ਜਨਤਕ ਪਖਾਨਿਆਂ ਦੇ ਕਾਮਿਆਂ ਦੀ ਹੜਤਾਲ ਕਾਰਨ ਤੰਗ ਹੋਏ ਲੋਕ

ਜਨਤਕ ਪਖਾਨਿਆਂ ਦੇ ਕਾਮਿਆਂ ਦੀ ਹੜਤਾਲ ਕਾਰਨ ਤੰਗ ਹੋਏ ਲੋਕ
ਦੁਪਹਿਰ ਵੇਲੇ ਕਮਿਸ਼ਨਰ ਦੇ ਦਖਲ ਤੋਂ ਬਾਅਦ ਕੰਮ ਤੇ ਪਰੰਤੇ ਸਫਾਈ ਕਾਮੇ
ਐਸ ਏ ਐਸ ਨਗਰ, 22 ਅਕਤੂਬਰ (ਸ.ਬ.) ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਬਣੇ ਜਨਤਕ ਪਖਾਨਿਆਂ ਦੇ ਕਾਮਿਆਂ ਵਲੋਂ ਅੱਜ ਉਹਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਰੋਸ ਜਤਾਉਂਦਿਆਂ ਆਪਣਾ ਕੰਮ ਬੰਦ ਕਰ ਦਿੱਤਾ ਗਿਆ ਅਤੇ ਇਹਨਾਂ ਪਖਾਨਿਆਂ ਨੂੰ ਤਾਲੇ ਲਗਾ ਦਿੱਤੇ ਗਏ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪਿਆ| ਸਫਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਡੀ ਸੀ ਰੇਟਾਂ ਨੂੰ ਕੋਰਟ ਤੋਂ ਮੰਜੂਰੀ ਮਿਲਣ ਦੇ ਬਾਵਜੂਦ ਠੇਕੇਦਾਰ ਅਤੇ ਨਿਗਮ ਵਲੋਂ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ| ਟਾਇਲਟ ਵਰਕਰਾਂ ਨੂੰ ਉਹਨਾਂ ਦੀ ਤਨਖਾਹ ਡੀ.ਸੀ. ਰੇਟਾਂ ਅਨੁਸਾਰ 8652 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਣੀ ਚਾਹੀਦੀ ਹੈ|
ਇਸ ਸੰਬੰਧੀ ਸਫਾਈ ਵਰਕਰਾਂ ਵਲੋਂ ਬੀਤੀ 16 ਅਕਤੂਬਰ ਨੂੰ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਡੀ ਸੀ ਰੇਟ ਲਾਗੂ ਨਾ ਕੀਤੇ ਜਾਣ ਤੇ 22 ਅਕਤੂਬਰ ਨੂੰ ਜਨਤਕ ਪਖਾਨੇ ਬੰਦ ਕਰਨ ਸੰਬੰਧੀ ਅਲਟੀਮੇਟਮ ਵੀ ਦਿੱਤਾ ਗਿਆ ਸੀ ਅਤੇ ਨਿਗਮ ਵਲੋਂ ਉਹਨਾਂ ਦੀ ਮੰਗ ਨਾ ਮੰਨੇ ਜਾਣ ਤੇ ਉਹਨਾਂ ਨੇ ਅੱਜ ਪਖਾਨਿਆਂ ਨੂੰ ਤਾਲੇ ਲਗਾ ਦਿੱਤੇ|
