ਜਨਤਾ ਦੇ ਦਿਲ ਵਿੱਚ ਡਰ ਪੈਦਾ ਕਰਨ ਅਤੇ ਜੁਰਮ ਘਟਾਉਣ ਲਈ ਦੋਸ਼ੀਆਂ ਨੂੰ ਜਨਤਕ ਰੂਪ ਨਾਲ ਮੌਤ ਦੀ ਸਜਾ ਦੇ ਰਿਹਾ ਹੈ ਉੱਤਰੀ ਕੋਰੀਆ

ਪਿਯੋਂਗਯਾਂਗ, 20 ਜੁਲਾਈ (ਸ.ਬ.) ਇਕ ਗੈਰ ਸਰਕਾਰੀ ਸੰਸਥਾਨ ਵੱਲੋਂ ਜਾਰੀ ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉੱਤਰੀ ਕੋਰੀਆ ਸਰਕਾਰ ਨੇ ਆਮ ਜਨਤਾ ਦੇ ਦਿਲ ਵਿਚ ਡਰ ਪੈਦਾ ਕਰਨ ਲਈ ਚੋਰੀ, ਵੇਸਵਾਪੁਣੇ, ਦੱਖਣੀ ਕੋਰੀਆ ਨਾਲ ਮੀਡੀਆ ਕਾਰਜਕ੍ਰਮਾਂ ਦਾ ਲੈਣ-ਦੇਣ ਕਰਨ ਅਤੇ ਹੋਰ ਮਾਮੂਲੀ ਅਪਰਾਧਾਂ ਲਈ ਦੋਸ਼ੀਆਂ ਨੂੰ  ਜਨਤਕ  ਰੂਪ ਨਾਲ ਮੌਤ ਦੀ ਸਜ਼ਾ ਦੇ ਰਹੀ ਹੈ| ਰਿਪੋਰਟ ਮੁਤਾਬਕ ਜਿਨ੍ਹਾਂ ਜਗ੍ਹਾਂ ਤੇ ਲੋਕਾਂ ਨੂੰ ਸਜ਼ਾ ਦਿੱਤੀ ਗਈ ਹੈ ਉਨ੍ਹਾਂ ਵਿਚ ਨਦੀਆਂ ਦੇ ਕਿਨਾਰੇ, ਸਕੂਲਾਂ ਦੇ ਮੈਦਾਨ ਅਤੇ ਬਾਜ਼ਾਰਾਂ ਦੇ ਚੌਂਕ ਸ਼ਾਮਲ ਹਨ|
ਇਕ ਰਿਪੋਰਟ ਮੁਤਾਬਕ ਇਸ ਤਰ੍ਹਾਂ ਦੇ ਮਾਮੂਲੀ ਅਪਰਾਧਾਂ ਲਈ ਸਜ਼ਾ ਦੇਣ ਦਾ ਇਹ ਤਰੀਕਾ ਲੋਕਾਂ ਦੇ ਦਿਲਾਂ ਵਿਚ ਡਰ ਪੈਦਾ ਕਰਨਾ ਹੈ| ਸਰਕਾਰ ਦਾ ਦਾਅਵਾ ਹੈ ਕਿ ਇਹ ਤਰੀਕਾ ਲੋਕਾਂ ਵਿਚ ਚੋਰੀ ਦੀਆਂ ਘਟਨਾਵਾਂ ਅਤੇ ਹੋਰ ਗਲਤ ਆਦਤਾਂ ਨੂੰ ਰੋਕਣ ਲਈ ਡਰ ਪੈਦਾ ਕਰੇਗਾ ਅਤੇ ਜ਼ੁਰਮ ਨਹੀਂ ਵੱਧ ਸਕੇਗਾ|
ਇਕ ਸੰਗਠਨ ‘ਦ ਟ੍ਰਾਂਜਿਸ਼ਨਲ ਜਸਟਿਸ ਵਰਕਿੰਗ ਗਰੁੱਪ’ (ਟੀ. ਜੇ. ਡਬਲਯੂ. ਜੀ.) ਨੇ ਆਪਣੀ ਇਹ ਰਿਪੋਰਟ ਉੱਤਰੀ ਕੋਰੀਆ ਤੋਂ ਭੱਜੇ ਉਨ੍ਹਾਂ 375 ਕੈਦੀਆਂ ਦੇ ਇੰਟਰਵਿਊ ਤੇ ਤਿਆਰ ਕੀਤੀ ਹੈ| ਇਨ੍ਹਾਂ ਕੈਦੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਮੂਲੀ ਜ਼ੁਰਮ ਲਈ ਜੇਲਾਂ ਵਿਚ ਮਰਨ ਲਈ ਛੱਡ ਦਿੱਤਾ ਗਿਆ ਸੀ|
