗਈ ਹੈ ਕਿ ਐਸ ਏ ਐਸ ਨਗਰ ਦੇ ਵਿਦਿਆਰਥੀਆਂ ਦੀ ਉੱਚ ਸਿੱਖਿਆ ਦੀ ਲੋੜ ਪੂਰੀ ਕਰਨ ਲਈ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੇ ਕਾਲਜਾਂ ਵਿਚ ਐਸ ਏ ਐਸ ਨਗਰ ਦੇ ਵਿਦਿਆਰਥੀਆਂ ਦਾ ਕੋਟਾ ਰੱਖਿਆ ਜਾਵੇ| ਉਹਨਾਂ ਇਸ ਸੰਬੰਧੀ ਚੰਡੀਗੜ੍ਹ ਦੇ ਪ੍ਰਸ਼ਾਸ਼ਕ, ਹਲਕਾ ਆਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ, ਪੰਜਾਬ ਦੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਅਤੇ ਚੰਡੀਗੜ੍ਹ ਅਤੇ ਪੰਜਾਬ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖ ਕੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ| ਉਹਨਾਂ ਕਿਹਾ ਕਿ ਚੰਡੀਗੜ੍ਹ ਦੇ ਕਾਲੇਜਾਂ ਵਿੱਚ ਚੰਡੀਗੜ੍ਹ ਦੇ ਵਿਦਿਆਰਥੀਆਂ ਲਈ 85 ਫੀਸਦੀ ਰਾਖਵਾ ਕੋਟਾ ਰੱਖਿਆ ਜਾਂਦਾ ਹੈ ਅਤੇ ਅਜਿਹਾ ਹੋਣ ਕਾਰਨ ਐਸ ਏ ਐਸ ਨਗਰ ਦੇ ਯੋਗ ਵਿਦਿਆਰਥੀ ਵੀ ਉੱਥੇ ਦਾਖਿਲਾ ਹਾਸਿਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ|
ਉਹਨਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਪਰੰਤੂ ਇੱਥੋਂ ਦੇ ਕਾਲਜਾਂ ਵਿੱਚ ਦਾਖਲੇ ਦੇ ਮਾਮਲੇ ਵਿੱਚ ਪੰਜਾਬ ਦੇ ਵਿਦਿਆਰਥੀਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ| ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਹੋਰਨਾਂ ਸ਼ਹਿਰਾਂ ਦੀ ਗੱਲ ਛੱਡ ਵੀ ਦਿੱਤੀ ਜਾਵੇ ਤਾਂ ਐਸ ਏ ਐਸ ਨਗਰ (ਜਿਹੜਾ ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਦਾ ਹੈ) ਦੇ ਵਸਨੀਕ ਆਪਣੇ ਬੱਚਿਆਂ ਦੀ ਉੱਚ ਸਿਖਿਆ ਲਈ ਚੰਡੀਗੜ੍ਹ ਨੂੰ ਹੀ ਪਹਿਲ ਦਿੰਦੇ ਹਨ| ਐਸ ਏ ਐਸ ਨਗਰ ਵਿੱਚ ਸਿਰਫ ਇੱਕ ਹੀ ਸਰਕਾਰੀ ਕਾਲਜ ਹੈ ਜਿਹੜਾ ਸ਼ਹਿਰ ਦੇ ਹਜਾਰਾਂ ਵਿਦਿਆਰਥੀਆਂ ਦੀ ਵਿਦਿਅਕ ਲੋੜ ਨੂੰ ਪੂਰਾ ਕਰਨ ਦਾ ਸਮਰਥ ਨਹੀਂ ਹੈ ਅਤੇ ਸ਼ਹਿਰ ਦੇ ਵਿਦਿਆਰਥੀ ਚੰਡੀਗੜ੍ਹ ਦੇ ਕਾਲਜਾਂ ਵਿੱਚ ਦਾਖਲੇ ਲਈ ਅਰਜੀਆਂ ਦਿੰਦੇ ਹਨ ਪਰੰਤੂ ਚੰਡੀਗੜ੍ਹ ਪ੍ਰਸ਼ਾਸ਼ਨ ਵਲੋਂ ਉੱਥੋਂ ਦੇ ਕਾਲਜਾਂ ਵਿੱਚ ਚੰਡੀਗੜ੍ਹ ਦੇ ਸਕੂਲਾਂ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਲਈ 85 