ਜਨਤਕ ਥਾਵਾਂ ਉੱਪਰ ਹੋ ਰਹੀ ਹੈ ਸ਼ਰੇਆਮ ਸਿਗਰਟਨੋਸ਼ੀ, ਪ੍ਰਸ਼ਾਸਨ ਖਾਮੋਸ਼

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਮੁਹਾਲੀ ਸ਼ਹਿਰ ਵਿੱਚ ਪਾਬੰਦੀ ਦੇ ਬਾਵਜੂਦ ਸਿਗਰਟਨੋਸ਼ੀ ਦਾ ਰੁਝਾਨ ਜਾਰੀ ਹੈ, ਜਿਸ ਨੂੰ ਰੋਕਣ ਵਿਚ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਅਸਫਲ ਹੋ ਗਿਆ ਹੈ| ਹਾਲ ਤਾਂ ਇਹ ਹੈ ਕਿ ਅੱਜ ਮਟੌਰ ਪੁਲੀਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਹੀ ਨੌਜਵਾਨ ਫੁੱਟਪਾਥ ਨੇੜੇ ਖੜ ਕੇ ਸਿਗਰਟਨੋਸ਼ੀ ਕਰਦੇ ਵੇਖੇ ਗਏ| ਸਾਹਮਣੇ ਹੀ ਪੁਲੀਸ ਸਟੇਸ਼ਨ ਹੋਣ ਦੇ ਬਾਵਜੂਦ ਸਿਗਰਟਾਂ ਪੀਣ ਵਾਲੇ ਇਹਨਾਂ ਨੌਜਵਾਨਾਂ ਵਿਚ ਪੁਲੀਸ ਦਾ ਕੋਈ ਡਰ ਭੈਅ ਨਹੀਂ ਸੀ ਤੇ ਉਹ ਸ਼ਰੇਆਮ ਸਿਗਰਟਾਂ ਦੇ ਸੂਟੇ ਲਗਾ ਰਹੇ ਸਨ| ਇਸੇ ਤਰ੍ਹਾਂ ਦਾ ਹੀ ਹਾਲ ਸ਼ਹਿਰ ਦੇ ਵੱਖ ਵੱਖ ਇਲਕਿਆਂ ਦਾ ਹੈ| ਜਿਧਰ ਵੀ ਨਜਰ ਮਾਰੋ ਹਰ ਪਾਸੇ ਹੀ ਜਨਤਕ ਥਾਵਾਂ ਉਪਰ ਸ਼ਰੇਆਮ ਸਿਗਰਟ ਬੀੜੀ ਪੀਂਦੇ ਤੇ ਜਹਿਰੀਲਾ ਧੂੰਆਂ ਕੱਢਦੇ ਲੋਕ ਨਜਰ ਆ ਜਾਣਗੇ| ਖਾਸ ਕਰਕੇ ਸਵੇਰੇ 8 ਤੋਂ 9 ਵਜੇ ਦੇ ਵਿਚਕਾਰ ਜਦੋਂ ਠੰਡ ਦਾ ਜੋਰ ਕਾਫੀ ਹੁੰਦਾ ਹੈ ਅਨੇਕਾਂ ਹੀ ਲੋਕ ਫੁੱਟਪਾਥਾਂ ਕਿਨਾਰੇ ਬੈਠੇ ਚਾਹ ਦੀਆਂ ਦੁਕਾਨਾਂ ਵਾਲਿਆਂ ਤੋਂ ਚਾਹ ਬਣਵਾਉਂਦੇ ਹਨ ਜਦੋਂ ਤਕ ਚਾਹ ਬਣਦੀ ਹੈ ,ਉਦੋਂ ਤਕ ਉਹ ਸ਼ਰੇਆਮ ਹੀ ਸਿਗਰਟ ਬੀੜੀ ਪੀ ਕੇ ਆਪਣੀ ਠੰਡ ਦੂਰ ਕਰਨ ਦਾ ਯਤਨ ਕਰਦੇ ਹਨ| ਇਹਨਾਂ ਚਾਹ ਦੇ ਖੋਖਿਆਂ ਤੋਂ ਬੀੜੀ ਸਿਗਰਟ ਵੀ ਆਸਾਨੀ ਨਾਲ ਮਿਲ ਜਾਂਦੇ ਹਨ ਜੋ ਕਿ ਇਹਨਾਂ ਨੇ ਬੋਰੀ ਜਾਂ ਕਪੜੇ ਹੇਠ ਲੁਕੋ ਕੇ ਰੱਖੇ ਹੁੰਦੇ ਹਨ|
ਪ੍ਰਸ਼ਾਸਨ ਵਲੋਂ ਭਾਵੇਂ ਸ਼ਹਿਰ ਨੂੰ ਤੰਬਾਕੂ ਮੁਕਤ ਕਰਨ ਲਈ ਉਪਰਾਲੇ ਵੀ ਕੀਤੇ ਜਾਂਦੇ ਹਨ ਪਰ ਇਹ ਉਪਰਾਲੇ ਅਕਸਰ ਹੀ ਮੀਟਿੰਗਾਂ ਤੱਕ ਹੀ ਸੀਮਿਤ ਰਹਿੰਦੇ ਹਨ ਤੇ ਠੋਸ ਕਾਰਵਾਈ ਨਾ ਹੋਣ ਕਰਕੇ ਸ਼ਹਿਰ ਵਿੱਚ ਸਿਗਰਟਨੋਸ਼ੀ ਦਾ ਰੁਝਾਨ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ|
