ਜਨਤਾ ਕਾਲੋਨੀ ਨਵਾਂ ਗਾਓਂ ਵਿਖੇ ਹੋਏ ਨੌਜਵਾਨ ਦੇ ਕਤਲ ਦੀ ਗੁੱਥੀ ਸੁਲਝੀ : ਜੱਲ੍ਹਾ

ਜਨਤਾ ਕਾਲੋਨੀ ਨਵਾਂ ਗਾਓਂ ਵਿਖੇ ਹੋਏ ਨੌਜਵਾਨ ਦੇ ਕਤਲ ਦੀ ਗੁੱਥੀ ਸੁਲਝੀ : ਜੱਲ੍ਹਾ
ਪੁਲੀਸ ਵਲੋਂ ਵਾਰਦਾਤ ਵਿੱਚ ਸ਼ਾਮਿਲ ਤਿੰਨ ਵਿਅਕਤੀ ਕਾਬੂ, ਮੁੱਖ ਦੋਸ਼ੀ ਨੂੰ ਕਾਬ ਕਰਨ ਲਈ ਪੁਲੀਸ ਕਰ ਹੀ ਹੈ ਛਾਪੇਮਾਰੀ
ਐਸ.ਏ.ਐਸ. ਨਗਰ, 12 ਜੂਨ (ਸ.ਬ.) ਮੁਹਾਲੀ ਪੁਲੀਸ ਨੇ ਬੀਤੇ ਦਿਨੀ ਜਨਤਾ ਕਾਲੋਨੀ, ਨਵਾਂ ਗਾਓਂ ਵਿਖੇ ਸੌਰਭ ਉਰਫ ਮੈਡੀ ਦੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ| ਇਸ ਸੰਬੰਧੀ ਪੁਲੀਸ ਵਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਪੁਲੀਸ ਵਲੋਂ ਇਸ ਵਾਰਦਾਤ ਲਈ ਵਰਤਿਆ ਗਿਆ ਪਿਸਤੌਲ (ਅਤੇ 2 ਗੋਲੀਆਂ) ਵੀ ਬਰਾਮਦ ਕਰ ਲਿਆ ਗਿਆ ਹੈ|
ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਸ੍ਰ. ਜਗਜੀਤ ਸਿੰਘ ਜੱਲਾ ਐਸ ਪੀ ਸਿਟੀ ਮੁਹਾਲੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਦੇ ਆਦੇਸ਼ਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ ਅਤੇ ਮਾਮਲੇ ਦੀ ਜਾਂਚ ਆਰੰਭ ਕੀਤੀ ਗਈ ਸੀ| ਉਹਨਾਂ ਦਸਿਆ ਕਿ ਜਾਂਚ ਟੀਮ ਵਲੋਂ ਬੀਤੇ ਕੱਲ ਇਸ ਕਤਲ ਲਈ ਜਿੰਮੇਵਾਰ ਰਿਸ਼ਵ ਉਰਫ ਉਦੂ ਅਤੇ ਅਰੁਣ ਗਾਗਟ (ਦੋਵੇਂ ਵਸਨੀਕ ਜਨਤਾ ਕਾਲੋਨੀ ਨਵਾਂ ਗਾਓਂ) ਨੂੰ ਖੁੱਡਾ ਲਾਹੌਰਾ ਤੋਂ ਕਾਬੂ ਕੀਤਾ ਗਿਆ ਸੀ ਅਤੇ ਰਿਸ਼ਵ ਕੋਲੋਂ ਕਤਲ ਦੌਰਾਨ ਵਰਤਿਆ ਗਿਆ 32 ਬੋਰ ਦਾ ਪਿਸਤੌਲ ਅਤੇ 2 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਸਨ|
ਉਹਨਾਂ ਦੱਸਿਆ ਕਿ ਪੁਲੀਸ ਵਲੋਂ ਅੱਜ ਇਸ ਵਾਰਦਾਤ ਵਿੱਚ ਸ਼ਾਮਿਲ ਆਕਾਸ਼ ਸਿੰਘ ਵਾਸੀ ਜਨਤਾ ਕਾਲੋਨੀ ਨਵਾਂ ਗਾਓਂ ਨੂੰ ਵੀ ਨਦੀ ਨਾਢਾ ਦੇ ਪੁੱਲ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ ਹੈ| ਉਹਨਾਂ ਦੱਸਿਆ ਕਿ ਕਤਲ ਦਾ ਮੁੱਖ ਮੁਲਜ਼ਮ ਜਗਮਾਨ ਸਿੰਘ ਮਾਨ ਉਰਫ ਛੋਟਾ ਫੌਜੀ ਹਾਲੇ ਫਰਾਰ ਹੈ ਅਤੇ ਉਸਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਥਾਵਾਂ ਤੇ ਪੁਲੀਸ ਟੀਮਾਂ ਭੇਜੀਆਂ ਗਈਆਂ ਹਨ|
ਇੱਥੇ ਜਿਕਰਯਗ ਹੈ ਕਿ ਸੌਰਭ ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਵਲੋਂ ਆਈ ਪੀ ਸੀ ਦੀ ਧਾਰਾ 302, 379-ਬੀ, 148, 149 ਆਈ.ਪੀ.ਸੀ, 25-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਐਸ ਐਸ ਪੀ ਮੁਹਾਲੀ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸਦੀ ਜਾਂਚ ਲਈ ਸੀ.ਆਈ.ਏ ਸਟਾਫ ਮਹਾਲੀ ਅਤੇ ਥਾਣਾ ਨਵਾਂ ਗਾਓਂ ਦੀ ਪੁਲਿਸ ਦੀ ਇਕ ਸਾਂਝੀ ਟੀਮ ਗਠਿਤ ਕੀਤੀ ਗਈ ਸੀ ਜਿਸ ਵਲੋਂ ਉਕਤ ਮੁਲਜਮਾਂ ਨੂੰ ਕਾਬੂ ਕੀਤਾ ਗਿਆ ਹੈ|

Leave a Reply

Your email address will not be published. Required fields are marked *