ਜਨਤਕ ਥਾਵਾਂ ਤੇ ਹੁੰਦੀ ਸਿਗਰਟਨੋਸ਼ੀ ਤੇ ਸਖਤੀ ਨਾਲ ਕਾਬੂ ਕਰਨ ਦੀ ਲੋੜ

ਸਾਡੇ ਸ਼ਹਿਰ ਨੂੰ ਇੱਕ ਅਤਿਆਧੁਨਿਕ ਅਤੇ ਸੁਵਿਧਾ ਸੰਪੰਨ ਸ਼ਹਿਰ ਦਾ ਦਰਜਾ ਹਾਸਿਲ ਹੈ ਪਰੰਤੂ ਅਸਲੀਅਤ ਇਹ ਹੈ ਕਿ ਪ੍ਰਸ਼ਾਸ਼ਨਿਕ ਲਾਪਰਵਾਹੀ ਅਤੇ ਸਭ ਕੁੱਝ ਚਲਦਾ ਹੈ ਦੇ ਵਤੀਰੇ ਕਾਰਨ ਸ਼ਹਿਰ ਦੇ ਵਸਨੀਕਾਂ ਨੂੰ ਕਈ ਸਮੱਸਿਆਵਾਂ ਸਹਿਣੀਆਂ ਪੈਂਦੀਆਂ ਹਨ| ਪੰਜਾਬ ਸਰਕਾਰ ਵਲੋਂ ਭਾਵੇਂ ਕਈ ਸਾਲ ਪਹਿਲਾਂ ਸਾਡੇ ਸ਼ਹਿਰ ਨੂੰ ਸਿਗਰਟਨੋਸ਼ੀ ਮੁਕਤ ਸ਼ਹਿਰ ਦਾ ਦਰਜਾ ਦੇ ਕੇ ਇੱਥੇ ਜਨਤਕ ਥਾਵਾਂ ਤੇ ਕੀਤੀ ਜਾਂਦੀ ਸਿਗਰਟਨੋਸ਼ੀ ਦੀ ਕਾਰਵਾਈ ਨੂੰ ਅਪਰਾਧ ਦਾ ਦਰਜਾ ਦਿੱਤਾ ਜਾ ਚੁੱਕਿਆ ਹੈ ਪਰੰਤੂ ਸ਼ਹਿਰ ਵਿੱਚ ਜਨਤਕ ਥਾਂਵਾਂ ਤੇ ਸਿਗਰਟਨੋਸ਼ੀ ਕਰਨ ਦਾ ਰੁਝਾਨ ਵੱਧਦਾ ਹੀ ਜਾ ਰਿਹਾ ਅਤੇ ਸਥਾਨਕ ਪ੍ਰਸ਼ਾਸ਼ਨ ਇਸਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋ ਰਿਹਾ ਹੈ|
ਜਨਤਕ ਥਾਵਾਂ ਤੇ ਬੀੜੀ ਸਿਗਰਟ ਪੀਣ ਵਾਲੇ ਇਹ ਲੋਕ ਆਪਣੀ ਇਸ ਕਾਰਵਾਈ ਨਾਲ ਖੁਦ ਤਾਂ ਬਿਮਾਰੀਆਂ ਸਹੇੜਦੇ ਹੀ ਹਨ, ਇਹਨਾਂ ਵਲੋਂ ਪੀਤੀਆਂ ਜਾਂਦੀਆਂ ਸਿਗਰਟਾਂ ਤੇ ਬੀੜੀਆਂ ਕਾਰਨ ਜੋ ਧੂੰਆਂ ਪੈਦਾ ਹੁੰਦਾ ਹੈ, ਉਸ ਧੂੰਏ ਨਾਲ ਇਹਨਾਂ ਕੋਲ ਖੜੇ ਜਾਂ ਨੇੜਿਓ ਲੰਘਣ ਵਾਲੇ ਵਿਅਕਤੀ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ| ਇਹਨਾਂ ਬੀੜੀ ਸਿਗਰਟ ਪੀਣ ਵਾਲਿਆਂ ਨੂੰ ਜੇ ਕੋਈ ਵਿਅਕਤੀ ਜਨਤਕ ਥਾਂ ਉਪਰ ਬੀੜੀ ਸਿਗਰਟ ਪੀਣ ਤੋਂ ਰੋਕੇ ਤਾਂ ਇਹ ਲੋਕ ਉਸ ਨਾਲ ਝਗੜਾ ਕਰਕੇ ਉਸਦੀ ਕੁੱਟਮਾਰ ਕਰਨ ਤਕ ਜਾਂਦੇ ਹਨ ਅਤੇ ਇਸ ਕਾਰਨ ਆਮ ਲੋਕ ਇਹਨਾਂ ਨੂੰ ਕੁੱਝ ਵੀ ਕਹਿਣ ਤੋਂ ਪਰਹੇਜ ਕਰਦੇ ਹਨ|
ਸ਼ਹਿਰ ਦੇ ਲਗਭਗ ਹਰੇਕ ਖੇਤਰ ਵਿੱਚ ਲੋਕਾਂ ਨੂੰ ਜਨਤਕ ਥਾਂਵਾਂ ਤੇ ਸਿਗਰਟ ਬੀੜੀ ਦਾ ਧੂਆਂ ਉੜਾਉਂਦੇ ਆਮ ਵੇਖਿਆ ਜਾ ਸਕਦਾ ਹੈ ਅਤੇ ਇਹਨਾਂ ਵਿਅਕਤੀਆਂ ਨੂੰ ਵੇਖ ਕੇ ਤਾਂ ਅਜਿਹਾ ਲੱਗਦਾ ਹੈ ਕਿ ਸ਼ਹਿਰ ਵਿੱਚ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਤੇ ਕੋਈ ਪਾਬੰਦੀ ਲਾਗੂ ਹੀ ਨਹੀਂ ਹੈ| ਸ਼ਹਿਰ ਦੀਆਂ ਮਾਰਕੀਟਾਂ ਅਤੇ ਹੋਰਨਾਂ ਜਨਤਕ ਥਾਵਾਂ ਤੇ ਲੱਗਦੀਆਂ ਚਾਹ ਦੀਆਂ ਫੜੀਆਂ ਤੇ ਅਜਿਹੇ ਵਿਅਕਤੀ ਆਮ ਨਜਰ ਆ ਜਾਂਣੇ ਹਨ ਜਿਹੜੇ ਧੂਆਂ ਉੜਾਉਣ ਵਿੱਚ ਮਗਨ ਹੁੰਦੇ ਹਨ| ਇਹਨਾਂ ਵਿੱਚੋਂ ਜਿਆਦਾਤਰ ਚਾਹ ਵੇਚਣ ਵਾਲੇ ਖੁਦ ਹੀ ਇਹਨਾਂ ਲੋਕਾਂ ਨੂੰ ਸਿਗਰਟਨੋਸ਼ੀ ਦਾ ਸਾਮਾਨ ਮੁਹਈਆ ਕਰਵਾਉਂਦੇ ਹਨ ਅਤੇ ਲੋਕ ਚਾਹ ਦਾ ਆਰਡਰ ਦੇ ਕੇ ਚਾਹ ਬਨਣ ਦੀ ਉਡੀਕ ਵਿੱਚ ਧੂਆਂ ਉੜਾਉਂਦੇ ਰਹਿੰਦੇ ਹਨ|
ਸ਼ਹਿਰ ਵਿੱਚ ਕਈ ਥਾਵਾਂ ਤੇ (ਮੁੱਖ ਸੜਕਾਂ ਦੇ ਕਿਨਾਰੇ ਫੁੱਟਪਾਥਾਂ ਅਤੇ ਹੋਰਨਾਂ ਥਾਵਾਂ ਤੇ) ਅਜਿਹੇ ਵਿਅਕਤੀਆਂ ਵਲੋਂ ਨਾਜਾਇਜ ਕਬਜੇ ਕਰਕੇ ਆਪਣੇ ਪੱਕੇ ਅੱਡੇ ਬਣਾਏ ਹੋਏ ਹਨ ਜਿਹਨਾਂ ਵਲੋਂ ਤੰਬਾਕੂਨੋਸ਼ੀ ਦਾ ਸਾਮਾਨ ਵੇਚਿਆ ਜਾਂਦਾ ਹੈ ਅਤੇ ਇਹਨਾਂ ਕੋਲ ਹਰ ਵੇਲੇ ਤੰਬਾਕੂ ਖਾਣ ਤੇ ਬੀੜੀ ਸਿਗਰਟ ਪੀਣ ਵਾਲਿਆਂ ਦਾ ਝੁਰਮੁਟ ਜਿਹਾ ਲੱਗਿਆ ਰਹਿੰਦਾ ਹੈ| ਇਸ ਤੋਂ ਇਲਾਵਾ ਕਾਲਜਾਂ ਦੇ ਮੁੰਡੇ ਕੁੜੀਆਂ ਅਤੇ ਹੋਰ ਨੌਜਵਾਨ ਦੁਪਹਿਰ ਅਤੇ ਸ਼ਾਮ ਸਮੇਂ ਆਪਣੀਆਂ ਗੱਡੀਆਂ ਵਿੱਚ ਬੈਠ ਕੇ ਹੀ ਮਹਿੰਗੀਆਂ ਸਿਗਰਟਾਂ ਪੀਂਦੇ ਨਜਰ ਆ ਜਾਂਦੇ ਹਨ| ਸਥਾਨਕ ਪ੍ਰਸ਼ਾਸ਼ਨ ਵਲੋਂ ਭਾਵੇਂ ਜਨਤਕ ਥਾਂਵਾਂ ਤੇ ਕੀਤੀ ਜਾਣ ਵਾਲੀ ਸਿਗਰਟਨੋਸ਼ੀ ਦੀ ਇਸ ਕਾਰਵਾਈ ਤੇ ਮੁਕੰਮਲ ਪਾਬੰਦੀ ਲਾਗੂ ਹੈ, ਪਰੰਤੂ ਇਸਦੇ ਬਾਵਜੂਦ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਦਾ ਰੁਝਾਨ ਦਿਨੋਂ ਦਿਨ ਵੱਧ ਰਿਹਾ ਹੈ|
