ਛੋਟੇ ਛੋਟੇ ਬੱਚੇ ਕਰ ਰਹੇ ਹਨ ਸੁੰਘਣ ਵਾਲਾ ਨਸ਼ਾ

ਫੇਜ਼ 2 ਦੇ ਵਸਨੀਕਾਂ ਨੇ ਪਾਰਕ ਵਿੱਚ ਨਸ਼ਾ ਕਰਦੇ ਚਾਰ ਬੱਚੇ ਫੜੇ, ਬੱਚਿਆਂ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਨੂੰ ਸੌਂਪੇ
ਐਸ.ਏ.ਐਸ.ਨਗਰ, 19 ਸਤੰਬਰ (ਆਰ.ਪੀ.ਵਾਲੀਆ) ਪੰਜਾਬ ਸਰਕਾਰ ਵਲੋਂ ਭਾਵੇਂ ਸਮੇਂ-ਸਮੇਂ ਤੇ ਦਾਅਵੇ ਕੀਤੇ ਜਾਂਦੇ ਹਨ ਕਿ ਸਰਕਾਰ ਵਲੋਂ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਦੇ ਖਾਤਮੇ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਪਰਤੂੰ ਇਹ ਦਾਅਵੇ ਸਿਰਫ ਹਵਾ ਹਵਾਈ ਹੀ ਜਾਪਦੇ ਹਨ| ਹਾਲਾਤ ਇਹ ਹਨ ਕਿ ਹੁਣ ਛੋਟੇ ਛੋਟੇ ਬੱਚੇ ਵੀ ਨਸ਼ੇ ਦੇ ਆਦਿ ਹੋ ਰਹੇ ਹਨ| ਇਸਦੀ ਇੱਕ ਵੱਡੀ ਉਦਾਹਰਣ ਫੇਜ਼ 2 ਦੇ ਪਾਰਕ ਵਿੱਚ ਅੱਜ ਖੁੱਲੇਆਮ ਨਸ਼ੇ ਦਾ ਸੇਵਨ ਕਰਦੇ ਬੱਚਿਆਂ ਦੇ ਮਿਲਣ ਤੋਂ ਬਾਅਦ ਮਿਲੀ ਹੈ|
ਸਥਾਨਕ ਫੇਜ਼ 2 ਵਿੱਚ ਗਿਆਨ ਜੋਤੀ ਸਕੂਲ ਦੇ ਨਾਲ ਐਚ.ਐਮ. 25 ਦੇ ਸਾਹਮਣੇ ਬਣੇ ਪਾਰਕ ਵਿੱਚ 8 ਤੋਂ 10 ਸਾਲ ਦੀ ਉਮਰ ਦੇ ਅਜਿਹੇ ਚਾਰ ਛੋਟੇ ਛੋਟੇ ਬੱਚੇ ਇਹ ਅਜੀਬ ਨਸ਼ਾ ਕਰਦੇ ਫੜੇ ਗਏ ਹਨ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਚੇ ਇੱਥੇ ਨਾਲ ਬਣੀ ਆਦਰਸ਼ ਕਾਲੋਨੀ (ਝੁੱਗੀਆਂ) ਦੇ ਨਿਵਾਸੀ ਸਨ ਅਤੇ ਪਾਰਕ ਵਿੱਚ ਬੈਠ ਕੇ ਸ਼ਰੇਆਮ ਕੁਝ ਨਸ਼ੀਲੀਆਂ ਚੀਜਾਂ ਸੁੰਘ ਕੇ ਨਸ਼ਾ ਲੈ ਰਹੇ ਸਨ| ਇਸ ਦੌਰਾਨ ਪਾਰਕ ਵਿੱਚ ਮੌਜੂਦ ਕੁਝ ਲੋਕਾਂ ਨੇ ਜਦੋਂ ਇਨ੍ਹਾਂ ਬੱਚਿਆਂ ਨੂੰ ਨਸ਼ਾ ਲੈਂਦੇ ਦੇਖਿਆ ਤਾਂ ਉੱਥੇ ਰੌਲਾ ਪੈਣ ਨਾਲ ਹੋਰ ਲੋਕ ਇੱਕਠੇ ਹੋ ਗਏ| ਲੋਕਾਂ  ਦੀ ਭੀੜ ਦੇਖ ਕੇ ਇਨ੍ਹਾਂ ਵਿਚੋਂ 3 ਬੱਚੇ ਉੱਥੋਂ ਭੱਜ ਗਏ ਪਰਤੂੰ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਦੇ ਪਿੱਛੇ ਭੱਜ ਕੇ ਉਨ੍ਹਾਂ ਨੂੰ ਫੜ੍ਹ ਲਿਆ| ਇਹ ਬੱਚੇ ਪਾਰਕ ਦੇ ਬੈਂਚ ਤੇ ਬੈਠ ਕੇ ਜੁੱਤੀਆਂ ਜੋੜਨ ਲਈ ਇਸਤੇਮਾਲ ਕੀਤੀ ਜਾਣ ਵਾਲੀ ਸਲੋਸ਼ਨ ਨੂੰ ਸੁੰਘ ਕੇ ਨਸ਼ਾ ਲੈ ਰਹੇ ਸਨ|  
ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਵਲੋਂ ਚਾਇਲਡ ਹੈਲਪਲਾਈਨ ਨੰ. ਤੇ ਫੋਨ ਕਰਕੇ ਮੈਡਮ ਸ਼ੀਤਲ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਮੌਕੇ ਤੇ ਬੁਲਾਇਆ ਜੋ ਇਹਨਾਂ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਕੋਲ ਲੈ ਗਏ| ਉਹਨਾਂ ਦੱਸਿਆ ਕਿ  ਇਨ੍ਹਾਂ ਬੱਚਿਆਂ ਦੇ ਨਾਲ-ਨਾਲ ਇਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਵੀ ਕਾਊਂਸਲਿੰਗ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਕਰਵਾਇਆ           ਜਾਵੇਗਾ ਤਾਂ ਜੋ ਉਹ ਨਸ਼ਿਆਂ ਦੀ ਇਸ ਭਿਆਨਕ ਦਲਦਲ ਵਿਚੋਂ ਬਾਹਰ ਨਿਕਲ ਸਕਣ|
ਇਹਨਾਂ ਛੋਟੇ ਛੋਟੇ ਬੱਚਿਆਂ ਵਲੋਂ ਇਸ ਤਰੀਕੇ ਨਾਲ ਖੁੱਲੇਆਮ ਨਸ਼ਾ ਕਰਨ ਦੀ ਇਸ ਕਾਰਵਾਈ ਨਾਲ ਸ਼ਹਿਰ ਦੀ ਪੁਲੀਸ ਵਿਵਸਥਾ ਵੀ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਹੈ| ਇਹ ਬੱਚੇ   ਜੇਕਰ ਇੰਨੀ ਛੋਟੀ ਉਮਰ ਵਿੱਚ ਹੀ ਨਸ਼ਿਆਂ ਦੇ ਆਦੀ ਹੋ ਗਏ ਤਾਂ ਵੱਡੇ ਹੋਣ ਤੇ ਇਹ ਪੂਰੀ ਤਰ੍ਹਾਂ ਨਸ਼ੇ ਦੀ ਗ੍ਰਿਫਤ ਵਿੱਚ ਆ ਜਾਣਗੇ ਅਤੇ ਗੈਰ ਸਮਾਜਿਕ ਗਤੀਵਿਧੀਆਂ ਵਿੱਚ ਸ਼ਾਮਿਲ ਹੋਣਗੇ| ਇਸ ਨਾਲ ਜਾਹਿਰ ਹੁੰਦਾ ਹੈ ਕਿ ਸੂਬੇ ਵਿੱਚ ਨਸ਼ੇ ਦੀ ਵਰਤੋਂ ਹੁਣ ਖੁੱਲੇਆਮ ਬਿਨ੍ਹਾਂ ਕਿਸੇ ਡਰ ਤੋਂ ਹੋਣ ਲੱਗੀ ਹੈ| 
ਹਾਲਾਤ ਇਹ ਹਨ ਕਿ ਲੋਕ ਆਪਣੇ ਨਸ਼ੇ ਦੀ ਲੋੜ ਦੀ ਪੂਰਤੀ ਲਈ ਚੋਰੀਆਂ-ਠੱਗੀਆਂ ਤੋਂ ਲੈ ਕੇ ਕਤਲ ਤੱਕ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ| ਸ਼ਹਿਰ ਵਿੱਚ ਥਾਂ-ਥਾਂ ਤੇ ਬਣੇ ਪੀ.ਜੀ. ਕੇਂਦਰਾਂ ਵਿੱਚ ਰਹਿਣ ਵਾਲੇ ਮੁੰਡੇ ਕੁੜੀਆਂ ਵਲੋਂ ਇਨ੍ਹਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਸ਼ਰੇਆਮ ਕਰਨ ਨਾਲ ਸ਼ਹਿਰ ਦੇ ਬੱਚਿਆਂ ਅਤੇ ਨੌਜਵਾਨਾਂ ਤੇ ਇਸਦਾ ਮਾਰੂ ਪ੍ਰਭਾਵ  ਦੇਖਣ ਨੂੰ ਮਿਲ ਰਿਹਾ ਹੈ| ਸਥਾਨਕ ਲੋਕਾਂ ਦੀ ਮੰਗ ਹੈ ਕਿ ਇਨ੍ਹਾਂ ਨਸ਼ਾ ਤਸਕਰਾਂ ਨੂੰ ਫੜ੍ਹ ਕੇ ਇਨ੍ਹਾਂ ਵਿਰੁਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਦੇਸ਼ ਦੀ ਨਵੀਂ ਪੀੜ੍ਹੀ ਨੂੰ ਨਸ਼ਿਆਂ ਦੀ ਗ੍ਰਿਫਤ ਵਿੱਚ ਜਕੜੇ ਜਾਣ ਤੋਂ ਬਚਾਇਆ ਜਾ             ਸਕੇ|

Leave a Reply

Your email address will not be published. Required fields are marked *