ਜਨਤਕ ਥਾਵਾਂ ਤੇ ਸੀ ਸੀ ਟੀ ਵੀ ਕੈਮਰੇ ਲਾਉਣ ਲਈ ਕੀਤੀ ਜਾ ਰਹੀ ਕਾਰਵਾਈ ਸੁਆਗਤਯੋਗ

ਲੰਬੀ ਉਡੀਕ ਤੋਂ ਬਾਅਦ ਅਖੀਰਕਾਰ ਸ਼ਹਿਰ ਵਿੱਚ ਅਹਿਮ ਜਨਤਕ ਥਾਵਾਂ ਤੇ ਸੀ ਸੀ ਟੀ ਵੀ ਕੈਮਰੇ ਲਗਾਉਣ ਦੀ ਕਾਰਵਾਈ ਮੁਕੰਮਲ ਹੁੰਦੀ ਦਿਖ ਰਹੀ ਹੈ ਅਤੇ ਇਸ ਸੰਬੰਧੀ ਨਗਰ ਨਿਗਮ ਦੀ ਅਗਲੀ ਮੀਟਿੰਗ ਵਿੱਚ ਮਤਾ ਲਿਆਂਦਾ ਜਾ ਰਿਹਾ ਹੈ ਜਿਸਦੇ ਤਹਿਤ ਸ਼ਹਿਰ ਵਿੱਚ ਜਨਤਕ ਥਾਵਾਂ ਤੇ ਕੈਮਰੇ ਲਗਾਉਣ ਦੇ ਪ੍ਰੋਜੈਕਟ ਨੂੰ ਮੰਜੂਰੀ ਦਿੱਤੀ ਜਾਣੀ ਹੈ ਅਤੇ ਇਸ ਮਤੇ ਦੇ ਪਾਸ ਹੋਣ ਤੋਂ ਬਾਅਦ ਸ਼ਹਿਰ ਵਿੱਚ ਅਹਿਮ ਜਨਤਕ ਥਾਵਾਂ ਤੇ ਕੈਮਰੇ ਲਗਾਉਣ ਦੀ ਕਾਰਵਾਈ ਆਰੰਭ ਹੋ ਜਾਵੇਗੀ|
ਇਸ ਪ੍ਰੋਜੈਕਟ ਦੇ ਤਹਿਤ ਸ਼ਹਿਰ ਦੀਆਂ ਵੱਖ ਵੱਖ ਸੜਕਾਂ, ਟ੍ਰੈਫਿਕ ਲਾਈਟਾਂ, ਮਾਰਕੀਟਾਂ ਅਤੇ ਸ਼ਹਿਰ ਤੋਂ ਬਾਹਰ ਆਉਣ ਜਾਣ ਵਾਲੇ ਐਂਟਰੀ ਪਾਇੰਟਾਂ ਤੇ ਇਹ ਕੈਮਰੇ ਲਗਾਏ ਜਾਣੇ ਹਨ ਅਤੇ ਸ਼ਹਿਰ ਵਿੱਚ ਵੱਖੋ ਵੱਖਰੀਆਂ ਥਾਵਾਂ ਤੇ ਲਗਾਏ ਜਾਣ ਵਾਲੇ ਇਹਨਾਂ ਕੈਮਰਿਆਂ ਰਾਂਹੀ ਸ਼ਹਿਰ ਵਿੱਚ ਵਾਪਰਨ ਵਾਲੀ ਹਰ ਛੋਟੀ ਵੱਡੀ ਘਟਨਾਂ ਤੇ ਨਿਗਰਾਨੀ ਰੱਖਣੀ ਸੌਖੀ ਹੋ ਜਾਵੇਗੀ| ਇਹਨਾਂ ਕੈਮਰਿਆਂ ਰਾਂਹੀ ਸ਼ਹਿਰ ਵਿੱਚ ਵਾਪਰਦੀਆਂ ਘਟਨਾਵਾਂ ਤੇ ਨਿਗਰਾਨੀ ਰੱਖਣ ਲਈ ਪੁਲੀਸ ਥਾਣਾ ਫੇਜ਼ 8 ਵਿੱਚ ਇੱਕ ਕੰਟਰੋਲ ਰੂਮ ਬਣਾਇਆ ਜਾਣਾ ਹੈ ਜਿਸ ਰਾਂਹੀ 24 ਘੰਟੇ ਨਿਗਰਾਨੀ ਰੱਖੀ ਜਾ ਸਕੇਗੀ ਅਤੇ ਕਿਸੇ ਵੀ ਅਣਸੁਖਾਵੀਂ ਘਟਨਾਂ ਦੇ ਵਾਪਰਨ ਮੌਕੇ ਪੁਲੀਸ ਮੌਕੇ ਤੇ ਤੁਰੰਤ ਪਹੁੰਚਣ ਦੀ ਸਮਰਥ ਹੋ ਸਕੇਗੀ|
