ਚੰਨ ਤੱਕ ਲਿਜਾਇਆ ਗਿਆ ਸਮਾਰਕ ਫਲਕ 4,68,500 ਡਾਲਰ ਵਿੱਚ ਨੀਲਾਮ

ਨਿਊਯਾਰਕ, 5 ਨਵੰਬਰ (ਸ.ਬ.) ਅਪੋਲੋ 11 ਮਿਸ਼ਨ ਦੇ ਤਹਿਤ ਚੰਨ ਤੱਕ ਲਿਜਾਇਆ ਗਿਆ ਇਕ ਸਮਾਰਕ ਫਲਕ ਟੈਕਸਾਸ ਵਿਚ ਹੋਈ ਨੀਲਾਮੀ ਵਿਚ 4,68,500 ਡਾਲਰ ਵਿਚ ਵਿਕਿਆ| ਨੀਲਾਮੀ ਕਰਤਾਵਾਂ ਨੇ ਦੱਸਿਆ ਕਿ ਇਹ ਉਸ ਵਿਸ਼ਾਲ ਸੰਗ੍ਰਹਿ ਦਾ ਹਿੱਸਾ ਹੈ ਜੋ ਕਦੇ ਮਰਹੂਮ ਪੁਲਾੜ ਯਾਤਰੀ ਨੀਲ ਆਰਮਸਟਰਾਂਗ ਦਾ ਰਿਹਾ ਸੀ| ਇਸ ਫਲਕ ਵਿਚ ਉਸ ਚੰਨ ਮਾਡਲ ਦਾ ਵਰਣਨ ਸ਼ਾਮਲ ਹੈ ਜੋ 20 ਜੁਲਾਈ, 1969 ਨੂੰ ਚੰਨ ਤੇ ਪਹੁੰਚਿਆ ਸੀ| ਧਰਤੀ ਤੇ ਪਰਤਣ ਦੇ ਬਾਅਦ ਇਸ ਨੂੰ ਇਕ ਲੱਕੜ ਦੇ ਆਧਾਰ ਤੇ ਜੜਿਆ ਗਿਆ ਅਤੇ ਬਾਅਦ ਵਿਚ ਚੰਨ ਤੇ ਕਦਮ ਰੱਖਣ ਵਾਲੇ ਪਹਿਲੇ ਵਿਅਕਤੀ ਆਰਮਸਟਰਾਂਗ ਨੂੰ ਦਿੱਤਾ ਗਿਆ|
ਮਿਸ਼ਨ ਵਿਚ ਹਿੱਸਾ ਲੈਣ ਵਾਲੇ ਦੋ ਹੋਰ ਪੁਲਾੜ ਯਾਤਰੀਆਂ ਐਡਵਿਨ ”ਬਜ” ਐਲਡ੍ਰਿਨ ਅਤੇ ਮਾਈਕਲ ਕੌਲੀਨਜ਼ ਨੂੰ ਵੀ ਇਨ੍ਹਾਂ ਫਲਕਾਂ ਵਿਚੋਂ ਇਕ ਦਿੱਤਾ ਗਿਆ| ਆਰਮਸਟਰਾਂਗ ਦੇ ਦੋ ਬੇਟਿਆਂ ਰਿਕ ਅਤੇ ਮਾਰਕ ਨੇ ਆਪਣੇ ਪਿਤਾ ਦੇ ਵਿਸ਼ਾਲ ਸੰਗ੍ਰਹਿ ਦੇ ਕੁਝ ਹਿੱਸਿਆਂ ਨੂੰ ਨੀਲਾਮ ਕਰਨ ਦਾ ਫੈਸਲਾ ਕੀਤਾ| ਇਸ ਵਿਚ 2,000 ਤੋਂ ਵਧ ਵਸਤਾਂ ਸ਼ਾਮਲ ਹਨ| ਆਰਮਸਟਰਾਂਗ ਦੀ ਮੌਤ ਸਾਲ 2012 ਵਿਚ ਹੋਈ ਸੀ| ਇਸ ਸੰਗ੍ਰਹਿ ਦਾ ਕੁਝ ਹਿੱਸਾ ਡਲਾਸ ਵਿਚ ਵੀਰਵਾਰ ਤੋਂ ਸ਼ਨੀਵਾਰ ਤੱਕ ਹੋਈ ਨੀਲਾਮੀ ਅਤੇ ਆਨਲਾਈਨ ਵਿਕਰੀ ਲਈ ਰੱਖਿਆ ਗਿਆ| ਇਸ ਨੀਲਾਮੀ ਦਾ ਆਯੋਜਨ ਕਰਨ ਵਾਲਾ ਹੈਰੀਟੇਜ ਆਕਸ਼ਨ ਮਈ ਅਤੇ ਨਵੰਬਰ 2019 ਵਿਚ ਹੋਰ ਦੋ ਨੀਲਾਮੀਆਂ ਕਰੇਗਾ|

Leave a Reply

Your email address will not be published. Required fields are marked *