ਛਾਪੇਮਾਰੀ ਦੌਰਾਨ ਪੁਲੀਸ ਤੇ ਗੋਲੀਆਂ ਚਲਾ ਕੇ ਇੱਕ ਵਿਅਕਤੀ ਫਰਾਰ

ਮੈਲਬੌਰਨ, 27 ਫਰਵਰੀ (ਸ.ਬ.) ਸ਼ਹਿਰ ਵਿੱਚ ਅੱਜ ਛਾਪੇਮਾਰੀ ਦੌਰਾਨ ਪੁਲੀਸ ਤੇ ਗੋਲੀਆਂ ਚਲਾ ਕੇ ਇੱਕ ਵਿਅਕਤੀ ਫਰਾਰ ਹੋ ਗਿਆ| ਪੁਲੀਸ ਦਾ ਕਹਿਣਾ ਹੈ ਕਿ ਦੋਸ਼ੀ ਦੀ ਪਛਾਣ 33 ਸਾਲਾ ਨਗਾਹੀ ਲੀ ਦੇ ਰੂਪ ਵਿੱਚ ਹੋਈ ਹੈ ਅਤੇ ਉਸ ਵਲੋਂ ਉਸ ਦੀ ਵੱਡੇ ਪੱਧਰ ਤੇ ਭਾਲ ਕੀਤੀ ਜਾ ਰਹੀ ਹੈ| ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲੀਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ  ਅੱਜ ਸਵੇਰੇ ਵੱਡੀ ਗਿਣਤੀ ਵਿੱਚ ਪੁਲੀਸ ਨੇ ਨਸ਼ਿਆਂ ਦੀ ਤਸਕਰੀ ਨੂੰ ਲੈ ਕੇ ਸੇਂਟ ਐਲਬਨਸ ਕਸਬੇ ਵਿੱਚ ਸਥਿਤ ਇੱਕ ਘਰ ਤੇ ਛਾਪੇਮਾਰੀ ਕੀਤੀ| ਇਸ ਦੌਰਾਨ ਅੰਦਰ ਮੌਜੂਦ ਲੀ ਨੇ ਪੁਲੀਸ ਅਧਿਕਾਰੀਆਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ| ਜਵਾਬ ਵਿੱਚ ਜਦੋਂ ਉਨ੍ਹਾਂ ਨੇ ਉਸ ਤੇ ਗੋਲੀਆਂ ਚਲਾਈਆਂ ਤਾਂ ਉਹ ਉੱਥੋਂ ਫਰਾਰ ਹੋ ਗਿਆ|
ਬੁਲਾਰੇ ਨੇ ਦੱਸਿਆ ਲੀ ਨੇ ਜਿਸ ਬੰਦੂਕ ਨਾਲ ਗੋਲੀਆਂ ਚਲਾਈਆਂ ਸਨ, ਫਰਾਰ ਹੋਣ ਸਮੇਂ ਉਹ ਉਸ ਨੂੰ ਵੀ ਨਾਲ ਲੈ ਗਿਆ| ਉਸ ਦਾ ਕਹਿਣਾ ਹੈ ਕਿ ਪੁਲੀਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ| ਇਸ ਨਾਲ ਹੀ ਸੁਰੱਖਿਆ ਦੇ ਮੱਦੇਨਜ਼ਰ ਨਜ਼ਦੀਕ ਪੈਂਦੇ ਇੱਕ ਪ੍ਰਾਇਮਰੀ ਸਕੂਲ ਨੂੰ ਵੀ ਬੰਦ ਕਰਵਾ ਦਿੱਤਾ ਹੈ| ਬੁਲਾਰੇ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਲੀ ਦਿਖਾਈ ਦੇਵੇ ਜਾਂ ਉਸ ਬਾਰੇ ਕੋਈ ਵੀ ਜਾਣਕਾਰੀ ਮਿਲੇ ਤਾਂ ਉਹ ਤੁਰੰਤ ਇਸ ਬਾਰੇ ਪੁਲੀਸ ਨੂੰ ਸੁਚਿਤ ਕਰੇ|
ਉਸ ਦੀ ਸਰੀਰਕ ਦਿੱਖ ਨੂੰ ਬਿਆਨ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਲੀ ਮੂਲ ਰੂਪ ਵਿੱਚ ਕਿਸੇ ਏਸ਼ੀਅਨ ਦੇਸ਼ ਦਾ ਰਹਿਣ ਵਾਲਾ ਹੈ| ਉਸ ਦਾ ਕੱਦ 170 ਸੈਂਟੀਮੀਟਰ, ਭੂਰੀਆਂ ਅੱਖਾਂ ਅਤੇ ਪਤਲਾ ਸਰੀਰ ਹੈ|

Leave a Reply

Your email address will not be published. Required fields are marked *