ਜਦੋਂ ਬੱਸ ਦੇ ਏ ਸੀ ਨੇ ਠੰਡੀ ਹਵਾ ਦੀ ਥਾਂ ਮਿੱਟੀ ਛੱਡੀ

ਐਸ ਏ ਐਸ ਨਗਰ, 5 ਜੁਲਾਈ (ਸ. ਬ.) ਪਟਿਆਲਾ ਤੋਂ ਮੁਹਾਲੀ ਰੂਟ ਉਪਰ ਚਲਦੀਆਂ ਪੀ ਆਰ ਟੀ ਸੀ ਦੀਆਂ ਬੱਸਾਂ ਆਪਣੀ ਖਸਤਾ ਹਾਲਤ ਅਤੇ ਰਾਹ ਵਿਚ ਹੀ ਖੜ ਜਾਣ ਕਾਰਨ ਅਕਸਰ ਹੀ ਚਰਚਾ ਦਾ ਵਿਸ਼ਾ ਬਣਦੀਆਂ ਹਨ ਪਰ ਹੁਣ ਪੀ ਆਰ ਟੀ ਸੀ ਦੀ ਪਟਿਆਲਾ ਤੋਂ ਮੁਹਾਲੀ ਆ ਰਹੀ ਏ ਸੀ ਬੱਸ ਦੇ ਏ ਸੀ ਠੰਡੀ ਹਵਾ ਦੀ ਥਾਂ ਮਿੱਟੀ ਤੇ ਰੇਤਾ ਵੀ ਛੱਡਣ ਲੱਗ ਪਏ ਹਨ|
ਇਹ ਏ ਸੀ ਬੱਸ ਅੱਜ ਸਵੇਰੇ 8 ਵਜੇ ਪਟਿਆਲਾ ਬੱਸ  ਅੱਡੇ ਤੋਂ ਚੱਲੀ ਸੀ, ਬਹਾਦਰਗੜ੍ਹ ਤੱਕ ਤਾਂ ਇਸ ਬੱਸ ਦਾ ਏ ਸੀ ਠੀਕ  ਚਲਦਾ ਰਿਹਾ ਪਰ ਉਸ ਤੋਂ  ਅੱਗੇ ਆ ਕੇ ਪਹਿਲਾਂ ਤਾਂ ਏ ਸੀ ਬੰਦ ਹੋ ਗਿਆ ਫਿਰ ਏ ਸੀ ਵਿਚੋਂ ਠੰਡੀ ਹਵਾ ਦੀ ਥਾਂ ਮਿੱਟੀ ਅਤੇ ਰੇਤਾ ਨਿਕਲਣਾ ਸ਼ੁਰੂ ਹੋ ਗਿਆ, ਜਿਸ ਕਾਰਨ ਬੱਸ ਵਿਚ ਬੈਠੀਆਂ ਸਵਾਰੀਆਂ ਦੇ ਕੱਪੜੇ ਖਰਾਬ ਹੋ ਗਏ| ਫਿਰ ਬੱਸ ਵਿਚ ਬੈਠੀਆਂ ਸਵਾਰੀਆਂ ਨੂੰ ਬੱਸ ਦੀਆਂ ਵਿਚਕਾਰਲੀਆਂ ਸੀਟਾਂ ਤੋਂ ਉਠਾ ਕੇ ਪਿਛਲੀਆਂ ਸੀਟਾਂ ਉਪਰ ਬੈਠਾਇਆ ਗਿਆ ਪਰ ਏ ਸੀ ਵਿਚੋਂ ਨਿਕਲ ਰਿਹਾ ਰੇਤਾ ਹਰ ਥਾਂ ਹੀ ਪਹੁੰਚ ਰਿਹਾ ਸੀ| ਜਿਸ ਥਾਂ ਬੱਸ ਮਾੜੀ ਮੋਟੀ ਬੁੜਕ ਜਾਂਦੀ ਸੀ ਤਾਂ ਏ ਸੀ ਵਿਚੋਂ ਬਹੁਤ ਜਿਆਦਾ ਮਾਤਰਾ ਵਿਚ ਰੇਤਾ ਨਿਕਲਦਾ ਸੀ| ਜਿਸ ਕਰਕੇ ਇਸ ਏ ਸੀ ਬੱਸ ਵਿਚ ਸਫਰ ਕਰਨ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪਿਆ|
