ਚੰਡੀਗੜ੍ਹ ਵਿੱਚ ਮੇਅਰ ਨੇ ਅਚਾਨਕ ਮਾਰਿਆ ਘਰਾਂ ਵਿੱਚ ਛਾਪਾ, ਕੱਟੇ ਚਲਾਨ

ਚੰਡੀਗੜ੍ਹ, 6 ਅਪ੍ਰੈਲ (ਸ.ਬ.) ਗਰਮੀਆਂ ਦੇ ਮੌਸਮ ਵਿੱਚ ਪਾਣੀ ਦੀ ਬਹੁਤ ਕਿੱਲਤ ਹੋ ਜਾਂਦੀ ਹੈ, ਇਸੇ ਕਾਰਨ ਚੰਡੀਗੜ੍ਹ ਨਗਰ ਨਿਗਮ ਵਲੋਂ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨਾਲ ਸਖਤੀ ਨਾਲ ਪੇਸ਼ ਆ ਰਿਹਾ ਹੈ| ਅਜਿਹੇ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ ਤਾਂ ਜੋ ਦੂਜੇ ਲੋਕਾਂ ਨੂੰ ਵੀ ਸਬਕ ਮਿਲ ਸਕੇ| ਨਗਰ ਨਿਗਮ ਵਲੋਂ ਰੋਜ਼ਾਨਾ ਹਰ ਸੈਕਟਰ ਵਿੱਚ ਅਚਾਨਕ ਚੈਕਿੰਗ ਕੀਤੀ ਜਾ ਰਹੀ ਹੈ| ਅੱਜ ਮੇਅਰ ਆਸ਼ਾ ਜਾਇਸਵਾਲ ਖੁਦ ਚੈਕਿੰਗ ਕਰਨ ਪੁੱਜੀ| ਉਨ੍ਹਾਂ ਨੇ                ਸਵੇਰੇ-ਸਵੇਰੇ ਸੈਕਟਰ 27, 28 ਅਤੇ 33 ਵਿੱਚ ਜਾ ਕੇ ਦੇਖਿਆ ਕਿ ਕਿਤੇ ਪਾਣੀ ਦੀ ਦੁਰਵਰਤੋਂ ਤਾਂ ਨਹੀਂ ਹੋ ਰਹੀ| ਇਸ ਦੌਰਾਨ ਉਨ੍ਹਾਂ ਨਾਲ ਨਗਰ ਨਿਗਮ ਦੇ ਕਈ ਅਧਿਕਾਰੀ ਵੀ ਮੌਜੂਦ ਸਨ| ਮੇਅਰ ਦੇ ਇਸ ਦੌਰੇ ਤੇ 2 ਦੇ ਚਲਾਨ ਕੱਟੇ ਗਏ, ਜਦੋਂਕਿ ਇਕ ਨੂੰ ਨੋਟਿਸ ਜਾਰੀ ਕੀਤਾ ਗਿਆ| ਜ਼ਿਆਦਾਤਰ ਹਰ ਘਰ ਵਿੱਚ ਸਰਵੈਂਟ ਦੀ ਲਾਪਰਵਾਹੀ ਨਜ਼ਰ ਆਈ| ਇੱਥੇ ਇਕ ਘਰ ਵਿੱਚ ਗੱਡੀ ਧੋਤੀ ਜਾ ਰਹੀ ਸੀ, ਜਦੋਂਕਿ ਇਕ ਘਰ ਵਿੱਚ ਪਾਣੀ ਵਾਲਾ ਨਲ ਖੁੱਲ੍ਹਾ ਛੱਡ ਰੱਖਿਆ ਸੀ, ਜਿਸ ਨੂੰ ਮੇਅਰ ਨੇ ਖੁਦ ਬੰਦ ਕੀਤਾ| ਮੇਅਰ ਆਸ਼ਾ ਜਾਇਸਵਾਲ ਨੇ ਕਿਹਾ ਕਿ ਉਨ੍ਹਾਂ ਦੀ ਅਚਨਚੇਤ ਚੈਕਿੰਗ ਦੌਰਾਨ ਬਹੁਤ ਘੱਟ ਲੋਕ ਡਿਫਾਲਟਰ ਪਾਏ ਗਏ ਹਨ| ਲੋਕ ਕਾਫੀ ਜਾਗਰੂਕ ਹਨ| ਉਨ੍ਹਾਂ ਕਿਹਾ ਕਿ ਇਹ ਮੁਹਿੰਮ ਇਕ ਅਪ੍ਰੈਲ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਤੱਕ 40 ਚਲਾਨ ਕੱਟੇ ਜਾ ਚੁੱਕੇ ਹਨ|

Leave a Reply

Your email address will not be published. Required fields are marked *