ਇਸ ਸੰਬੰਧੀ ਤੰਬਾਕੂਨੋਸ਼ੀ ਵਿਰੁੱਧ ਕੰਮ ਕਰਨ ਵਾਲੀਆਂ ਸਮਾਜਸੇਵੀ ਜੱਥੇਬੰਦੀਆਂ ਵਲੋਂ ਸਮੇਂ ਸਮੇਂ ਤੇ ਸਰਕਾਰ ਤੋਂ ਇਹ ਮੰਗ ਕੀਤੀ ਜਾਂਦੀ ਰਹੀ ਹੈ ਕਿ ਜਨਤਕ ਥਾਵਾਂ ਤੇ ਕੀਤੀ ਜਾਂਦੀ ਸਿਗਰਟਨੋਸ਼ੀ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਅਤੇ ਸ਼ਹਿਰ ਵਿੱਚ ਜਨਤਕ ਥਾਵਾਂ ਤੇ ਨਾਜਾਇਜ ਥਾਵਾਂ ਤੇ ਕਬਜੇ ਕਰਕੇ ਅੰਜਾਮ ਦਿੱਤੀ ਜਾਂਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਵੇ ਪਰੰਤੂ ਪ੍ਰਸ਼ਾਸ਼ਨ ਇਸ ਸੰਬੰਧੀ ਲੋੜੀਂਦੀ ਕਾਰਵਾਈ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ| ਹੋਰ ਤਾਂ ਹੋਰ ਇੱਥੋਂ ਦੇ ਪੀ ਸੀ ਏ ਸਟੇਡੀਅਮ ਵਿੱਚ ਹੋਣ ਵਾਲੇ ਮੈਚਾਂ ਦੌਰਾਨ ਪ੍ਰਸ਼ਾਸ਼ਨ ਦੀ ਨੱਕ ਹੇਠ ਜਨਤਕ ਤੌਰ ਤੇ ਸਿਗਰਟਨੋਸ਼ੀ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਨਾਲ ਪ੍ਰਸ਼ਾਸ਼ਨ ਦੇ ਤਮਾਮ ਦਾਅਵਿਆਂ ਦੀ ਫੂਕ ਨਿਕਲ ਜਾਂਦੀ ਹੈ|
ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਵਿੱਚ ਜਨਤਕ ਥਾਵਾਂ ਤੇ ਕੀਤੀ ਜਾਂਦੀ ਸਿਗਰਟਨੋਸ਼ੀ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਸਖਤ ਕਾਰਵਾਈ ਕਰੇ| ਇਸ ਸੰਬੰਧੀ ਜਿੱਥੇ ਸ਼ਹਿਰ ਵਿੱਚ ਨਾਜਾਇਜ ਕਬਜੇ ਕਰਕੇ ਅਣਅਧਿਕਾਰਤ ਤੌਰ ਤੇ ਤੰਬਾਕੂਨੋਸ਼ੀ ਦੀ ਵਿਕਰੀ ਕਰਨ ਵਾਲਿਆਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਕੀਤੇ ਜਾਣ ਅਤੇ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ ਤਾਂ ਜੋ ਜਨਤਕ ਥਾਵਾਂ ਤੇ ਹੁੰਦੀ ਇਸ ਕਾਰਵਾਈ ਨੂੰ ਰੋਕਿਆ ਜਾ ਸਕੇ|

Leave a Reply

Your email address will not be published. Required fields are marked *