ਚੰਡੀਗੜ੍ਹ ਪ੍ਰਸ਼ਾਸ਼ਨ ਵਲੋਂ ਸੈਕਟਰ 63 ਦੀਆਂ ਸੜਕਾਂ ਨੂੰ ਮੁਹਾਲੀ ਨਾਲ ਜੋੜਣ ਦੀ ਨਿਖੇਧੀ

ਐਸ.ਏ.ਐਸ ਨਗਰ, 19 ਅਪ੍ਰੈਲ (ਸ.ਬ.) ਚੰਡੀਗੜ੍ਹ ਪ੍ਰਸ਼ਾਸਨ ਵੱਲੋ ਸੈਕਟਰ 63 ਵਿਚ ਬਣੀ ਨਵੀਂ ਹਾਉਸਿੰਗ ਸੁਸਾਇਟੀ ਜੋ ਕਿ ਬਿਲਕੁਲ ਫੇਜ਼-9 ਮੁਹਾਲੀ ਦੀ ਹੱਦ ਨਾਲ ਲਗਦੀ ਹੈ ਦੀਆਂ ਸੜਕਾਂ ਨੂੰ ਮੁਹਾਲੀ ਵਿਚ ਪੈਂਦੇ ਫੇਜ਼-9, ਦੀਆਂ ਅੰਦਰੂਨੀ ਸੜਕਾਂ ਨਾਲ ਜੋੜਨ ਦੀ ਕਾਰਵਾਈ ਦੀ ਇਲਾਕੇ ਦੇ ਕੌਂਸਲਰ ਸ੍ਰ. ਕਮਲਜੀਤ ਸਿੰਘ ਰੂਬੀ ਦੀ ਅਗਵਾਈ ਹੇਠ ਨਿਖੇਧੀ ਕਰਦਿਆਂ ਇਸਦੇ ਖਿਲਾਫ ਕਮਿਸ਼ਨਰ ਨਗਰ ਨਿਗਮ ਨੂੰ ਲਿਖਤੀ ਸ਼ਿਕਾਇਤ ਦਿੱਛੀ ਹੈ|
ਸ੍ਰ. ਰੂਬੀ ਨੇ ਕਿਹਾ ਕਿ ਇਸ
ਏਰੀਏ (ਫੇਜ਼-9) ਮੁਹਾਲੀ ਵਿਚ ਜ਼ਿਆਦਾਤਰ ਘਰਾਂ ਦੇ ਦਰਵਾਜ਼ੇ ਸਿੱਧੇ ਤੋਰ ਤੇ ਸੜਕ ਤੇ ਖੁਲਦੇ ਹਨ ਜਿਸ ਕਰਕੇ ਤੇਜ਼ ਰਫਤਾਰ ਗੱਡੀਆਂ ਦੇ ਨਾਲ ਐਕਸੀਡੈਂਟ ਦਾ ਹੋਣ ਦਾ ਖਤਰਾ ਬਣਿਆ ਰਹੇਗਾ| ਉਨ੍ਹਾਂ ਕਿਹਾ ਕਿ ਇਸ ਇਲਾਕੇ ਦੀਆਂ ਹੱਦ ਤੇ ਬਣੀਆਂ ਅੰਦਰੂਨੀ ਸੜਕਾਂ ਕਿਸੇ ਵੀ ਤਰ੍ਹਾਂ ਚੈਕ ਪੋਸਟ ਜਾਂ ਸੁਪਰਵੀਜ਼ਨ ਦੀ ਕਮੀ ਕਾਰਣ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਸੜਕਾਂ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ|
ਉਨ੍ਹਾਂ ਕਿਹਾ ਕਿ ਕਮਰਸ਼ੀਅਲ ਵਹੀਕਲ ਵੀ ਇਨ੍ਹਾਂ ਰਸਤਿਆਂ ਦਾ ਦੁਰ ਉਪਯੋਗ ਕਰ ਸਕਦੇ ਹਨ ਕਿਉਂਕਿ ਇਹਨਾਂ ਅੰਦਰੂਨੀ ਸੜਕਾਂ ਤੇ ਕਿਸੇ ਵੀ ਤਰ੍ਹਾਂ ਦੀ ਚੈਕਿੰਗ ਦਾ ਕੋਈ ਡਰ ਨਹੀਂ ਹੁੰਦਾ| ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਆਪਣੇ ਸੈਕਟਰਾਂ ਨੂੰ ਇਕ ਦੂਜੇ ਸੈਕਟਰਾਂ ਨਾਲ ਜੋੜਨ ਲਈ ਕਿਸੇ ਵੀ ਅੰਦਰੂਨੀ ਸੜਕ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ, ਇਕ ਸੈਕਟਰ ਤੋਂ ਲੋਕਾਂ ਨੂੰ ਦੂਜੇ ਸੈਕਟਰ ਵਿਚ ਜਾਣ ਲਈ ਮੇਨ ਸੜਕ ਜਿੱਥੇ ਕਿ ਸਕਿਉਰਿਟੀ ਅਤੇ ਜਾਨ ਨੁਕਸਾਨ ਤੋਂ ਬਚਣ ਲਈ ਬਕਾਇਦਾ ਰਾਉਂਡ ਅਬਾਉਟ ਅਤੇ ਟ੍ਰੈਫਿਕ ਲਾਈਟਾਂ ਲਗਾਈਆਂ ਗਈਆਂ ਹਨ|
