ਚੰਡੀਗੜ੍ਹ ਵਿੱਚ ਮੁੜ ਕੀਤੀ ਜਾ ਸਕਦੀ ਹੈ ਤਾਲਾਬੰਦੀ?

ਚੰਡੀਗੜ੍ਹ, 11 ਜੁਲਾਈ (ਸ.ਬ.)  ਚੰਡੀਗੜ੍ਹ ਵਿੱਚ ਬੀਤੇ ਕਈ ਦਿਨਾਂ ਤੋਂ ਲਗਾਤਾਰ ਕੋਰੋਨਾ ਕੇਸਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਸ਼ਹਿਰ ਦੇ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ| ਇਸ ਬਾਰੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਨੂੰ ਲੋਕ ਗੰਭੀਰਤਾ ਨਾਲ ਨਹੀਂ ਲੈ ਰਹੇ| ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਲੋਕਾਂ ਦਾ ਰਵੱਈਆ ਅਜਿਹਾ ਹੀ ਰਿਹਾ ਤਾਂ ਸ਼ਹਿਰ ਵਿੱਚ ਮੁੜ ਤੋਂ ਤਾਲਾਬੰਦੀ ਕੀਤੀ ਜਾ ਸਕਦੀ ਹੈ|
ਉਨ੍ਹਾਂ ਕਿਹਾ ਕਿ ਲੋਕ ਕੋਰੋਨਾ ਸਬੰਧੀ ਨਿਯਮਾਂ ਦੀ ਪਾਲਣ ਨਹੀਂ ਕਰ ਰਹੇ ਅਤੇ ਮਾਸਕ ਪਾਉਣ ਜਾਂ ਸਮਾਜਿਕ ਦੂਰੀ ਦਾ ਵੀ ਧਿਆਨ ਨਹੀਂ ਰੱਖ ਰਹੇ ਅਤੇ ਅਜਿਹੇ ਵਿੱਚ ਜੇਕਰ ਜ਼ਰੂਰੀ ਲੱਗਾ ਤਾਂ ਸ਼ਹਿਰ ਵਿੱਚ ਤਾਲਾਬੰਦੀ ਲਾਗੂ ਕਰ ਦਿੱਤੀ ਜਾਵੇਗੀ|
ਇਸ ਸਬੰਧੀ ਪ੍ਰਸ਼ਾਸਕ ਨੇ ਡੀ. ਜੀ. ਪੀ. ਨੂੰ ਸਖਤ ਨਿਰਦੇਸ਼ ਦਿੱਤੇ ਹਨ ਕਿ ਰਾਤ ਨੂੰ 10 ਵਜੇ ਤੋਂ ਸਵੇਰੇ 5 ਵਜੇ ਤੱਕ ਜਿਹੜੇ ਲੋਕ ਕਰਫਿਊ ਦੀ ਉਲੰਘਣਾ ਕਰ ਰਹੇ ਹਨ, ਉਨ੍ਹਾਂ ਦੇ ਵਾਹਨਾਂ ਨੂੰ ਜ਼ਬਤ ਕਰ ਲਿਆ ਜਾਵੇ ਅਤੇ ਰਾਤ ਦੇ ਸਮੇਂ ਸਿਰਫ ਜ਼ਰੂਰੀ                 ਸੇਵਾਵਾਂ ਨੂੰ ਹੀ ਮਨਜ਼ੂਰੀ ਦਿੱਤੀ               ਜਾਵੇ| ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤੇ ਹਨ ਕਿ ਪਾਰਕਾਂ ਅਤੇ ਬਜ਼ਾਰਾਂ ਵਿੱਚ ਜਾ ਕੇ ਅਚਨਚੇਤ ਜਾਂਚ ਕੀਤੀ ਜਾਵੇ ਅਤੇ ਜਿਹੜੇ ਲੋਕ ਸਮਾਜਿਕ ਦੂਰੀ ਦੀ ਪਾਲਣਾ ਨਹੀਂ ਕਰ ਰਹੇ ਅਤੇ ਮਾਸਕ ਨਹੀਂ ਲਾ ਰਹੇ, ਉਨ੍ਹਾਂ ਨੂੰ ਤੁਰੰਤ ਜੁਰਮਾਨਾ ਲਾਇਆ ਜਾਵੇ|

Leave a Reply

Your email address will not be published. Required fields are marked *