ਜਨਤਕ ਪਖਾਨਿਆਂ ਦੇ ਕਰਮਚਾਰੀਆਂ ਨੂੰ ਤਿੰਨ ਮਹੀਨੇ ਤੋਂ ਨਹੀਂ ਮਿਲੀ ਤਨਖਾਹ, ਭਲਕੇ ਤੋਂ ਪਖਾਨਿਆਂ ਤੇ ਤਾਲੇ ਲਗਾ ਕੇ ਧਰਨਾ ਦੇਣ ਦੀ ਚਿਤਾਵਨੀ

ਜਨਤਕ ਪਖਾਨਿਆਂ ਦੇ ਕਰਮਚਾਰੀਆਂ ਨੂੰ ਤਿੰਨ ਮਹੀਨੇ ਤੋਂ ਨਹੀਂ ਮਿਲੀ ਤਨਖਾਹ, ਭਲਕੇ ਤੋਂ ਪਖਾਨਿਆਂ ਤੇ ਤਾਲੇ ਲਗਾ ਕੇ ਧਰਨਾ ਦੇਣ ਦੀ ਚਿਤਾਵਨੀ
ਠੇਕੇਦਾਰ ਨੂੰ ਤਨਖਾਹਾਂ ਦੀ ਅਦਾਇਗੀ ਲਈ ਕਿਹਾ : ਰਾਜੇਸ਼ ਧੀਮਾਨ
ਐਸ. ਏ. ਐਸ. ਨਗਰ, 21 ਜੂਨ (ਸ.ਬ.) ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਬਣੇ ਪਾਰਕਾਂ ਅਤੇ ਮਾਰਕੀਟਾਂ ਵਿੱਚ ਨਿਗਮ ਵਲੋਂ ਬਣਾਏ ਗਏ ਪਿਸ਼ਾਬਘਰਾਂ ਦੀ ਸਾਂਭ ਸੰਭਾਲ ਕਰਨ ਵਾਲੇ ਸਫਾਈ ਕਰਮਚਾਰੀਆਂ ਨੇ ਪਿਛਲੇ ਤਿੰਨ ਮਹੀਨੇ ਤੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਿੱਚ ਅੱਜ ਇੱਥੇ ਫੇਜ਼ 3 ਬੀ-1 ਵਿੱਚ ਬਣੇ ਰੋਜ ਗਾਰਡਨ ਵਿੱਚ ਰੋਸ ਰੈਲੀ ਕਰਕੇ ਚਿਤਾਵਨੀ ਦਿੱਤੀ ਕਿ  ਜੇਕਰ ਅੱਜ ਰਾਤ ਤੱਕ ਉਹਨਾਂ ਦੀਆਂ ਰੁਕੀਆਂ ਤਨਖਾਹਾਂ ਹਾਸਿਲ ਨਾ ਹੋਈਆਂ ਤਾਂ ਉਹ ਭਲਕੇ ਤੋਂ ਇਹਨਾਂ ਪਿਸ਼ਾਬਘਰਾਂ ਨੂੰ ਤਾਲੇ ਲਾ ਦੇਣਗੇ ਅਤੇ ਖੁਦ ਬਾਹਰ ਧਰਨਾ ਦੇਣਗੇ|
ਇੱਥੇ ਵੱਡੀ ਗਿਣਤੀ ਵਿੱਚ ਇੱਕਤਰ ਹੋਏ ਸਫਾਈ ਕਰਮਚਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਪਿਸ਼ਾਬਘਰਾਂ ਦੀ ਸਾਂਭ  ਸੰਭਾਲ ਕਰਨ ਵਾਲੀ ਕੰਪਨੀ ਡੀ. ਐਸ. ਆਈ ਦੇ ਪ੍ਰਬੰਧਕ ਲਲਿਤ ਕੁਮਾਰ ਵਲੋਂ ਨੌਕਰੀ ਤੇ ਰੱਖਿਆ ਗਿਆ ਹੈ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਅਤੇ ਕਰਮਚਾਰੀਆਂ ਲਈ ਆਪਣਾ ਖਰਚਾ ਚਲਾਉਣਾ ਵੀ ਔਖਾ ਹੋ ਗਿਆ ਹੈ| ਕਰਮਚਾਰੀਆਂ ਨੇ ਦੱਸਿਆ ਕਿ ਇੱਕ ਮਹਿਲਾ ਸਫਾਈ ਕਰਮਚਾਰਨ ਕਮਲੇਸ਼ ਸਫਾਈ ਦੇ ਦੌਰਾਨ ਪੈਰ ਤਿਲਕ ਕੇ ਡਿੱਗ ਕੇ ਜਖਮੀ ਹੋ ਗਈ ਸੀ ਅਤੇ ਉਸਦਾ ਕਈ ਦਿਨ ਤਕ ਇਲਾਜ ਚਲਿਆ ਪ੍ਰੰਤੂ ਉਸਨੂੰ ਕੰਪਨੀ ਵੱਲੋਂ ਕੋਈ ਮਦਦ ਨਹੀਂ ਦਿੱਤੀ ਗਈ ਅਤੇ ਉਸ ਕਰਮਚਾਰਨ ਨੂੰ ਕਰਜਾ ਲੈ ਕੇ ਆਪਣਾ ਇਲਾਜ ਕਰਵਾਉਣਾ ਪਿਆ|