ਸਵਾਰੀਆਂ ਦਾ ਕਹਿਣਾ ਸੀ ਕਿ ਇਸ ਟਾਇਮ ਪਟਿਆਲਾ ਤੋਂ ਮੁਹਾਲੀ ਲਈ ਨਵੀਂ ਏ ਸੀ ਬੱਸ ਚਲਦੀ ਹੈ ਪਰ ਅੱਜ ਨਵੀਂ ਬੱਸ ਦੀ ਥਾਂ ਪੀ ਆਰ ਟੀ ਸੀ ਦੇ ਅਧਿਕਾਰੀਆਂ ਨੇ ਪੁਰਾਣੀ ਬੱਸ  ਭੇਜ ਦਿਤੀ| ਕੰਡਕਟਰ ਦੇ ਦਸਣ ਅਨੁਸਾਰ ਨਵੀਂ ਬੱਸ ਵੀ ਖਰਾਬ ਸੀ, ਜਿਸ ਕਰਕੇ ਇਸ ਪੁਰਾਣੀ ਬੱਸ ਨੂੰ ਰੂਟ ਉਪਰ ਭੇਜਿਆ ਗਿਆ| ਲੋਕਾਂ ਦਾ ਕਹਿਣਾ ਸੀ ਕਿ ਨਵੀਂ ਬੱਸ ਚਲਦੀ ਹੋਣ ਕਾਰਨ ਲੋਕ ਏ ਸੀ ਬੱਸ ਵਿਚ ਹੀ ਸਫਰ ਕਰਨ ਨੂੰ ਤਰਜੀਹ ਦੇਣ ਲੱਗੇ ਹਨ ਅਤੇ ਚੰਡੀਗੜ੍ਹ ਜਾਣ ਵਾਲੇ ਲੋਕ ਵੀ ਏ ਸੀ ਦੀ ਠੰਡੀ ਹਵਾ ਲੈਣ ਦੇ ਚੱਕਰ ਵਿਚ ਵਾਇਆ ਮੁਹਾਲੀ ਜਾਣ ਲੱਗੇ ਹਨ ਪਰ ਅੱਜ ਆਈ ਪੁਰਾਣੀ ਏ ਸੀ ਬੱਸ ਦੀ  ਹਾਲਤ ਨੇ ਲੋਕਾਂ ਦਾ ਏ ਸੀ ਬੱਸਾਂ ਤੋਂ ਮੋਹ ਭੰਗ ਕਰ ਦਿਤਾ|
ਬੱਸ ਵਿਚ ਸਫਰ ਕਰਨ ਵਾਲੇ ਲੋਕਾਂ ਦਾ ਕਹਿਣਾਂ ਸੀ ਕਿ ਸਰਕਾਰ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਵਿਚ ਅਸਫਲ ਹੋ ਗਈ ਹੈ| ਹਰ ਰੁਟ ਉਪਰ ਹੀ ਮਿਆਦ ਲੰਘੀਆਂ ਅਤੇ ਖਟਾਰਾ ਪੀ ਆਰ ਟੀ ਸ ੀ ਤੇ ਪੰਜਾਬ ਰੋਡਵੇਜ ਦੀਆਂ ਬੱਸਾਂ ਚਲਾਈਆਂ ਜਾ ਰਹੀਆਂ ਹਨ,  ਜਿਨ੍ਹਾਂ ਵਿਚ ਲੋਕ ਰੱਬ ਦੇ ਸਹਾਰੇ ਹੀ ਸਫਰ ਕਰਦੇ  ਹਨ|

Leave a Reply

Your email address will not be published. Required fields are marked *