ਇਸ ਸੰਬੰਧੀ ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੇ ਟਾਇਲੈਟ ਵਰਕਰਾਂ ਦੀ ਹੜਤਾਲ ਲਈ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਕਮਿਸ਼ਨਰ ਨੇ ਸਫਾਈ ਕਰਮਚਾਰੀਆਂ ਵਲੋਂ ਦਿੱਤੇ ਗਏ ਅਲਟੀਮੇਟਮ ਨੂੰ ਹਲਕੇ ਢੰਗ ਨਾਲ ਲਿਆ ਜਿਸ ਕਾਰਨ ਅੱਜ ਸਮੁਚੇ ਮੁਹਾਲੀ ਦੀਆਂ ਮਾਰਕੀਟਾਂ ਦੇ ਬਾਥਰੂਮ ਬੰਦ ਕਰ ਦਿੱਤੇ ਗਏ ਹਨ| ਉਹਨਾਂ ਕਿਹਾ ਕਿ ਟਾਇਲਟ ਬੰਦ ਹੋਣ ਕਾਰਨ ਦੁਕਾਨਦਾਰਾਂ ਦੇ ਨਾਲ-ਨਾਲ ਖਰੀਦਦਾਰਾਂ ਨੂੰ ਵੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਵਿੱਚ ਸੀਨੀਅਰ ਸੀਟਿਜਨ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ| ਉਹਨਾਂ ਕਿਹਾ ਸਫਾਈ ਕਾਮਿਆਂ ਦੀ ਤਨਖਾਹ ਵਧਾਉਣ ਦੀ ਮੰਗ ਦਾ ਮਸਲਾ ਨਗਰ ਨਿਗਮ, ਠੇਕੇਦਾਰ ਅਤੇ ਟਾਇਲਟ ਵਰਕਰਾਂ ਵਿਚਾਲੇ ਹੈ ਪਰ ਇਸ ਹੜਤਾਲ ਦਾ ਖਾਮਿਆਜਾ ਮੁਹਾਲੀ ਦੇ ਆਮ ਨਾਗਰਿਕਾਂ ਨੂੰ ਭੁਗਤਣਾ ਪੈ ਰਿਹਾ ਹੈ|
ਉਹਨਾਂ ਕਿਹਾ ਕਿ ਨਗਰ ਨਿਗਮ ਵਲੋਂ ਵਪਾਰੀਆਂ ਤੋਂ ਕਰੋੜਾਂ ਦੇ ਹਿਸਾਬ ਨਾਲ ਪ੍ਰਾਪਰਟੀ ਟੈਕਸ ਇਕੱਤਰ ਕੀਤਾ ਜਾਂਦਾ ਹੈ ਅਤੇ ਮਾਰਕੀਟਾਂ ਵਿੱਚ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਉਣਾ ਨਿਗਮ ਦੀ ਜਿੰਮੇਵਾਰੀ ਹੈ| ਉਹਨਾਂ ਕਿਹਾ ਕਿ ਟੈਕਸ ਅਦਾ ਕਰਨ ਤੋਂ ਬਾਅਦ ਵੀ ਜੇਕਰ ਵਪਾਰੀਆਂ ਅਤੇ ਆਮ ਸ਼ਹਿਰੀਆਂ ਨੂੰ ਮੁਸ਼ਕਿਲਾਂ ਪੇਸ਼ ਆਉਣ ਤਾਂ ਇਹ ਮੰਦਭਾਗਾ ਹੈ|
ਇਸ ਦੌਰਾਨ ਦੁਪਹਿਰ ਵੇਲੇ ਨਗਰ ਨਿਗਮ ਦੇ ਕਮਿਸ਼ਨਰ ਵਲੋਂ ਸਫਾਈ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਪਬਲਿਕ ਟਾਟਿਲਟ ਖੁਲਵਾ ਦਿੱਤੇ ਗਏ| ਸੰਪਰਕ ਕਰਨ ਤੇ ਨਿਗਮ ਦੇ ਕਮਿਸ਼ਨਰ ਸ੍ਰ. ਭੁਪਿੰਦਰ ਸਿੰਘ ਨੇ ਕਿਹਾ ਕਿ ਇਹ ਮਸਲਾ ਹਲ ਕਰ ਦਿੱਤਾ ਗਿਆ ਹੈ ਅਤੇ ਸਫਾਈ ਕਾਮੇ ਕੰਮ ਤੇ ਆ ਗਏ ਹਨ|

Leave a Reply

Your email address will not be published. Required fields are marked *