ਜਨਤਕ ਹੋਵੇ ਸਿਆਸੀ ਪਾਰਟੀਆਂ ਨੂੰ ਮਿਲਣ ਵਾਲੀ ਹਰ ਤਰ੍ਹਾਂ ਦੀ ਰਕਮ ਦੀ ਜਾਣਕਾਰੀ

ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ ਦੇਸ਼ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਕਾਲੇ ਧਨ ਨੂੰ ਮੁੱਦਾ ਬਣਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਜਾਂਦੀਆਂ ਹਨ| ਅਸੀਂ ਸਾਰੇ ਹੀ ਜਾਣਦੇ ਹਾਂ ਕਿ ਚੋਣਾਂ ਦੌਰਾਨ ਸਾਡੀਆਂ ਸਿਆਸੀ ਪਾਰਟੀਆਂ ਅਤੇ ਉਹਨਾਂ ਵਲੋਂ ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਕਿਸ ਤਰ੍ਹਾਂ ਪਾਣੀ ਵਾਂਗ ਪੈਸਾ ਬਹਾਇਆ ਜਾਂਦਾ ਹੈ ਅਤੇ ਕਾਲੇ ਧਨ ਦੀ ਖੁੱਲੀ ਵਰਤੋਂ ਕੀਤੀ ਜਾਂਦੀ ਹੈ| ਅਸਲੀਅਤ ਵਿੱਚ ਤਾਂ ਦੇਸ਼ ਦੀਆਂ ਸਾਰੀਆਂ ਹੀ ਸਿਆਸੀ ਪਾਰਟੀ ਦੀ ਹਾਲਤ ਇਹ ਹੈ ਕਿ ਉਹ ਕਾਲੇ ਧਨ ਦੇ ਮੁੱਦੇ ਤੇ ਰੌਲਾ ਤਾਂ ਬਹੁਤ ਪਾਉਂਦੀਆਂ ਹਨ ਪਰੰਤੂ ਉਹਨਾਂ ਦੀ ਖੁਦ ਦੀ ਹਾਲਤ ਗਲੇ ਤਕ ਆ ਚੁੱਕੇ ਪਾਣੀ ਵਿੱਚ ਖੜ੍ਹਾ ਹੋ ਕੇ ਖੁਦ ਨੂੰ ਸੁੱਕਾ ਸਾਬਿਤ ਕਰਨ ਵਰਗੀ ਹੀ ਹੁੰਦੀ ਹੈ|
ਅਜਿਹੀ ਹਾਲਤ ਵਿੱਚ ਸਾਡੇ ਇਹਨਾਂ ਰਾਜਨੀਤਿਕ ਨੇਤਾਵਾਂ ਤੋਂ ਇਹ ਆਸ ਕਿਵੇਂ ਕੀਤੀ ਜਾ ਸਕਦੀ ਹੈ ਕਿ ਉਹ ਕਾਲੇ ਧਨ ਦੇ ਖਿਲਾਫ ਕੋਈ ਸਮਰਥ ਕਾਰਵਾਈ ਨੂੰ ਅੰਜਾਮ ਦੇਣਗੇ| ਸ਼ਾਇਦ ਇਹੀ ਕਾਰਨ ਹੈ ਕਿ ਭਾਰਤੀ ਅਮੀਰਾਂ ਵਲੋਂ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਰਵਾਏ ਗਏ ਕਾਲੇ ਧਨ ਨੂੰ ਮੁੱਦਾ ਬਣਾ ਕੇ ਦੇਸ਼ ਦੀ ਸੱਤਾ ਸੰਭਾਲਣ ਵਾਲੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਚਲਣ ਵਾਲੀ ਕੇਂਦਰ ਦੀ ਐਨ ਡੀ ਏ ਸਰਕਾਰ ਪਿਛਲੇ ਸਾਢੇ ਤਿੰਨ ਦੌਰਾਨ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਇਸ ਕਾਲੇ ਧਨ ਨੂੰ ਵਾਪਸ ਲਿਆਉਣ ਦੇ ਨਾਮ ਤੇ ਜਬਾਨੀ ਜਮਾ ਖਰਚਾ ਤੋਂ ਇਲਾਵਾ ਕੁੱਝ ਵੀ ਨਹੀਂ ਕਰ ਪਾਈ ਹੈ| ਇਸ ਸਰਕਾਰ ਦਾ ਦੋ ਤਿਹਾਈ ਕਾਰਜਕਾਲ ਤਾਂ ਲੰਘ ਗਿਆ ਹੈ ਅਤੇ ਸਰਕਾਰ ਦੀ ਹੁਣ ਤਕ ਦੀ ਕਾਰਗੁਜਾਰੀ ਨਾਲ ਅਜਿਹਾ ਲੱਗਦਾ ਨਹੀਂ ਹੈ ਕਿ ਇਸਦਾ ਕਾਰਜਕਾਲ ਖਤਮ ਹੋਣ ਤਕ ਸਰਕਾਰ ਇਸ ਮੁੱਦੇ ਤੇ ਕੋਈ ਫੈਸਲਾਕੁੰਨ ਕਾਰਵਾਈ ਕਰਨ ਦੀ ਸਮਰਥ ਹੋਵੇਗੀ|
ਦੇਸ਼ ਦੀ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਦੀ ਖੁਦ ਦੀ ਹਾਲਤ ਤਾਂ ਇਹ ਹੈ ਕਿ ਇਹ ਪਾਰਟੀਆਂ ਜਿਹੜੀ ਰਕਮ ਵੱਖ ਵੱਖ ਤਰੀਕਿਆਂ (ਚੰਦੇ, ਦਾਨ, ਮਦਦ ਆਦਿ) ਨਾਲ ਇਕੱਤਰ ਕਰਦੀਆਂ ਹਨ, ਉਸ ਬਾਰੇ ਵੀ ਉਹ ਜਨਤਾ ਨੂੰ ਪੂਰੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੁੰਦੀਆਂ| ਦੇਸ਼ ਵਾਸੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜ ਸਾਲ ਪਹਿਲਾਂ ਸਾਡੀਆਂ ਇਹਨਾਂ ਤਮਾਮ ਸਿਆਸੀ ਪਾਰਟੀਆਂ ਨੇ ਕਿਸ ਤਰ੍ਹਾਂ ਇੱਕਮਤ ਹੋ ਕੇ ਖੁਦ ਨੂੰ ਸੂਚਨਾ ਦੇ ਅਧਿਕਾਰ ਤੋਂ ਬਾਹਰ ਰੱਖਣ ਦੀ ਸੁਰ ਅਲਾਪਣੀ ਸ਼ੁਰੂ ਕਰ ਦਿੱਤੀ ਸੀ| ਉਸ ਵੇਲੇ ਵੱਖ-ਵੱਖ ਮੁੱਦਿਆਂ ਤੇ ਇਕ ਦੂਜੇ ਦੇ ਖਿਲਾਫ ਇਲਜਾਮ ਲਗਾਉਣ ਵਾਲੀਆਂ ਸਾਡੀਆਂ ਇਹ ਤਮਾਮ ਸਿਆਸੀ ਪਾਰਟੀਆਂ ਇੱਕ ਸੁਰ ਵਿੱਚ ਇਹ ਦੁਹਾਈ ਦੇ ਰਹੀਆਂ ਸਨ ਕਿ ਕਿਸੇ ਨੂੰ ਵੀ ਸੂਚਨਾ ਦੇ ਅਧਿਕਾਰ ਦੇ ਤਹਿਤ ਉਹਨਾਂ ਤੋਂ ਕੋਈ ਵੀ ਜਾਣਕਾਰੀ ਮੰਗਣ ਦਾ ਅਧਿਕਾਰ ਨਹੀਂ ਹੈ|
ਇਹ ਸਿਆਸੀ ਪਾਰਟੀਆਂ ਖੁਦ ਦੇ ਬਾਰੇ ਵਿੱਚ ਕੋਈ ਵੀ ਸੋਚ ਰੱਖ ਸਕਦੀਆਂ ਹਨ ਪਰੰਤੂ ਦੇਸ਼ ਦੀ ਜਨਤਾ ਨੂੰ ਇਹ ਜਾਣਕਾਰੀ ਹਾਸਿਲ ਕਰਨ ਦਾ ਪੂਰਾ ਹੱਕ ਹੈ ਕਿ ਉਹਨਾਂ ਤੇ ਰਾਜ ਕਰਨ ਵਾਲੀਆਂ ਇਹਨਾਂ ਤਮਾਮ ਸਿਆਸੀ ਪਾਰਟੀਆਂ ਅਤੇ ਇਹਨਾਂ ਪਾਰਟੀਆਂ ਦੇ ਆਗੂਆਂ ਨੂੰ ਕਦੋਂ, ਕਿੱਥੋਂ ਅਤੇ ਕਿੰਨਾ ਫੰਡ ਮਿਲਦਾ ਹੈ| ਜਨਤਾ ਨੂੰ ਇਸ ਗੱਲ ਦੀ ਜਾਣਕਾਰੀ ਹਾਸਿਲ ਕਰਨ ਦਾ ਵੀ ਅਧਿਕਾਰ ਹੈ ਕਿ ਸਾਡੀਆਂ ਸਿਆਸੀ ਪਾਰਟੀਆਂ ਨੂੰ ਅਜਿਹੇ ਫੰਡ ਦੇਣ ਵਾਲਿਆਂ ਵਲੋਂ ਇਸਦੇ ਬਦਲ ਸਰਕਾਰ ਕੋਲੋਂ ਕੀ-ਕੀ ਲਾਭ ਹਾਸਿਲ ਕੀਤੇ ਜਾਂਦੇ ਹਨ| ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਰਕਾਰ ਕੋਲੋਂ ਵੱਡੇ ਲਾਭ ਲੈਣ ਵਾਲੇ ਵੱਡੇ ਕਾਰੋਬਾਰੀ ਅਤੇ ਉਦਯੋਗਪਤੀ, ਹਾਕਮ ਧਿਰ ਨੂੰ ਹੀ ਨਹੀਂ ਸਗੋਂ ਵਿਰੋਧੀ ਧਿਰਾਂ ਨੂੰ ਵੀ ਵੱਡਾ ਫੰਡ ਦਿੰਦੇ ਹਨ ਅਤੇ ਇਸ ਤੋਂ ਡਰਦਿਆਂ ਹੀ ਸਭ ਪਾਰਟੀਆਂ ਆਪਣੀ-ਆਪਣੀ ਅਸਲੀਅਤ ਜਗ ਜਾਹਿਰ ਹੋਣ ਤੋਂ ਡਰਦਿਆਂ ਉਹਨਾਂ ਨੂੰ ਮਿਲਣ ਵਾਲੇ ਫੰਡਾਂ ਦੀ ਜਾਣਕਾਰੀ ਦੇਣ ਤੋਂ ਭੱਜਦੀਆਂ ਹਨ|
ਸਿਆਸੀ ਪਾਰਟੀਆਂ ਨੂੰ ਮੋਟਾ ਫੰਡ ਦੇਣ ਵਾਲੇ ਅਤੇ ਬਦਲੇ ਵਿੱਚ ਵੱਡੇ ਲਾਭ ਲੈਣ ਵਾਲੇ ਲੋਕਾਂ ਵਿੱਚ ਰੇਤ ਮਾਫੀਆ, ਸ਼ਰਾਬ ਮਾਫੀਆ, ਭੂ ਮਾਫੀਆ, ਟਰਾਂਸਪੋਰਟ ਮਾਫੀਆ, ਕੋਇਲੇ ਦੀਆਂ ਖਦਾਨਾਂ ਲੈਣ ਵਾਲੇ, ਤੇਲ ਤੇ ਕੁਦਰਤੀ ਗੈਸ ਨਾਲ ਜੁੜੇ ਵਪਾਰੀ ਸਮੇਤ ਵੱਡੇ ਵੱਡੇ ਅਜਿਹੇ ਲੋਕ ਸ਼ਾਮਿਲ ਹੋ ਸਕਦੇ ਹਨ ਜਿਨ੍ਹਾਂ ਦਾ ਨਾਮ ਜੇਕਰ ਸਾਹਮਣੇ ਆ ਜਾਵੇ ਤਾਂ ਇਹਨਾਂ ਪਾਰਟੀਆਂ ਦੀ ਅਸਲੀਅਤ ਲੋਕਾਂ ਅੱਗੇ ਖੁੱਲ ਸਕਦੀ ਹੈ| ਚੋਣਾਂ ਵਿੱਚ ਕਰੋੜਾਂ ਰੁਪਏ ਖਰਚ ਕਰਕੇ ਅਤੇ ਵਾਰੀ ਬਦਲ ਕੇ ਦੇਸ਼ ਦੀ ਸੱਤਾ ਸੰਭਾਲਣ ਵਾਲੀਆਂ ਇਹਨਾਂ ਪਾਰਟੀਆਂ ਨੂੰ ਮਿਲਣ ਵਾਲੇ ਫੰਡਾਂ ਦੀ ਅਸਲੀਅਤ ਹਰ ਹਾਲ ਵਿੱਚ ਜੱਗਜਾਹਿਰ ਹੋਣੀ ਚਾਹੀਦੀ ਹੈ ਅਤੇ ਇਹ ਜਨਤਾ ਦੀ ਹੀ ਜਿੰਮੇਵਾਰੀ ਹੈ ਕਿ ਉਹ ਇਸ ਸੰਬੰਧੀ ਇਹਨਾਂ ਪਾਰਟੀਆਂ ਤੇ ਦਬਾਅ ਬਣਾ ਕੇ ਇਸ ਸੰਬੰਧੀ ਜਾਣਕਾਰੀ ਜਨਤਕ ਕਰਨ ਲਈ ਮਜਬੂਰ ਕਰੇ ਤਾਂ ਜੋ ਇਹਨਾਂ ਪਾਰਟੀਆਂ ਦੀ ਅਸਲੀਅਤ ਸਭ ਦੇ ਸਾਮ੍ਹਣੇ ਆਏ|

Leave a Reply

Your email address will not be published. Required fields are marked *