ਚੰਡੀਗੜ੍ਹ ਵਿੱਚ ਪੰਜਾਬੀ ਲਾਗੂ ਕਰਨ ਤੋਂ ਮੁਨਕਰ ਹੋਣਾ ਮੰਦਭਾਗਾ : ਪਰਮਜੀਤ ਸਿੰਘ ਕਾਹਲੋਂ

ਐਸ ਏ ਐਸ ਨਗਰ, 29 ਜੁਲਾਈ (ਸ.ਬ.) ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਵੱਲੋਂ ਚੰਡੀਗੜ੍ਹ ਵਿਖੇ ਪੰਜਾਬੀ ਭਾਸ਼ਾ ਨੂੰ ਦਫਤਰੀ ਭਾਸ਼ਾ ਬਨਾਉਣ ਤੋਂ ਸਪਸ਼ਟ ਇਨਕਾਰ ਕਰਨ ਦੀ ਸ. ਪਰਮਜੀਤ ਸਿੰਘ ਕਾਹਲੋਂ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਮੁਹਾਲੀ (ਸ਼ਹਿਰੀ) ਨੇ ਸਖਤ ਨਿਖੇਧੀ ਕੀਤੀ ਹੈ|
ਅੱਜ ਇੱਕ ਬਿਆਨ ਵਿੱਚ ਸ. ਕਾਹਲੋਂ ਨੇ ਕਿਹਾ ਕਿ ਚੰਡੀਗੜ੍ਹ ਉਹ ਸ਼ਹਿਰ ਹੈ ਜੋ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਹੈ| ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਤੇ ਚੰਡੀਗੜ੍ਹ ਉਪਰ ਪੰਜਾਬ ਦਾ ਹੀ ਹੱਕ ਹੈ| ਉਹਨਾਂ ਕਿਹਾ ਕਿ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਉਸਦਾ ਬਣਦਾ ਹੱਕ ਦੇਣ ਤੋਂ ਇਨਕਾਰ ਕਰਨਾ ਅਤੇ ਦਫਤਰੀ ਭਾਸ਼ਾ ਪੰਜਾਬੀ ਬਨਾਉਣ ਤੋਂ ਸਪੱਸ਼ਟ ਇਨਕਾਰ ਕਰਨਾ ਮੰਦਭਾਗੀ ਗਲ ਹੈ|
ਉਹਨਾਂ ਕਿਹਾ ਕਿ ਚੰਡੀਗੜ੍ਹ ਵਿੱਚ ਸਾਰੇ ਬੋਰਡ ਪੰਜਾਬੀ ਵਿੱਚ ਵੀ ਲਿਖੇ ਜਾਣੇ ਚਾਹੀਦੇ ਹਨ ਅਤੇ ਚੰਡੀਗੜ੍ਹ ਦੇ ਸਰਕਾਰੀ ਦਫਤਰਾਂ ਵਿਚ ਪਹਿਲ ਦੇ ਆਧਾਰ ਤੇ ਪੰਜਾਬੀ ਭਾਸ਼ਾ ਨੂੰ ਲਾਗੂ ਕੀਤਾ ਜਾਵੇ|
ਉਹਨਾਂ ਕਿਹਾ ਕਿ ਅਸਲ ਵਿੱਚ ਅਫਸਰਸ਼ਾਹੀ ਹੀ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਅੜਿਕਾ ਬਣੀ ਹੋਈ ਹੈ| ਅਫਸਰਸ਼ਾਹੀ ਨਹੀਂ ਚਾਹੁੰਦੀ ਕਿ ਚੰਡੀਗੜ੍ਹ ਵਿੱਚ ਪੰਜਾਬੀ ਦਫਤਰ ਭਾਸ਼ਾ ਬਣੇ, ਜਿਸ ਅਫਸਰਸ਼ਾਹੀ ਦਾ ਰੋਲ ਹਮੇਸ਼ਾ ਹੀ ਪੰਜਾਬੀ ਵਿਰੋਧੀ ਰਿਹਾ ਹੈ|
ਉਹਨਾਂ ਮੰਗ ਕੀਤੀ ਕਿ ਚੰਡੀਗੜ੍ਹ ਵਿੱਚ ਪੰਜਾਬੀ ਨੂੰ ਦਫਤਰੀ ਭਾਸ਼ਾ ਬਣਾਇਆ ਜਾਵੇ ਅਤੇ ਚੰਡੀਗੜ੍ਹ  ਦੇ ਸਾਰੇ ਬੋਰਡ ਪੰਜਾਬੀ ਵਿੱਚ ਲਿਖੇ ਜਾਣ|

Leave a Reply

Your email address will not be published. Required fields are marked *