ਜਗਤਪੁਰਾ ਵਿੱਚ ਕਰਜੇ ਤੋਂ ਦੁਖੀ ਕਿਸਾਨ ਵਲੋਂ ਤੇਜਾਬ ਪੀ ਕੇ ਖੁਦਕੁਸ਼ੀ

ਐਸ ਏ ਐਸ ਨਗਰ, 17 ਅਗਸਤ (ਸ.ਬ.) ਨਜਦੀਕੀ ਪਿੰਡ ਜਗਤਪੁਰਾ ਦੇ ਵਸਨੀਕ ਕਿਸਾਨ ਹਰਪ੍ਰੀਤ ਸਿੰਘ ਵਲੋਂ ਪਿਛਲੇ ਦਿਨ ਤੇਜਾਬ ਪੀ ਕੇ ਖੁਦਕੁਸ਼ੀ ਕਰਨ ਦਾ ਦੁਖਦ ਸਮਾਚਾਰ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਤੇ ਲਗਭਗ 12 ਲੱਖ ਰੁਪਏ ਦਾ ਕਰਜਾ ਸੀ ਅਤੇ ਉਹ ਪਿਛਲੇ ਕਾਫੀ ਸਮੇਂ ਤੋਂ ਪ੍ਰੇਸ਼ਾਨ ਚਲ ਰਿਹਾ ਸੀ| ਮ੍ਰਿਤਕ ਆਪਣੇ ਪਿੱਛੇ ਬੀਵੀ ਅਤੇ ਦੋ ਬੱਚੇ ਛੱਡ ਗਿਆ ਹੈ|
ਪ੍ਰਾਪਤ ਜਾਣਾਕਰੀ ਅਨੁਸਾਰ ਮ੍ਰਿਤਕ ਪਿਛਲੇ 15 ਕੁ ਸਾਲ ਤੋਂ ਜਗਤਪੁਰਾ ਵਿੱਚ ਰਹਿ ਰਿਹਾ ਸੀ| ਉਸਦੀ ਜਮੀਨ ਫਿਰੋਜਪੁਰ ਜਿਲ੍ਹੇ ਵਿੱਚ ਦੱਸੀ ਗਈ ਹੈ| ਉਸਦੇ ਬੱਚੇ ਇੱਥੇ ਪੜ੍ਹਦੇ ਸੀ| ਹਰਪੀ੍ਰਤ ਅਤੇ ਉਸਦਾ ਵੱਡਾ ਭਰਾ ਆਪਣੇ ਪਰਿਵਾਰ ਸਮੇਤ 15 ਕੁ ਸਾਲ ਪਹਿਲਾਂ ਜਗਤਪੁਰਾ ਰਹਿਣ ਲੱਗ ਗਏ ਸੀ| ਉਸਦੇ ਵੱਡੇ ਭਰਾ ਦੀ ਵੀ ਪੰਜ ਸਾਲ ਪਹਿਲਾਂ ਬਿਮਾਰੀ ਕਾਰਨ ਮੌਤ ਹੋ ਗਈ ਸੀ ਜਿਸ ਤੇ ਉਸਦਾ ਕਾਫੀ ਖਰਚਾ ਹੋਇਆ ਸੀ ਅਤੇ ਉਹ ਕਰਜੇ ਕਾਰਨ ਕਾਫੀ ਸਮੇਂ ਤੋਂ ਪ੍ਰੇਸ਼ਾਨ ਚਲ ਰਿਹਾ ਸੀ| ਪ੍ਰਾਪਤ ਜਾਣਕਾਰੀ ਅਨੁਸਾਰ ਉਸਨੇ ਨਿਰਾਸ਼ਾ ਵਿੱਚ ਤੇਜਾਬ ਪੀ ਲਿਆ ਜਿਸ ਤੋਂ ਬਾਅਦ ਉਸਦੇ ਪਰਿਵਾਰ ਵਲੋਂ ਉਸਨੂੰ ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ| ਇਸ ਸੰਬੰਧੀ ਸੋਹਾਣਾ ਪੁਲੀਸ ਵਲੋਂ ਸੀ ਆਰ ਪੀ ਸੀ ਦੀ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ| ਮਾਮਲੇ ਦੇ ਤਫਤੀਸ਼ੀ ਅਫਸਰ ਲਖਬੀਰ ਸਿੰਘ ਅਨੁਸਾਰ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *