ਛੱਤੀਸਗੜ੍ਹ: ਮੁਕਾਬਲੇ ਵਿੱਚ 11 ਨਕਸਲੀ ਮਾਰੇ ਗਏ, 2 ਲਾਸ਼ਾਂ ਬਰਾਮਦ

ਸੁਕਮਾ, 28 ਅਪ੍ਰੈਲ (ਸ.ਬ.) ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ਵਿੱਚ ਅੱਜ ਸਵੇਰ ਪੁਲੀਸ ਨੇ ਨਕਸਲੀ ਕੈਂਪ ਤੇ ਦਬਿਸ਼ ਦੇ ਕੇ 11 ਵਰਦੀਧਾਰੀ ਨਕਸਲੀਆਂ ਨੂੰ ਮਾਰ ਸੁੱਟਿਆ, ਜਿਨ੍ਹਾਂ ਵਿੱਚੋਂ 2 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ| ਪੁਲੀਸ ਨੇ ਕੈਂਪ ਨੂੰ ਨਸ਼ਟ ਕਰ ਦਿੱਤਾ ਹੈ| ਮੌਕੇ ਤੋਂ 11 ਬੰਦੂਕਾਂ, ਗੋਲਾ ਬਾਰੂਦ ਸਮੇਤ ਹੋਰ ਸਮੱਗਰੀਆਂ ਜ਼ਬਤ ਕੀਤੀਆਂ ਗਈਆਂ ਹਨ| ਬਸਤਰ ਆਈ.ਜੀ. ਵਿਵੇਕਾਨੰਦ ਸਿਨਹਾ ਅਤੇ ਡੀ.ਆਈ.ਜੀ. ਪੀ. ਸੁੰਦਰਰਾਜ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਬੁਰਕਾਪਾਲ ਖੇਤਰ ਦੇ ਜੰਗਲ ਵਿੱਚ ਨਕਸਲੀਆਂ ਨੇ ਕੈਂਪ ਬਣਾਇਆ ਹੈ| ਡੀ.ਆਰ.ਜੀ. ਅਤੇ ਡੀ.ਐਫ. ਦੀ ਸਾਂਝੀ ਫੋਰਸ ਰਵਾਨਾ ਕੀਤੀ ਗਈ, ਜਿਸ ਨੇ ਯੋਜਨਾਬੱਧ ਤਰੀਕੇ ਨਾਲ ਇਲਾਕੇ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ| ਪੁਲੀਸ ਦੀ ਮੌਜੂਦਗੀ ਦੇਖਦੇ ਹੋਏ ਨਕਸਲੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ| ਜਵਾਬੀ ਕਾਰਵਾਈ ‘ਚ ਪੁਲਸ ਫੋਰਸ ਨੇ ਵੀ ਮੋਰਚਾ ਸੰਭਾਲਦੇ ਹੋਏ ਫਾਇਰਿੰਗ ਕੀਤੀ|
ਲਗਭਗ 2 ਘੰਟਿਆਂ ਤੱਕ ਦੋਹਾਂ ਵੱਲੋਂ ਹੋਈ ਗੋਲੀਬਾਰੀ ਤੋਂ ਬਾਅਦ ਨਕਸਲੀ ਜੰਗਲ ਵਿੱਚ ਦੌੜ ਗਏ| ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਦੀ ਸਰਚਿੰਗ ਦੌਰਾਨ ਇਕ ਪੁਰਸ਼ ਅਤੇ ਇਕ ਮਹਿਲਾ ਨਕਸਲੀ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ| ਉਨ੍ਹਾਂ ਨੇ ਦੱਸਿਆ ਕਿ ਮੌਕੇ ਤੋਂ ਬਰਾਮਦ 11 ਬੰਦੂਕਾਂ ਮੁਕਾਬਲੇ ਵਾਲੀ ਜਗ੍ਹਾ ਤੇ ਮੌਜੂਦ ਸਬੂਤ, ਖੂਨ ਦੇ ਨਿਸ਼ਾਨ ਅਤੇ ਘਸੀਟੇ ਜਾਣ ਦੇ ਨਿਸ਼ਾਨਾਂ ਤੋਂ ਇਹ ਪ੍ਰਮਾਣਿਤ ਹੁੰਦਾ ਹੈ ਕਿ ਮੁਕਾਬਲੇ ਵਿੱਚ ਘੱਟੋ-ਘੱਟ 11 ਨਕਸਲੀ ਮਾਰੇ ਗਏ ਹਨ ਅਤੇ ਕਈ ਖੂਨ ਨਾਲ ਲੱਥਪੱਥ ਹਨ, ਬਾਕੀ ਸਾਥੀਆਂ ਦੀਆਂ ਲਾਸ਼ਾਂ ਆਪਣੇ ਨਾਲ ਲਿਜਾਉਣ ਵਿੱਚ ਸਫ਼ਲ ਹੋ ਗਏ| ਉਨ੍ਹਾਂ ਨੇ ਦੱਸਿਆ ਕਿ 11 ਨਕਸਲੀਆਂ ਦੇ ਮਾਰੇ ਜਾਣ ਦੀ ਇਸ ਗੱਲ ਤੋਂ ਪੁਸ਼ਟੀ ਹੁੰਦੀ ਹੈ ਕਿ ਨਕਸਲੀ ਕਦੇ ਹਥਿਆਰ ਛੱਡ ਕੇ ਨਹੀਂ ਦੌੜਦੇ ਅਤੇ 11 ਬੰਦੂਕਾਂ ਦਾ ਮਿਲਣਾ ਖੁਦ ਪ੍ਰਮਾਣ ਹੈ| ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਤੋਂ 11 ਬੰਦੂਕਾਂ, ਬੈਨਰ, ਪੋਸਟਰ, ਨਕਸਲੀ ਸਾਹਿਤ, ਦਵਾਈਆਂ, ਗੋਲਾ-ਬਾਰੂਦ, ਡੇਟੋਨੇਟਰ, ਬਿਜਲੀ ਦੇ ਤਾਰ, ਬੈਟਰੀ ਅਤੇ ਭਾਰੀ ਮਾਤਰਾ ਵਿੱਚ ਉਪਯੋਗ ਦੀਆਂ ਸਮੱਗਰੀਆਂ ਬਰਾਮਦ ਕੀਤੀਆਂ ਗਈਆਂ ਹਨ|

Leave a Reply

Your email address will not be published. Required fields are marked *