ਲੰਮੇਂ ਸਮੇਂ ਤੋਂ ਤੰਬਾਕੂ ਵਿਰੁੱਧ ਜਦੋ ਜਹਿਦ ਕਰ ਰਹੇ ਜਿਲ੍ਹਾ ਤੰਬਾਕੂ ਕੰਟਰੋਲ ਕਮੇਟੀ ਦੇ ਮੈਂਬਰ ਅਤੇ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਕਿ ਸ਼ਹਿਰ ਨੂੰ ਤੰਬਾਕੂ ਮੁਕਤ ਕਰਨ ਸਬੰਧੀ ਸਰਕਾਰੀ ਅਫਸਰਾਂ ਦਾ ਰੋਲ ਸਿਰਫ ਖਾਨਾਪੂਰਤੀ ਵਾਲਾ ਹੀ ਹੁੰਦਾ ਹੈ ਅਤੇ ਇਹ ਅਫਸਰ ਕਾਗਜੀ ਕਾਰਵਾਈ ਤੱਕ ਹੀ ਵਧੇਰੇ ਸੀਮਿਤ ਰਹਿੰਦੇ ਹਨ, ਚਾਹੀਦਾ ਤਾਂ ਇਹ ਹੈ ਕਿ ਤੰਬਾਕੂ ਵਿਰੋਧੀ ਕਾਨੂੰਨ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ|
ਉਹਨਾਂ ਕਿਹਾ ਕਿ ਸਭ ਨੂੰ ਪਤਾ ਹੈ ਕਿ ਬੀੜੀ ਸਿਗਰਟ ਪੀਣ ਨਾਲ ਲੋਕ ਕੈਂਸਰ ਦਾ ਸਿਕਾਰ ਹੋ ਰਹੇ ਹਨ, ਬੀੜੀ ਸਿਗਰਟ ਪੀਣਵਾਲੈ ਨੂੰ ਤਾਂ ਨੁਕਸਾਨ ਹੀ ਨੁਕਸਾਨ ਹੁੰਦਾ ਹੈ ਪਰ ਉਸਤੋਂ ਕਈ ਗੁਣਾ ਜਿਆਦਾ ਨੁਕਸਾਨ ਉਸਦੇ ਕੋਲ ਖੜਿਆ ਨੂੰ ਹੋ ਜਾਂਦਾ ਹੈ ਜੋ ਕਿ ਬੀੜੀ ਸਿਗਰਟਾਂ ਦੇ ਜਹਿਰੀਲੇ ਧੂੰਏ ਦੀ ਮਾਰ ਹੇਠ ਆ ਜਾਂਦੇ ਹਨ| ਉਹਨਾਂ ਕਿਹਾ ਕਿ ਬੱਚਿਆਂ ਉਪਰ ਵੀ ਬੀੜੀ ਸਿਗਰਟ ਪੀਣ ਵਾਲਿਆਂ ਦਾ ਮਾੜਾ ਪ੍ਰਭਾਵ ਪੈਂਦਾ ਹੈ| ਇਸ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਵੱਖ ਵੱਖ ਮਾਰਕੀਟਾਂ ਖਾਸ ਕਰਕੇ ਰੇਹੜੀ ਮਾਰਕੀਟਾਂ ਵਿਚ ਥਾਂ ਥਾਂ ਬੀੜੀ ਸਿਗਰਟ ਵੇਚਣ ਵਾਲੇ ਬੀੜੀ ਸਿਗਰਟ ਤੇ ਪਾਨ ਮਸਾਲੇ ਤੇ ਤੰਬਾਕੂ ਨੂੰ ਸਜਾ ਕੇ ਬੈਠੇ ਹੁੰਦੇ ਹਨ| ਜਦੋਂ ਸਕੂਲਾਂ ਦੇ ਬੱਚੇ ਇਹਨਾਂ ਰਸਤਿਆਂ ਤੋਂ ਜਾਂਦੇ ਹਨ ਤਾਂ ਸਜਾਏ ਹੋਏ ਪਾਨ ਮਸਾਲਾ ਗੁਟਖਾ ਨੂੰ ਵੇਖ ਕੇ ਉਹ ਇਹਨਾਂ ਵਲ ਆਕਰਸ਼ਿਤ ਹੋ ਜਾਂਦੇ ਹਨ ਤੇ ਇਸ ਤਰ੍ਹਾਂ ਉਹ ਵੀ ਨਸ਼ਿਆਂ ਦੀ ਦਲਦਲ ਵਿਚ ਫਸ ਜਾਂਦੇ ਹਨ| ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਨ ਦੀ ਲੋੜ ਹੈ|

Leave a Reply

Your email address will not be published. Required fields are marked *