ਜਦੋਂ ਤਿੰਨ ਘੰਟੇ ਜਖਮੀ ਵੱਛਾ ਸੜਕ ਉਪਰ ਹੀ ਤੜਫਦਾ ਰਿਹਾ

ਜਦੋਂ ਤਿੰਨ ਘੰਟੇ ਜਖਮੀ ਵੱਛਾ ਸੜਕ ਉਪਰ ਹੀ ਤੜਫਦਾ ਰਿਹਾ
ਜਖਮੀ ਵੱਛੇ ਦੀ ਗਊ ਸੇਵਾ ਦਲਾਂ ਨੇ ਨਾ ਕੀਤੀ ਸੰਭਾਲ
ਐਸ ਏ ਐਸ ਨਗਰ, 9 ਜੂਨ (ਸ. ਬ.) ਸਥਾਨਕ ਫੇਜ 2 ਦੀ ਬੀ ਰੋਡ ਉਪਰ (ਕੋਠੀ ਨੰਬਰ 152 ਨੇੜੇ) ਅੱਜ ਸਵੇਰੇ ਇਕ ਵੱਛਾ ਜਖਮੀ ਹਾਲਤ ਵਿਚ ਤਿੰਨ ਘੰਟੇ ਤੱਕ ਤੜਫਦਾ ਰਿਹਾ, ਜਿਸ ਦੀ ਸੰਭਾਲ ਲਈ ਨਾ ਤਾਂ ਕੋਈ ਗਊ ਰਖਿਆ ਦਲ ਆਇਆ ਅਤੇ ਨਾ ਹੀ ਗਉਸਾਲਾ ਵਾਲਿਆਂ ਨੇ ਉਸਦੀ ਸਾਰ ਲਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸੱਕਤਰ ਕੰਵਰਜੋਤ ਸਿੰਘ ਰਾਜਾ ਮੁਹਾਲੀ ਨੇ ਦਸਿਆ ਕਿ ਸਵੇਰ ਵੇਲੇ ਇਹ ਵੱਛਾ ਉਪਰੋਕਤ ਥਾਂ ਉਪਰ ਤੜਫਦੀ ਹਾਲਤ ਵਿਚ ਦੇਖਿਆ ਗਿਆ| ਇਹ ਵੱਛਾ ਖੜਾ ਹੋ ਜਾਂਦਾ ਸੀ ਪਰ ਨਾਲ ਦੀ ਨਾਲ ਹੀ ਡਿੱਗ ਜਾਂਦਾ ਸੀ, ਇਸ ਵੱਛੇ ਦੀ ਹਾਲਤ ਕਾਫੀ ਖਰਾਬ ਹੋ ਰਹੀ ਸੀ| ਇਹ ਵੇਖ ਕੇ ਉਥੇ ਇਲਾਕਾ ਵਾਸੀ ਇਕਠੇ ਹੋ ਗਏ ਅਤੇ ਉਹਨਾਂ ਨੇ ਵੱਛੇ ਨੂੰ ਪਾਣੀ ਪਿਲਾਇਆ|
ਉਹਨਾਂ ਕਿਹਾ ਕਿ ਉਥੇ ਮੌਜੂਦ  ਲੋਕ ਤਿੰਨ ਘੰਟੇ ਤਕ ਇਸ ਦੀ ਸੂਚਨਾ ਦੇਣ ਲਈ ਗਊਸ਼ਾਲਾ ਦੇ ਨੰਬਰ ਤੇ ਫੋਨ ਕਰਦੇ ਰਹੇ ਪਰੰਤੂ ਇਹ ਨੰਬਰ ਕਿਤੇ ਹੋਰ ਹੀ ਲੱਗਦਾ ਸੀ| ਇਸ ਕਾਰਨ ਨਾ ਤਾਂ ਕਿਸੇ ਨੇ ਉਸ ਜਖਮੀ ਜਾਨਵਰ ਦੀ ਸਾਰ ਲਈ ਅਤੇ ਨਾ ਹੀ ਗਊਸ਼ਾਲਾ ਤੋਂ ਮੌਕੇ ਉਪਰ ਪਹੁੰਚਿਆ| ਉਹਨਾਂ ਕਿਹਾ ਕਿ ਹੈਰਾਨੀ ਦੀ ਗਲ ਤਾਂ ਇਹ ਰਹੀ ਕਿ ਗਊ ਹਤਿਆ ਦਾ ਵਿਰੋਧ ਕਰਨ ਵਾਲੇ ਅਤੇ ਗਊ ਭਗਤ ਹੋਣ ਦਾ ਦਾਅਵਾ ਕਰਨ ਵਾਲੇ ਗਊ ਭਗਤ ਦਲਾਂ ਵਿਚੋਂ ਵੀ ਕੋਈ ਵੀ ਮੌਕੇ  ਉਪਰ ਕੋਈ ਨਹੀਂ ਪਹੁੰਚਿਆ| ਲਗਭਗ ਤਿੰਨ ਘੰਟੇ ਬਾਅਦ ਉਥੇ ਗਊਸ਼ਾਲਾ ਤੋਂ ਡਾਕਟਰ ਸੁਮਿਤ ਸਿੰਘ ਉੱਥੇ ਪਹੁੰਚੇ ਜਿਹਨਾਂ ਨੇ ਤੜਫ ਰਹੇ ਵੱਛੇ ਨੂੰ ਮੁੱਢਲੀ ਸਹਾਇਤਾ ਦਿਤੀ| ਇਸ ਉਪਰੰਤ ਉਥੇ ਪੁਲੀਸ ਬੁਲਾ ਕੇ ਰਸਤਾ ਬੰਦ ਕਰਵਾਇਆ ਗਿਆ ਅਤੇ ਨਗਰ ਨਿਗਮ ਦੀ ਗੱਡੀ ਰਾਂਹੀ ਵੱਛੇ ਨੂੰ ਸੈਕਟਰ 38 ਵਿਖੇ ਐਸ. ਪੀ. ਸੀ. ਏ ਵਲੋਂ ਚਲਾਏ ਜਾ ਰਹੇ ਪਸ਼ੂ ਕੇਂਦਰ ਤੱਕ ਪਹੁੰਚਾਇਆ ਗਿਆ|
ਇਸ ਮੌਕੇ ਮੌਜੂਦ ਲੋਕਾਂ ਵਿਚ ਵੀ ਗਊਸ਼ਾਲਾ ਅਤੇ ਗਊ ਰਖਿਆ ਦਲਾਂ ਦੀ ਢਿਲੀ ਕਾਰਗੁਜਾਰੀ ਅਤੇ ਨਾ ਮੌਜੂਦਗੀ ਕਾਰਨ ਕਾਫੀ ਰੋਸ ਪਾਇਆ ਜਾ ਰਿਹਾ ਸੀ| ਲੋਕ ਕਹਿ ਰਹੇ ਸਨ ਕਿ ਗਊ ਰਖਿਆ ਦੇ ਨਾਮ ਉਪਰ ਰਾਜਨੀਤੀ ਕਰਨ ਵਾਲੇ ਲੋਕ ਗਲੀਆਂ ਵਿਚ ਰੁਲਦੀਆਂ ਫਿਰਦੀਆਂ ਗਊਆਂ ਅਤੇ ਗਊ ਵੰਸ਼ ਦੀ ਕੋਈ ਵੀ ਸਾਰ ਨਹੀਂ ਲੈ ਰਹੇ ਅਤੇ ਇਹਨਾਂ ਲਵਾਰਸ ਗਊਆਂ ਦਾ ਕੋਈ ਵੀ ਵਾਲੀਵਾਰਸ ਨਹੀਂ ਬਣਦਾ ਜਦੋਂ ਕਿ ਦੁਧਾਰੂ ਗਉ ਨੂੰ ਹਰ ਕੋਈ ਹੀ ਆਪਣੇ ਕਿਲੇ ਨਾਲ ਬੰਨਣੀ ਚਾਹੁੰਦਾ ਹੈ|