ਉਨ੍ਹਾਂ ਕਿਹਾ ਕਿ ਮੇਨ ਸੜਕਾਂ ਤੇ ਪਹਿਲਾਂ ਜਿੱਥੇ ਵੀ ਕਿਸੇ ਪਾਸਿਉਂ ਸੜਕ ਮਿਲਦੀ ਸੀ ਉੱਥੇ ਡੀਵਾਇਡਰ ਵਿਚ ਕੱਟ ਦੇ ਕੇ ਰਸਤਾ ਮਿਲਾ ਦਿੱਤਾ ਜਾਂਦਾ ਸੀ ਜਿਸ ਕਾਰਨ ਕਮਰਸ਼ੀਅਲ ਵਹੀਕਲ ਅਤੇ ਗੈਰ-ਕਾਨੂੰਨੀ ਕਾਰਵਾਈਆਂ ਕਰਨ ਵਾਲੇ ਪੁਲੀਸ ਚੈਕ ਪੋਸਟ, ਐਕਸਾਈਜ਼ ਪੋਸਟ ਜਾ ਸੇਲਜ਼ ਟੈਕਸ ਤੋਂ ਬਚਣ ਲਈ ਇਹਨਾਂ ਰਸਤਿਆਂ ਦਾ ਆਮ ਇਸਤੇਮਾਲ ਕਰਦੇ ਸਨ| ਪਰ ਹੁਣ ਪ੍ਰਸ਼ਾਸਨ ਨੇ ਇਹਨਾਂ ਰਸਤਿਆਂ ਨੂੰ ਪੱਕੇ ਤੌਰ ਤੇ ਬੰਦ ਕਰ ਦਿੱਤਾ| ਤੇ ਇਕ ਰਾਉਂਡ ਅਬਾਉਟ ਤੋਂ ਦੂਜੇ ਰਾਉਂਡ ਅਬਾਉਟ ਤਕ ਜਾਂ ਟ੍ਰੈਫਿਕ ਲਾਈਟ ਤੋਂ ਅਗਲੀ ਟ੍ਰੈਫਿਕ ਲਾਈਟ ਤੱਕ ਕੋਈ ਵੀ ਰਸਤਾ ਖੁੱਲ੍ਹਾ ਨਹੀਂ ਛੱਡਿਆ ਤਾਂ ਜੋ ਇਹਨਾਂ ਗੈਰ- ਕਾਨੂੰਨੀ ਕਾਰਵਾਈਆਂ ਨੂੰ ਠੱਲ ਪਾਈ ਜਾ ਸਕੇ ਪਰ ਇੱਥੇ ਫੇਜ਼-9 ਵਿੱਚ ਅੰਦਰੂਨੀ ਸੜਕਾਂ ਨੂੰ ਮੁਹਾਲੀ ਨਾਲ ਜੋੜਣ ਨਾਲ ਉਹੀ ਸਮੱਸਿਆਵਾਂ ਖੜ੍ਹੀਆਂ ਹੋਣਗੀਆਂ|
ਉਨ੍ਹਾਂ ਕਿਹਾ ਕਿ ਫੇਜ਼-9 ਮੁਹਾਲੀ, ਅਤੇ ਚੰਡੀਗੜ੍ਹ ਦੀਆਂ ਅੰਦਰੂਨੀ ਸੜਕਾਂ ਜੋੜਣ ਨਾਲ ਆਮ ਲੋਕਾਂ ਨੂੰ ਕਾਨੂੰਨੀ ਕਾਰਵਾਈ  ਦੀ ਵੀ ਪ੍ਰੇਸ਼ਾਨੀ ਹੋ ਸਕਦੀ ਹੈ ਜਿੱਥੇ ਦੋਹਾਂ ਦੇ ਅਧਿਕਾਰ ਖੇਤਰ ਵੀ ਅਲੱਗ-ਅਲੱਗ ਹੋ ਜਾਂਦੇ ਹਨ|
ਉਨ੍ਹਾਂ ਮੰਗ ਕੀਤੀ ਕਿ ਦੋਵੇਂ ਪਾਸੇ ਦੇ ਆਮ ਲੋਕਾਂ ਦੀਆਂ ਸੁਵਿਧਾਵਾਂ ਅਤੇ ਜਾਨ-ਮਾਲ ਦੀ ਰੱਖਿਆ ਦਾ ਧਿਆਨ ਹੋਏ ਅੰਦਰੂਨੀ ਸੜਕਾਂ ਨੂੰ ਨਾ ਜੋੜਿਆ ਜਾਵੇ ਅਤੇ ਫੇਜ਼-9 ਅਤੇ ਹਾਉਸਿੰਗ ਬੋਰਡ 63 ਸੈਕਟਰ ਹੱਦ ਤੇ ਕੰਧ ਉਸਾਰੀ ਜਾਵੇ ਤਾਂ ਜੋ ਕੋਈ ਵੀ ਨੁਕਸਾਨ ਨਾ ਹੋਵੇ| ਇਸ ਮੌਕੇ ਸ੍ਰੀਮਤੀ ਵਿਜੇ ਪਾਲ, ਚਰਨਜੀਤ ਕੁਮਾਰ, ਹਰਿੰਦਰਪਾਲ ਸਿੰਘ, ਗੁਰਵਿੰਦਰ ਸਿੰਘ ਅਤੇ ਹੋਰ ਇਲਾਕਾ ਵਾਸੀ ਵੱਡੀ ਗਿਣਤੀ ਵਿੱਚ ਹਾਜਿਰ ਸਨ|

Leave a Reply

Your email address will not be published. Required fields are marked *