ਹਾਲਾਂਕਿ ਉੱਤਰੀ ਕੋਰੀਆ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰਦਿਆਂ ਕਿਹਾ ਹੈ ਕਿ ਉਸ ਦੇ ਨਾਗਰਿਕਾਂ ਨੂੰ ਸੰਵਿਧਾਨ ਤਹਿਤ ਪੂਰੀ ਆਜ਼ਾਦੀ ਹੈ ਅਤੇ ਅਮਰੀਕਾ ਦੁਨੀਆ ਵਿਚ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਦੋਸ਼ੀ ਹੈ| ਸਾਲ 2014 ਵਿਚ ਸੰਯੁਕਤ ਰਾਸ਼ਟਰ ਦੇ ਇਕ ਕਮਿਸ਼ਨ ਦੀ ਰਿਪੋਰਟ ਨੂੰ ਧਿਆਨ ਵਿਚ ਰੱਖਦੇ ਹੋਏ ਸੰਯੁਕਤ ਰਾਸ਼ਟਰ ਦੇ ਕਈ ਦੇਸ਼ਾਂ ਨੇ ਉਸ ਦੇ ਵਿਰੁੱਧ ਅੰਤਰ ਰਾਸ਼ਟਰੀ ਅਦਾਲਤ ਵਿਚ ਮਾਮਲਾ ਲਿਜਾਣ ਦਾ ਸੁਝਾਅ ਦਿੱਤਾ ਸੀ ਕਿ ਇਸ ਤਰ੍ਹਾਂ ਦੀ ਸਜ਼ਾਵਾਂ ਮਾਨਵਤਾ ਨੂੰ ਸ਼ਰਮਿੰਦਾ ਕਰਨ ਵਾਲੀਆਂ ਹਨ| ਕਮਿਸ਼ਨ ਨੇ ਕਿਹਾ ਕਿ ਵੱਡੀਆਂ ਜੇਲਾਂ ਵਿਚ ਕੈਦੀਆਂ ਨੂੰ ਅਣਮਨੁੱਖੀ ਤਕਲੀਫਾਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਭੁੱਖੇ ਰੱਖਿਆ ਜਾਂਦਾ ਹੈ ਅਤੇ ਉਸ ਤਰ੍ਹਾਂ ਦੇ ਭਿਆਨਕ ਤਸੀਹੇ ਦਿੱਤੇ ਜਾਂਦੇ ਹਨ ਜੋ ਜਰਮਨੀ ਵਿਚ ਨਾਜੀ ਕੈਂਪਾਂ ਵਿਚ ਕੈਦੀਆਂ ਨੂੰ ਦਿੱਤੇ ਜਾਂਦੇ ਸਨ|
ਸੰਗਠਨ ਦਾ ਕਹਿਣਾ ਹੈ ਕਿ ਜੇਲਾਂ ਵਿਚ ਕੈਦੀਆਂ ਨੂੰ ਭਿਆਨਕ ਤਸੀਹੇ ਦਿੱਤੇ ਜਾਂਦੇ ਹਨ ਤਾਂ ਜੋ ਦੂਜੇ ਕੈਦੀਆਂ ਦੇ ਮਨ ਵਿਚ ਡਰ ਪੈਦਾ ਹੋ ਸਕੇ ਅਤੇ ਉਹ ਭੱਜਣ ਦੀਆਂ ਯੋਜਨਾਵਾਂ ਨਾ ਬਣਾ ਸਕਣ| ਖੇਤਾਂ ਵਿਚੋਂ ਮੱਕਾ ਚੋਰੀ ਕਰਨ ਜਿਹੇ ਮਾਮੂਲੀ ਅਪਰਾਧ ਵਿਚ ਹੀ ਦੋਸ਼ੀਆਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈ| ਇਨ੍ਹਾਂ ਦੇ ਇਲਾਵਾ ਸਰਕਾਰੀ ਅਧਿਕਾਰੀਆਂ ਲਈ ਭ੍ਰਿਸ਼ਟਾਚਾਰ ਦੇ ਦੋਸ਼ਾਂ, ਜਾਸੂਸੀ ਦੇ ਮਾਮਲਿਆਂ ਅਤੇ ਗੁਪਤ ਸੂਚਨਾਵਾਂ ਨੂੰ ਦੂਜੇ ਦੇਸ਼ ਨਾਲ ਸਾਝਾ ਕਰਨ ਜਿਹੇ ