ਚੰਡੀਗੜ੍ਹ ਵਿਖੇ ਛੇਵੇਂ ਸੁਦਾਮਾ ਬੈਡਮਿੰਟਨ ਚੈਂਪੀਅਨਸ਼ਿਪ ਦਾ ਆਯੋਜਨ

ਚੰਡੀਗੜ੍ਹ, 26 ਅਕਤੂਬਰ (ਸ.ਬ.) ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਦੇ ਸਲਾਹਕਾਰ ਡਾ.ਅਮਰ ਸਿੰਘ ਨੇ ਅੱਜ ਛੇਵੇਂ ਸੁਦਾਮਾ ਵੈਟਰਨ ਬੈਡਮਿੰਟਨ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ| ਇਥੋਂ ਦੇ ਸੈਕਟਰ-43 ਸਥਿਤ ਬਹੁਮੰਤਵੀ ਖੇਡ ਕੰਪਲੈਕਸ ਵਿਖੇ ਸ਼ੁਰੂ ਹੋਏ ਇਸ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਡਾ.ਅਮਰ ਸਿੰਘ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਤਰਫੋਂ ਉਨ੍ਹਾਂ ਦੇ ਅਖਤਿਆਰੀ ਕੋਟੇ ਵਿੱਚੋਂ ਪ੍ਰਬੰਧਕਾਂ ਨੂੰ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ|
ਬੈਡਮਿੰਟਨ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਡਾ.ਅਮਰ ਸਿੰਘ ਨੇ ਕਿਹਾ ਕਿ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ਕੀਤਾ ਜਾਣਾ ਸੀ ਪਰ ਜਲੰਧਰ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਕਰਕੇ ਉਹ ਪੁੱਜ ਨਹੀਂ ਸਕੇ ਪ੍ਰੰਤੂ ਉਨ੍ਹਾਂ ਖਿਡਾਰੀਆਂ ਲਈ ਸ਼ੁਭ ਇੱਛਾਵਾਂ     ਭੇਜੀਆਂ ਹਨ ਅਤੇ ਪ੍ਰਬੰਧਕਾਂ  ਆਪਣੇ ਅਖਤਿਆਰੀ ਕੋਟੇ ਵਿੱਚੋਂ 5 ਵੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ|
ਡਾ.ਅਮਰ ਸਿੰਘ ਨੇ ਕਿਹਾ ਕਿ ਨਸ਼ਾ ਰਹਿਤ ਸਮਾਜ ਸਿਰਜਣ ਵਿੱਚ  ਖੇਡਾਂ ਬਹੁਤ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਅਜਿਹੀਆਂ ਕੋਸ਼ਿਸ਼ਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ|
ਇਸ ਮੌਕੇ ਸੁਦਾਮਾ ਖੇਡ ਪਰਿਵਾਰ ਕਲੱਬ ਦੇ ਮੋਢੀ ਸ੍ਰੀ ਐਸ.ਪੀ.ਸਿੰਘ, ਪ੍ਰਧਾਨ ਸ੍ਰੀ ਚਰਨਜੀਤ ਸਿੰਘ, ਮੁੱਖ ਪ੍ਰਬੰਧਕ ਹਰੂਮ ਰਸ਼ੀਦ ਅਤੇ ਮੀਤ ਪ੍ਰਧਾਨ ਰਿਆਜ਼ ਅਹਿਮਦ ਵੀ ਹਾਜ਼ਰ ਸਨ| ਪੰਜ ਰੋਜ਼ਾ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਦੇਸ਼ ਭਰ ਦੇ ਸਮੂਹ ਸੂਬਿਆਂ ਸਮੇਤ ਇੰਡੋਨੇਸ਼ੀਆ ਤੋਂ ਵੀ ਖਿਡਾਰੀ ਹਿੱਸਾ ਲੈ ਰਹੇ ਹਨ| ਪੁਰਸ਼ ਵਰਗ ਵਿੱਚ 500 ਤੇ ਮਹਿਲਾ ਵਰਗ ਵਿੱਚ 100 ਖਿਡਾਰਨਾਂ ਹਿੱਸਾ ਲੈ ਰਹੀਆਂ ਹਨ| ਹਰ ਉਮਰ ਵਰਗ ਵਿੱਚ ਪੁਰਸ਼ਾਂ ਦੇ ਸਿੰਗਲਜ਼ ਤੇ ਡਬਲਜ਼, ਮਹਿਲਾਵਾਂ ਦੇ ਸਿੰਗਲਜ਼ ਤੇ ਡਬਲਜ਼ ਅਤੇ ਮਿਕਸਡ ਡਬਲਜ਼ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ|

Leave a Reply

Your email address will not be published. Required fields are marked *