ਫੀਸਦੀ ਸੀਟਾਂ ਰਾਖਵੀਆਂ ਰੱਖੀਆਂ ਜਾਂਦੀਆਂ ਹਨ ਜਦੋਂਕਿ ਬਾਕੀ ਦੀਆਂ 15 ਫੀਸਦੀ ਸੀਟਾਂ ਤੇ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਦਾਖਲਾ ਮਿਲਦਾ ਹੈ ਅਤੇ ਉਸਦੀ ਮੈਰਿਟ ਬਹੁਤ ਉੱਚੀ ਹੋਣ ਕਾਰਨ ਐਸ ਏ ਐਸ ਨਗਰ ਦੇ ਵੱਡੀ ਗਿਣਤੀ ਵਿਦਿਆਰਥੀ ਚੰਡੀਗੜ੍ਹ ਦੇ ਕਾਲਜਾਂ ਵਿੱਚ ਦਾਖਲਾ ਹਾਸਿਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ|
ਉਹਨਾਂ ਕਿਹਾ ਕਿ ਚੰਡੀਗੜ੍ਹ ਨੂੰ ਭਾਵੇਂ ਕੇਂਦਰੀ ਸ਼ਾਸ਼ਿਤ ਪ੍ਰਦੇਸ਼ ਦਾ ਦਰਜਾ ਹਾਸਿਲ ਹੈ ਪਰੰਤੂ ਇਸ ਸ਼ਹਿਰ ਦੀ ਉਸਾਰੀ ਵੀ ਪੰਜਾਬ ਦੀ ਜਮੀਨ ਤੇ ਹੋਈ ਹੈ ਅਤੇ ਇਸਦੀ ਉਸਾਰੀ ਦਾ ਪੂਰਾ ਖਰਚਾ ਵੀ ਪੰਜਾਬ ਨੇ ਹੀ ਝੱਲਿਆ ਹੈ| ਉਹਨਾਂ ਕਿਹਾ ਕਿ ਜਾਂ ਤਾਂ ਚੰਡੀਗੜ੍ਹ ਪ੍ਰਸ਼ਾਸ਼ਨ ਕਾਲਜ ਜਾਂ ਚੰਡੀਗੜ੍ਹ ਦੇ ਵਿਦਿਆਰਥੀਆਂ ਲਈ ਰੱਖੇ ਜਾਂਦੇ 85 ਫੀਸਦੀ ਕੋਟੇ ਵਿੱਚ ਐਸ ਏ ਐਸ ਨਗਰ ਦੇ ਵਿਦਿਆਰਥੀਆਂ ਨੂੰ ਵੀ ਦਾਖਿਲਾ ਦੇਵੇ ਅਤੇ ਜਾਂ ਫਿਰ ਐਸ ਏ ਐਸ ਨਗਰ ਦੇ ਵਿਦਿਆਰਥੀਆਂ ਲਈ ਵੱਖਰਾ ਕੋਟਾ ਦਿੱਤਾ ਜਾਵੇ ਤਾਂ ਜੋ ਸ਼ਹਿਰ ਦੇ ਵਿਦਿਆਰਥੀਆਂ ਨਾਲ ਹੁੰਦੇ ਇਸ ਵਿਤਕਰੇ ਤੇ ਰੋਕ ਲੱਗੇ|
ਉਹਨਾਂ ਕਿਹਾ ਕਿ ਉਹਨਾਂ ਵਲੋਂ ਇਸ ਸੰਬੰਧੀ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਅਤੇ ਹੋਰਨਾਂ ਅਧਿਕਾਰੀਆਂ ਦੇ ਨਾਲ ਨਾਲ, ਹਲਕਾ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਪ੍ਰੋ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਮੁਹਾਲੀ ਹਲਕੇ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਿਨਟ ਮਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਵੀ ਪੱਤਰ ਲਿਖਿਆ ਹੈ ਕਿ ਉਹ ਇਸ ਸੰਬੰਧੀ ਆਪਣਾ ਰਸੂਖ ਵਰਤ ਕੇ ਐਸ ਏ ਐਸ ਨਗਰ ਦੇ ਵਿਦਿਆਰਥੀਆਂ ਨੂੰ ਉਹਨਾਂ ਦਾ ਬਣਦਾ ਹੱਕ ਦਿਵਾਉਣ ਤਾਂ ਜੋ ਸ਼ਹਿਰ ਦੇ ਵਿਦਿਆਰਥੀਆਂ ਨੂੰ ਚੰਡੀਗੜ੍ਹ ਦੇ ਕਾਲਜਾਂ ਵਿੱਚ ਦਾਖਿਲਾ ਹਾਸਿਲ ਕਰਨ ਵੇਲੇ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਹਾਸਿਲ ਹੋਵੇ|

Leave a Reply

Your email address will not be published. Required fields are marked *