ਇਸ  ਸਬੰਧੀ ਸੰਪਰਕ ਕਰਨ ਤੇ ਡਾ ਸੁਮਿਤ ਨੇ ਕਿਹਾ ਕਿ ਰਾਜਾ ਮੁਹਾਲੀ ਵਲੋਂ ਫੋਨ ਤੇ ਦਿਤੀ ਜਾਣਕਾਰੀ ਤੋਂ ਬਾਅਦ ਉਹ ਮੌਕੇ ਉਪਰ ਪਹੁੰਚੇ ਸਨ ਅਤੇ ਵੱਛੇ ਨੂੰ ਉਹਨਾਂ ਨੇ ਦਰਦ ਨਿਵਾਰਕ ਅਤੇ ਐਂਟੀਬਾਈਟਿਕ ਦਵਾਈ ਦਾ ਟੀਕਾ ਲਾਇਆ ਸੀ| ਉਹਨਾਂ ਕਿਹਾ ਕਿ ਇਸ ਵੱਛੇ ਦੇ ਚੂਲੇ ਤੇ ਸੱਟ ਵੱਜੀ ਹੋਈ ਸੀ ਅਤੇ ਇਸ ਦੀ ਰੀੜ ਦੀ ਹੱਡੀ ਦਾ ਮਣਕਾ ਵੀ ਟੁਟਿਆ ਹੋ ਸਕਦਾ ਹੈ|
ਸੰਪਰਕ ਕਰਨ ਤੇ ਸ੍ਰੀ ਗੋਪਾਲ ਗਊਸ਼ਾਲਾ ਕਮੇਟੀ ਮੁਹਾਲੀ ਦੇ ਪ੍ਰਧਾਨ ਸ੍ਰੀ ਭੁਪਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਉਹਨਾਂ ਨੂੰ ਇਸ ਵੱਛੇ ਬਾਰੇ ਕੋਈ ਸੂਚਨਾਂ ਨਹੀਂ ਮਿਲੀ ਸੀ ਨਾ ਹੀ ਡਾ ਸੁਮਿਤ ਨੇ ਇਸਦੀ ਜਾਣਕਾਰੀ ਦਿਤੀ ਸੀ| ਉਹਨਾਂ ਕਿਹਾ ਕਿ ਉਹਨਾਂ ਨੂੰ ਜਦੋਂ ਵੀ ਅਜਿਹੇ ਗਊ ਜਾਂ ਵੱਛੇ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਉਥੇ ਜਾਂਦੇ ਹਨ ਅਤੇ ਗਊਆਂ ਦੀ ਲੋੜੀਂਦੀ ਸੰਭਾਲ ਕਰਦੇ ਹਨ|
ਇਸ  ਮੌਕੇ ਬਾਲ ਭੂਸ਼ਣ ਵਰਮਾ, ਮਨੀਸ਼ ਬਾਂਸਲ, ਨਵਾਬ, ਸਤਪਾਲ ਗੋਇਲ, ਕਪਿਲ, ਸੰਦੀਪ, ਗੁਰਮੀਤ ਸਿੰਘ, ਹੈਡਕਾਂਸਟੇਬਲ ਆਨੰਦ, ਗਗਨ, ਗੁਰਜੀਤ , ਮਨਿੰਦਰ ਸਿੰਘ, ਨਰਿੰਦਰ ਪਾਲ, ਜਸਵਿੰਦਰ ਸਿੰਘ ਅਤੇ ਹੋਰ ਇਲਾਕਾ ਵਾਸੀ ਮੌਜੂਦ ਸਨ|

Leave a Reply

Your email address will not be published. Required fields are marked *