ਸ਼ਹਿਰ ਵਿੱਚ ਜਨਤਕ ਥਾਵਾਂ ਤੇ ਕੈਮਰੇ ਲਗਾਉਣ ਦੇ ਪ੍ਰੋਜੈਕਟ ਦੀ ਸ਼ੁਰੁਆਤ 12 ਸਾਲ ਪਹਿਲਾਂ (2005-06 ਵਿੱਚ) ਉਦੋਂ ਹੋਈ ਸੀ ਜਦੋਂ ਉਸ ਵੇਲੇ ਦੇ ਜਿਲ੍ਹੇ ਦੇ ਐਸ ਐਸ ਪੀ ਸ੍ਰ. ਗੁਰਪ੍ਰੀਤ ਸਿੰਘ ਭੁੱਲਰ ਵਲੋਂ ਉਸ ਵੇਲੇ ਦੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਐਨ ਕੇ ਸ਼ਰਮਾ ਨੂੰ ਇਸ ਸੰਬੰਧੀ ਤਜਵੀਜ ਸੌਂਪੀ ਗਈ ਸੀ ਅਤੇ ਸ਼ਹਿਰ ਦੇ ਵੱਖ ਵੱਖ ਚੌਂਕਾਂ, ਐਂਟਰੀ ਪਾਇੰਟਾਂ ਅਤੇ ਮਾਰਕੀਟਾਂ ਵਿੱਚ ਸੀ ਸੀ ਟੀ ਵੀ ਕੈਮਰੇ ਲਗਾਉਣ ਦੀ ਮੰਗ ਕੀਤੀ ਸੀ ਤਾਂ ਜੋ ਸ਼ਹਿਰ ਵਿੱਚ ਵਾਪਰਦੇ ਅਪਰਾਧਾ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਕਾਰਵਾਈ ਤੇ ਪ੍ਰਭਾਵੀ ਤਰੀਕੇ ਨਾਲ ਕਾਬੂ ਕਰਕੇ ਕਾਨੂੰਨ ਵਿਵਸਥਾ ਦੀ ਹਾਲਤ ਵਿੱਚ ਲੋੜੀਂਦਾ ਸੁਧਾਰ ਕੀਤਾ ਜਾ ਸਕੇ| ਸ੍ਰੀ ਸ਼ਰਮਾ ਵਲੋਂ ਇਹ ਤਜਵੀਜ ਅਗਲੀ ਕਾਰਵਾਈ ਲਈ ਗਮਾਡਾ (ਜਿਸ ਵਲੋਂ ਸ਼ਹਿਰ ਦੇ ਬੁਨਿਆਦੀ ਢਾਂਚੇ ਦੀ ਉਸਾਰੀ ਦੀ ਜਿੰਮੇਵਾਰੀ ਸੰਭਾਲੀ ਜਾਂਦੀ ਸੀ) ਨੂੰ ਭੇਜ ਦਿੱਤੀ ਗਈ ਸੀ ਅਤੇ ਉਦੋਂ ਤੋਂ ਹੀ ਇਹ ਮਾਮਲਾ ਵੱਖ ਵੱਖ ਪੱਧਰਾਂ ਤੇ ਲਮਕਦਾ ਆ ਰਿਹਾ ਹੈ| ਕੁੱਝ ਸਾਲ ਪਹਿਲਾਂ ਗਮਾਡਾ ਵਲੋਂ ਸ਼ਹਿਰ ਵਿੱਚ ਕੁੱਝ ਟ੍ਰੈਫਿਕ ਲਾਈਟਾਂ ਤੇ ਅਜਿਹੇ ਕੁੱਝ ਕੈਮਰੇ ਲਗਵਾਏ ਵੀ ਗਏ ਸਨ ਪਰੰਤੂ ਇਹ ਕਾਰਵਾਈ ਵੀ ਅੱਧੀ ਅਧੂਰੀ ਸਾਬਿਤ ਹੋਈ ਸੀ ਅਤੇ ਇਹਨਾਂ ਦਾ ਕੋਈ ਖਾਸ ਫਾਇਦਾ ਹਾਸਿਲ ਨਹੀਂ ਹੋਇਆ ਸੀ|
ਇਸ ਸੰਬੰਧੀ ਨਗਰ ਨਿਗਮ ਦੇ ਮੇਅਰ ਸ੍ਰ ਕੁਲਵੰਤ ਸਿੰਘ ਵਲੋਂ ਨਿੱਜੀ ਦਿਲਚਸਪੀ ਲੈਂਦਿਆਂ ਕੁੱਝ ਸਮਾਂ ਪਹਿਲਾਂ ਐਸ ਐਸ ਪੀ ਮੁਹਾਲੀ ਨਾਲ ਗੱਲ ਕਰਕੇ ਸ਼ਹਿਰ ਵਿੱਚ ਅਹਿਮ ਥਾਵਾਂ ਦੀ ਨਿਗਰਾਨੀ ਲਈ ਸੀ ਸੀ ਟੀ ਵੀ ਕੈਮਰੇ ਲਗਾਉਣ ਦੀ ਤਜਵੀਜ ਤਿਆਰ ਕਰਨ ਲਈ ਕਿਹਾ ਸੀ ਜਿਸਤੋਂ ਬਾਅਦ ਐਸ ਐਸ ਪੀ ਵਲੋਂ ਇਸ ਸੰਬੰਧੀ ਨਿਗਮ ਨੂੰ ਤਜਵੀਜ ਭੇਜ ਦਿੱਤੀ ਗਈ ਸੀ| ਤਜਵੀਜ ਮਿਲਣ ਤੋਂ ਬਾਅਦ ਮੇਅਰ ਵਲੋਂ ਸ਼ਹਿਰ ਵਿੱਚ ਕੈਮਰੇ ਲਗਾਉਣ ਲਈ ਲੋੜੀਂਦੀਆਂ ਥਾਵਾਂ ਦੀ ਨਿਸ਼ਾਨਦੇਹੀ ਕਰਨ ਅਤੇ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਨੂੰ ਨੋਡਲ ਅਫਸਰ ਨਿਯੁਕਤ ਕਰਨ ਲਈ ਲਿਖਿਆ ਸੀ ਅਤੇ ਇਸ ਸੰਬੰਧੀ ਬਣੀ ਅਧਿਕਾਰੀਆਂ ਦੀ ਇੱਕ ਕਮੇਟੀ ਵਲੋਂ ਇਹ ਕੈਮਰੇ ਲਗਾਉਣ ਲਈ ਲੋੜੀਂਦੀਆਂ ਥਾਵਾਂ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ| ਇਸਦੇ ਤਹਿਤ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ 112 ਕੈਮਰੇ ਲਗਾਏ ਜਾਣੇ ਹਨ|
ਇਹਨਾਂ ਕੈਮਰਿਆਂ ਦੀ ਮਦਦ ਨਾਲ ਜਿੱਥੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਮਜਬੂਤ ਕੀਤਾ ਜਾ ਸਕੇਗਾ ਉੱਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਤੇ ਨੱਥ ਪਾਈ ਜਾ ਸਕੇਗੀ| ਇਸ ਸੰਬੰਧੀ ਨਗਰ ਨਿਗਮ ਦੇ ਮੇਅਰ ਵਲੋਂ ਜਿਸ ਤਰੀਕੇ ਨਾਲ ਨਿੱਜੀ ਦਿਲਚਸਪੀ ਲੈ ਕੇ ਕਾਨੂੰਨ ਵਿਵਸਥਾ ਅਤੇ ਸ਼ਹਿਰ ਵਾਸੀਆਂ ਦੀ ਸੁਰਖਿਆ ਨਾਲ ਜੁੜੇ ਇਸ ਅਹਿਮ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਪਹਿਲਕਦਮੀ ਕੀਤੀ ਹੈ ਉਸਦਾ ਸੁਆਗਤ ਕੀਤਾ ਜਾਣਾ ਚਾਹੀਦਾ ਹੈ| ਆਸ ਕੀਤੀ ਜਾਣੀ ਚਾਹੀਦੀ ਹੈ ਕਿ 11 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਕੌਂਸਲਰਾਂ ਵਲੋਂ ਇਸ ਪ੍ਰੋਜੈਕਟ ਨੂੰ ਸਰਬਸੰਮਤੀ ਨਾਲ ਪਾਸ ਕਰਕੇ ਇਸਨੂੰ ਛੇਤੀ ਮੁਕੰਮਲ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਜਾਵੇਗਾ ਅਤੇ ਪਿਛਲੇ ਕਈ ਸਾਲਾਂ ਤੋਂ ਲਮਕ ਰਿਹਾ ਇਹ ਮਸਲਾ ਪੂਰੀ ਤਰ੍ਹਾਂ ਹੱਲ ਹੋ ਜਾਵੇਗਾ|

Leave a Reply

Your email address will not be published. Required fields are marked *