ਕਰਮਚਾਰੀਆਂ ਨੇ ਦਸਿਆ ਕਿ ਜਦੋਂ ਉਹ ਨਗਰ ਨਿਗਮ ਦੇ ਕਮਿਸ਼ਨਰ ਕੋਲ ਜਾਂਦੇ ਹਨ ਤਾਂ ਕਮਿਸ਼ਨਰ ਵਲੋਂ ਉਹਨਾਂ ਕੰਪਨੀ ਤੋਂ ਤਨਖਾਹ ਦਿਵਾਉਣ ਦਾ ਭਰੋਸਾ ਦਿੱਤਾ ਜਾਂਦਾ ਹੈ| ਪ੍ਰੰਤੂ ਜਦੋਂ ਉਹ ਕੰਪਨੀ ਦੇ ਪ੍ਰਬੰਧਕ ਲਲਿਤ ਕੁਮਾਰ ਨਾਲ ਸੰਪਰਕ ਕਰਦੇ ਹਨ ਤਾਂ ਉਹ ਕਹਿ ਦਿੰਦਾ ਹੈ ਕਿ ਉਸਨੇ ਹੁਣੇ ਨਿਗਮ ਤੋਂ ਅਦਾਇਗੀ ਨਹੀਂ ਹੋਈ ਹੈ| ਕਰਮਚਾਰੀਆਂ ਨੇ  ਅਲਟੀਮੇਟਮ ਦਿੱਤਾ ਕਿ ਜੇਕਰ ਅੱਜ ਉਹਨਾਂ ਦੀਆਂ ਤਨਖਾਹਾਂ ਨਾ ਮਿਲੀਆਂ ਤਾਂ ਕੱਲ ਤੋਂ ਉਹ ਪਿਸ਼ਾਬਘਰਾਂ ਨੂੰ ਤਾਲਾ ਲਗਾ ਕੇ ਧਰਨੇ ਤੇ ਬੈਠ ਜਾਣਗੇ|
ਇਸ ਸਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਸਕਾਈ ਹਾਕ ਨੂੰ ਦੱਸਿਆ ਕਿ ਇਹਨਾਂ ਕਰਮਚਾਰੀਆਂ ਨੂੰ ਠੇਕੇਦਾਰ ਵਲੋਂ ਅਦਾਇਗੀ ਕੀਤੀ ਜਾਂਦੀ ਹੈ ਅਤੇ ਨਿਗਮ ਵਲੋਂ ਠੇਕੇਦਾਰ ਨੂੰ ਅਦਾਇਗੀ ਸੰਬੰਧੀ ਮਤਾ ਪੈਂਡਿੰਗ ਹੋਣ ਕਾਰਨ ਨਿਗਮ ਵੱਲੋਂ ਠੇਕੇਦਾਰ ਨੂੰ ਰਕਮ ਜਾਰੀ ਨਹੀਂ ਹੋਈ ਪਰੰਤੂ ਠੇਕੇਦਾਰ ਵਲੋਂ ਕਰਮਚਾਰੀਆਂ ਦੀਆਂ ਤਨਖਾਹਾਂ ਰੋਕਣ ਦੀ ਕੋਈ ਤੁਕ ਨਹੀਂ ਬਣਦੀ ਅਤੇ ਉਹ ਠੇਕੇਦਾਰ ਨੂੰ ਹਦਾਇਤ ਕਰਨਗੇ ਕਿ ਇਹ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ ਤਾਂ ਜੋ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ|
ਸੰਪਰਕ ਕਰਨ ਤੇ ਡੀ.ਐਸ.ਆਈ. ਦੇ ਪ੍ਰਬੰਧਕ ਸ੍ਰੀ ਲਲਿਤ ਕੁਮਾਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਪਿਛਲੇ 2 ਮਹੀਨਿਆਂ ਤੋਂ ਉਹਨਾਂ ਨੂੰ ਕੋਈ ਅਦਾਇਗੀ ਨਾਂ ਕੀਤੇ ਜਾਣ ਕਾਰਨ ਕਰਮਚਾਰੀਆਂ ਦੀ ਅਦਾਇਗੀ ਦਾ ਕੰਮ ਰੁਕਿਆ ਹੈ| ਉਹਨਾਂ ਕਿਹਾ ਕਿ ਇਸ ਸਬੰਧੀ ਉਹ ਕਈ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਚੁਕੇ ਹਨ ਪਰੰਤੂ ਕਿਸੇ ਤਕਨੀਕੀ ਸਮੱਸਿਆ ਕਾਰਨ ਉਹਨਾਂ ਦੀ ਅਦਾਇਗੀ ਰੁਕ ਗਈ ਹੈ| ਉਹਨਾਂ ਕਿਹਾ ਕਿ ਉਹ ਕਿਸੇ ਵੀ ਹਾਲਤ ਵਿਚ ਭੱਲਕੇ ਕਰਮਚਾਰੀਆਂ ਦੀ ਇੱਕ ਮਹੀਨੇ ਦੀ ਤਨਖਾਹ ਦੀ ਅਦਾਇਗੀ ਕਰ ਦੇਣਗੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ|

Leave a Reply

Your email address will not be published. Required fields are marked *