ਜਨਤਕ ਥਾਵਾਂ ਤੇ ਅਸ਼ਲੀਲ ਹਰਕਤਾਂ ਕਰਦੇ ਜੋੜਿਆਂ ਤੇ ਸਖਤੀ ਕਰੇ ਪ੍ਰਸ਼ਾਸ਼ਨ

ਸਾਡੇ ਸਮਾਜ ਨੂੰ ਇੱਕ ਅਜਿਹੇ ਆਧੁਨਿਕ ਸਮਾਜ ਦਾ ਦਰਜਾ ਹਾਸਿਲ ਹੈ ਜਿੱਥੇ ਹਰ ਕਿਸੇ ਨੂੰ ਆਪਣੀ ਮਰਜੀ ਨਾਲ ਜਿੰਦਗੀ ਜੀਣ ਦੀ ਆਜਾਦੀ ਹੈ| ਪਰ ਇਸਦੇ ਨਾਲ ਨਾਲ ਇਹ ਵੀ ਜਰੂਰੀ ਹੈ ਕਿ ਸਾਡਾ ਜੀਣ ਦਾ ਢੰਗ ਅਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਕਿਸੇ ਹੋਰ ਨੂੰ ਪਰੇਸ਼ਾਨੀ ਨਾ ਹੁੰਦੀ ਹੋਵੇ, ਪਰੰਤੂ ਅੱਜਕੱਲ ਇਹ ਆਮ                 ਵੇਖਣ ਵਿੱਚ ਆ ਰਿਹਾ ਹੈ ਕਿ ਆਧੁਨਿਕਤਾ ਦੀ ਆੜ ਵਿੱਚ ਸਮਾਜ ਵਿੱਚ ਜਨਤਕ ਥਾਵਾਂ ਤੇ ਅਸ਼ਲੀਲਤਾ ਦਾ ਨੰਗਾ ਨਾਚ ਚਲ ਰਿਹਾ ਹੈ ਅਤੇ ਇਸਤੇ ਰੋਕ ਲਗਾਉਣ ਵਾਲਾ ਕੋਈ ਵੀ ਨਹੀਂ ਹੈ|
ਖੁਦ ਨੂੰ ਆਧੁਨਿਕ ਕਹਾਉਣ ਦੀ ਇਸ ਦੌੜ ਵਿੱਚ ਸਾਡੀ ਨਵੀਂ ਪੀੜ੍ਹੀ ਸਭ ਤੋਂ ਅੱਗੇ ਹੈ ਜਿਸ ਉੱਪਰ ਸਭ ਕੁੱਝ ਖੁੱਲੇ ਆਮ ਕਰਨ ਦੀ ਮਾਨਸਿਕਤਾ ਹਾਵੀ ਹੈ| ਸ਼ਾਇਦ ਇਹੀ ਕਾਰਨ ਹੈ ਕਿ ਸ਼ਹਿਰ ਦੇ ਵੱਖ ਵੱਖ ਪਾਰਕਾਂ ਅਤੇ ਮਾਰਕੀਟਾਂ ਵਿੱਚ ਅੱਜ ਕੱਲ ਨੌਜਵਾਨ           ਪ੍ਰੇਮੀ ਜੋੜਿਆਂ ਨੂੰ ਪਿਆਰ ਦੀਆਂ ਪੀਘਾਂ ਪਾਉਂਦਿਆਂ ਵੇਖਿਆ ਜਾ ਸਕਦਾ ਹੈ| ਇਹਨਾਂ ਨੌਜਵਾਨ ਮੁੰਡੇ ਕੁੜੀਆਂ ਦਾ ਇੱਕ ਦੂਜੇ ਨਾਲ ਮਿਲਣ ਦਾ ਅੰਦਾਜ ਕੁੱਝ ਜਿਆਦਾ ਹੀ ਆਧੁਨਿਕ ਹੁੰਦਾ ਹੈ| ਇੱਥੇ ਹੀ ਬਸ ਨਹੀਂ ਸ਼ਹਿਰ ਦੇ ਜਿਆਦਾਤਰ ਪਾਰਕਾਂ ਦੇ ਕੋਨਿਆਂ ਵਿੱਚ ਇੱਕ ਦੂਜੇ ਨਾਲ ਸਟ ਕੇ ਬੈਠੇ ਅਜਿਹੇ ਨੌਜਵਾਨ ਜੋੜਿਆਂ ਵਲੋਂ ਇੱਕ ਦੂਜੇ ਨਾਲ ਲੋੜੋਂ ਵੱਧ ਸਰੀਰਕ ਨਜਦੀਕੀਆਂ ਕਾਇਮ ਕਰ ਲਈਆਂ ਜਾਂਦੀਆਂ ਹਨ ਅਤੇ ਅਕਸਰ ਅਜਿਹਾ ਵੀ ਹੁੰਦਾ ਹੈ ਜਦੋਂ ਇੱਕ ਦੂਜੇ ਦੇ ਵਿੱਚ ਮਗਨ ਇਹ ਨੌਜਵਾਨ ਜੋੜੇ ਮਸਤੀ ਦੀ ਹਾਲਤ ਵਿੱਚ ਆਮ ਪਾਸ ਦੇ ਮਾਹੌਲ ਤੋਂ ਪੂਰੀ ਤਰ੍ਹਾਂ ਅਵੇਸਲੇ ਹੋ ਜਾਂਦੇ ਹਨ ਅਤੇ ਇਹਨਾਂ ਦੀਆਂ ਇਹ ਸਰਗੋਸ਼ੀਆਂ ਸਾਰੀਆਂ ਹੱਦਾਂ ਟੱਪ ਜਾਂਦੀਆਂ ਹਨ|
