ਚੰਡੀਗੜ੍ਹ ਪ੍ਰਸ਼ਾਸਨ ਦਾ ਵਤੀਰਾ ਹਮੇਸ਼ਾ ਪੰਜਾਬੀ ਵਿਰੋਧੀ ਰਿਹਾ: ਧਨੋਆ

ਐਸ. ਏ. ਐਸ ਨਗਰ, 2 ਅਗਸਤ (ਸ.ਬ.) ਪੰਜਾਬੀ ਭਾਸ਼ਾ ਪ੍ਰਤੀ ਚੰਡੀਗੜ੍ਹ ਪ੍ਰਸ਼ਾਸਨ ਦੀ ਮਾੜੀ ਤੇ ਨੀਵੀਂ ਸੋਚ ਤੋਂ ਸਭ ਚੰਗੀ ਤਰ੍ਹਾਂ ਜਾਣੂ ਹਨ| ਪੰਜਾਬੀਆਂ ਕੋਲੋਂ ਜਬਰਦਸਤੀ ਜਮੀਨਾਂ, ਘਰ ਖੋਹ ਕੇ ਉਸਾਰੇ ਸ਼ਹਿਰ ਵਿੱਚ ਜਾਣ ਬੁੱਝ ਕੇ ਪੰਜਾਬੀ ਅਤੇ ਪੰਜਾਬੀਅਤ ਨੂੰ ਅਕਿਰਤਘਣ ਲੋਕਾਂ ਵੱਲੋਂ ਨੀਵਾਂ ਦਿਖਾਉਣਾ ਪੰਜਾਬੀ ਲੋਕਾਂ ਲਈ ਵੱਡੀ ਵੰਗਾਰ ਹੈ|
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਤਵੀਰ ਸਿੰਘ ਧਨੋਆ ਕੌਂਸਲਰ ਅਤੇ ਪ੍ਰਧਾਨ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਨੇ ਇਕ ਬਿਆਨ ਵਿੱਚ ਕੀਤਾ|
ਉਹਨਾਂ ਕਿਹਾ ਕਿ ਸਮੇਂ ਦੇ ਹਾਕਮਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬੀ ਕੋਈ ਬੇਵਸ ਅਤੇ ਲਾਚਾਰ ਲੋਕ ਨਹੀਂ ਹਨ| ਜੋ ਲੋਕ ਅੱਗੇ ਹੋ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾ ਸਕਦੇ ਹਨ| ਉਹ ਆਪਣੀ ਜੁਬਾਨ ਨੂੰ ਵੀ ਗੁਲਾਮ ਨਹੀਂ ਰਹਿਣ ਦੇਣਗੇ| ਗਵਰਨਰ ਸਾਹਿਬ ਬੇਵਸ ਹੋ ਸਕਦੇ ਹਨ ਪਰ ਅਸੀਂ ਬੇਵਸ ਨਹੀਂ ਹਾਂ|
ਉਹਨਾਂ ਨੇ ਪੰਜਾਬੀ ਹਿਤੈਸ਼ੀਆਂ ਨੂੰ ਬਿਨਾ ਕਿਸੇ ਸਿਆਸੀ ਮਤਭੇਦ ਕੀਤਿਆਂ ਇੱਕਠੇ ਹੋ ਕੇ ਪੰਜਾਬੀ ਵਿਰੋਧੀ ਲਾਬੀ ਦੇ ਨੱਕ ਵਿੱਚ ਪੱਕੇ ਤੌਰ ਤੇ ਨਕੇਲ ਪਾਉਣ ਲਈ ਅੱਗੇ ਵੱਧ ਕੇ ਸੰਘਰਸ਼ ਕਰਨ ਲਈ ਅਪੀਲ ਕੀਤੀ|

Leave a Reply

Your email address will not be published. Required fields are marked *