ਛਾਪੇਮਾਰੀ ਦੇ ਦੂਜੇ ਦਿਨ ਸੂਬੇ ਵਿਚੋਂ 3500 ਕਿਲੋ ਪਲਾਸਟਿਕ ਬੈਗ ਜ਼ਬਤ

ਛਾਪੇਮਾਰੀ ਦੇ ਦੂਜੇ ਦਿਨ ਸੂਬੇ ਵਿਚੋਂ 3500 ਕਿਲੋ ਪਲਾਸਟਿਕ ਬੈਗ ਜ਼ਬਤ
ਲੁਧਿਆਣਾ ਵਿਚੋਂ 1150 ਕਿਲੋ ਪਲਾਸਟਿਕ ਬੈਗ ਜ਼ਬਤ
ਚੰਡੀਗੜ੍ਹ, 19 ਜੂਨ (ਸ.ਬ.) ਪਲਾਸਟਿਕ ਕੈਰੀ ਬੈਗਾਂ ਦੀ ਵਰਤੋਂ ਨੂੰ ਠੱਲ੍ਹ ਪਾਉਣ ਲਈ ਛਾਪੇਮਾਰੀ ਨੂੰ ਜਾਰੀ ਰੱਖਦਿਆਂ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਟੀਮਾਂ ਨੇ ਮਿਲ ਕੇ ਮੰਗਲਵਾਰ ਸ਼ਾਮ ਨੂੰ 175 ਦੁਕਾਨਾਂ/ਗੋਦਾਮਾਂ ਤੇ ਛਾਪੇਮਾਰੀ ਕੀਤੀ ਜਿਸ ਤਹਿਤ ਪਲਾਸਟਿਕ ਕੈਰੀ ਬੈਗ (ਉਤਪਦਾਨ, ਵਰਤੋਂ ਤੇ ਨਿਪਟਾਰਾ) ਕੰਟਰੋਲ ਐਕਟ, 2005 ਮੁਤਾਬਕ ਉਲੰਘਣਾ ਦੇ 88 ਮਾਮਲੇ ਸਾਹਮਣੇ ਆਏ| ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ੍ਰੀ ਕੇ.ਐਸ. ਪੰਨੂ ਨੇ ਦਿੱਤੀ| ਸ੍ਰੀ ਪੰਨੂ ਨੇ ਦੱਸਿਆ ਕਿ ਛਾਪੇਮਾਰੀ ਦੇ ਦੂਜੇ ਦਿਨ 3500 ਕਿਲੋ ਪਲਾਸਟਿਕ ਕੈਰੀ ਬੈਗ ਜ਼ਬਤ ਕੀਤੇ ਗਏ ਜਦੋਂ ਕਿ ਸ਼ਨੀਵਾਰ ਨੂੰ ਕੀਤੀ ਛਾਪੇਮਾਰੀ ਦੌਰਾਨ 4000 ਕਿਲੋ ਪਲਾਸਟਿਕ ਕੈਰੀ ਬੈਗ ਜ਼ਬਤ ਕੀਤੇ ਗਏ ਸਨ| ਉਨ੍ਹਾਂ ਦੱਸਿਆ ਕਿ ਇਸ ਸਬੰਧੀ 82 ਚਲਾਨ ਜਾਰੀ ਕੀਤੇ ਗਏ ਅਤੇ ਮੌਕੇ ਤੇ ਹੀ ਲਗਭਗ 50,000 ਰੁਪਏ ਜ਼ੁਰਮਾਨੇ ਵਜੋਂ ਇੱਕਠੇ ਕੀਤੇ ਗਏ| ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ ਲੁਧਿਆਣਾ ਜ਼ਿਲ੍ਹੇ ਵਿੱਚੋਂ 1150 ਕਿਲੋ ਪਲਾਸਟਿਕ ਕੈਰੀ ਬੈਗ ਜ਼ਬਤ ਕੀਤੇ ਗਏ|
ਉਹਨਾਂ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸੂਬੇ ਭਰ ਵਿੱਚੋਂ ਪਲਾਸਟਿਕ ਬੈਗਾਂ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਕੋਸ਼ਿਸ਼ਾਂ ਜਾਰੀ ਹਨ| ਲੋਕਾਂ ਨੂੰ ਪਲਾਸਟਿਕ ਬੈਗਾਂ ਦੀ ਵਰਤੋਂ ਨਾ ਕਰਨ ਦੀ ਅਪੀਲ ਕਰਦਿਆਂ ਸ੍ਰੀ ਪੰਨੂ ਨੇ ਕਿਹਾ ਕਿ ਪਲਾਸਟਿਕ ਬੈਗ ਵਾਤਾਵਰਣ ਲਈ ਗੰਭੀਰ ਸਮੱਸਿਆ ਹਨ ਅਤੇ ਇਹਨਾਂ ਦੀ ਵਰਤੋਂ ਰੋਕਣੀ ਲਾਜ਼ਮੀ ਹੈ|

Leave a Reply

Your email address will not be published. Required fields are marked *