ਜਨਤਕ ਥਾਵਾਂ ਤੇ ਅਸ਼ਲੀਲਤਾ ਦੀਆਂ ਹੱਦਾਂ ਟੱਪਣ ਵਾਲੇ ਇਹ ਨੌਜਵਾਨ ਖੁਦ ਨੂੰ ਭਾਵੇਂ ਕਿੰਨਾ ਵੀ ਆਧੁਨਿਕ ਸਮਝਣ ਪਰੰਤੂ ਅਸਲ ਵਿੱਚ ਇਸਨੂੰ ਆਧੁਨਿਕਤਾ ਦੀ ਆੜ ਵਿੱਚ ਅਸ਼ਲੀਲਤਾ ਦਾ ਪ੍ਰਦਰਸ਼ਨ ਹੀ ਕਿਹਾ ਜਾ ਸਕਦਾ ਹੈ| ਇਸੇ ਤਰ੍ਹਾਂ ਪਾਰਕਾਂ ਵਿੱਚ ਇੱਕ ਦੂਜੇ ਨਾਲ ਜੁੜ ਕੇ ਬੈਠੇ ਜੋੜਿਆਂ ਬਾਰੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਉਹਨਾਂ ਲਈ  ਪਿਆਰ ਦਾ ਅਰਥ ਸ਼ਾਇਦ ਸਰੀਰਕ ਵਾਸਨਾ ਤਕ ਹੀ ਸੀਮਿਤ ਹੈ| ਸ਼ਹਿਰ ਵਿੱਚ ਜਨਤਕ ਥਾਵਾਂ ਤੇ ਖਰਮਸਤੀਆਂ ਕਰਨ ਵਾਲੇ ਇਹਨਾਂ ਮੁੰਡੇ ਕੁੜੀਆਂ ਵਿੱਚੋਂ ਜਿਆਦਾਤਰ ਅਜਿਹੇ ਹੁੰਦੇ ਹਨ ਜਿਹੜੇ ਵੱਖ ਵੱਖ ਥਾਵਾਂ ਤੋਂ ਨੋਕਰੀ ਜਾਂ ਪੜ੍ਹਾਈ ਲਈ ਸਾਡੇ ਸ਼ਹਿਰ ਵਿੱਚ ਆ ਕੇ ਇੱਥੇ ਪੀ ਜੀ ਵਜੋਂ ਰਹਿ ਰਹੇ ਹੁੰਦੇ ਹਨ| ਇਸ ਦੌਰਾਨ ਇਹਨਾਂ ਵਿੱਚ ਕਾਇਮ ਹੋਇਆ ਇਹ ਆਪਸੀ ਰਿਸ਼ਤਾ ਉਹਨਾਂ ਨੂੰ ਇੱਕ ਦੂਜੇ ਨਾਲ ਪਾਰਕਾਂ ਦੇ ਕੋਨਿਆਂ ਤਕ ਪਹੁੰਚਾ ਦਿੰਦਾ ਹੈ ਜਿੱਥੇ ਇਹ ਦੀਨ ਦੁਨੀਆ ਨੂੰ ਭੁਲਾ ਕੇ ਇੱਕ ਦੂਜੇ ਵਿੱਚ ਹੀ ਮਗਨ ਹੋ ਜਾਂਦੇ ਹਨ|
ਆਪਣੇ ਆਪ ਵਿੱਚ ਮਗਨ ਹੋਏ ਇਹਨਾਂ ਪ੍ਰੇਮੀ ਜੋੜਿਆਂ ਦੀਆਂ ਇਹਨਾਂ ਬੇਹੂਦਾ ਹਰਕਤਾਂ ਕਾਰਨ ਸਭ ਤੋਂ ਜਿਆਦਾ ਪਰੇਸ਼ਾਨੀ ਉਹਨਾਂ ਲੋਕਾਂ ਨੂੰ ਸਹਿਣੀ ਪੈਂਦੀ ਹੈ ਜਿਹੜੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਆਪਣਾ ਸਮਾਂ ਵਤੀਤ ਕਰਨ ਲਈ ਪਾਰਕਾਂ ਵਿੱਚ ਜਾਂਦੇ ਹਨ ਪਰੰਤੂ ਉੱਥੇ ਪਹੁੰਚ ਕੇ ਉਹਨਾਂ ਦਾ ਸਾਮ੍ਹਣਾ ਇਹਨਾਂ ਜੋੜਿਆਂ ਦੀਆਂ ਅਸ਼ਲੀਲ ਹਰਕਤਾਂ ਨਾਲ ਹੁੰਦਾ ਹੈ| ਉਸ ਵੇਲੇ ਉਹ ਨਾ ਤਾਂ ਅਜਿਹੇ ਜੋੜਿਆ ਨੂੰ ਕੁੱਝ ਕਹਿ ਸਕਣ ਦੀ ਹਾਲਤ ਵਿੱਚ ਹੁੰਦੇ ਹਨ ਅਤੇ ਨਾ ਹੀ ਉਹ ਇਸ ਅਸ਼ਲੀਲਤਾ ਨੂੰ ਬਰਦਾਸ਼ਤ ਕਰ ਪਾਂਦੇ ਹਨ| ਜੇਕਰ ਸ਼ਹਿਰਵਾਸੀ ਅਜਿਹੇ ਕਿਸੇ ਜੋੜੇ ਨੂੰ ਟੋਕਦੇ ਵੀ ਹਨ ਤਾਂ ਅੱਗੋਂ ਇਹ ਜੋੜੇ ਲੜਣ ਨੂੰ ਪੈਂਦੇ ਹਨ ਅਤੇ ਇਸ ਕਾਰਨ ਸ਼ਹਿਰ ਦਾ ਵਾਤਾਵਰਨ ਖਰਾਬ ਹੋਣ ਦਾ ਖਦਸਾ ਪੈਦਾ ਹੋ ਰਿਹਾ ਹੈ|
ਇਸ ਸੰਬੰਧੀ ਪੁਲੀਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਇਹਨਾਂ ਦਾ ਹੌਂਸਲਾ ਲਗਾਤਾਰ ਵੱਧ ਰਿਹਾ ਹੈ| ਕੁੱਝ ਸਾਲ ਪਹਿਲਾਂ ਤਕ ਪੁਲੀਸ ਕਰਮਚਾਰੀਆਂ ਵਲੋਂ ਪਾਰਕਾਂ ਵਿੱਚ ਇਤਰਾਜਯੋਗ ਹਾਲਤ ਵਿੱਚ ਬੈਠੇ ਜੋੜਿਆਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਸੀ ਪਰੰਤੂ ਪਿਛਲੇ ਕਾਫੀ ਸਮੇਂ ਤੋਂ ਇਹ ਕਾਰਵਾਈ ਰੋਕ ਦਿੱਤੀ ਗਈ ਹੈ| ਅਤੇ ਹੁਣ ਹਾਲਾਤ ਇਹ ਹੋ ਰਹੇ ਹਨ ਕਿ ਇਹਨਾਂ ਜੋੜਿਆਂ ਦੀਆਂ ਕਾਰਵਾਈਆਂ ਅਸ਼ਲੀਲਤਾ ਦੀ ਸਾਰੀਆਂ ਹੱਦਾਂ ਨੂੰ ਟੱਪਣ ਲੱਗ ਪਈਆਂ ਹਨ| ਇਹਨਾਂ ਜੋੜਿਆਂ ਵਲੋਂ ਸ਼ਹਿਰ ਦੇ ਪਾਰਕਾਂ ਵਿੱਚ ਫੈਲਾਈ ਜਾ ਇਸ ਅਸ਼ਲੀਲਤਾ ਤੇ ਸਖਤੀ ਨਾਲ ਕਾਬੂ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹਨਾਂ ਦੀਆਂ ਇਹ ਹਰਕਤਾਂ ਸਾਡੇ ਸ਼ਹਿਰ ਦੇ ਸਾਫ ਸੁਥਰੇ ਮਾਹੌਲ ਵਿੱਚ ਗੰਦਗੀ ਫੈਲਾ ਰਹੀਆਂ ਹਨ| ਜਿਲ੍ਹਾ ਪੁਲੀਸ ਦੇ ਐਸ ਐਸ ਪੀ ਨੂੰ ਚਾਹੀਦਾ ਹੈ ਕਿ ਉਹ ਸ਼ਹਿਰਵਾਸੀਆਂ ਦੀ ਇਸ ਅਹਿਮ ਸਮੱਸਿਆ ਦੇ ਹਲ ਲਈ ਲੋੜੀਂਦੇ ਕਦਮ ਚੁੱਕਣ ਅਤੇ ਸ਼ਹਿਰ ਦੇ ਪਾਰਕਾਂ ਵਿੱਚ ਅਸ਼ਲੀਲਤਾ ਫੈਲਾਊਣ ਵਾਲੇ ਅਜਿਹੇ ਜੋੜਿਆਂ ਤੇ ਸਖਤੀ ਨਾਲ ਕਾਬੂ ਕੀਤਾ ਜਾਵੇ ਤਾਂ ਜੋ ਸ਼ਹਿਰਵਾਸੀਆਂ ਨੂੰ ਇਸ ਕਾਰਵਾਈ ਕਾਰਨ ਪੈਦਾ ਹੋਣ ਵਾਲੀ ਨਮੋਸ਼ੀ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *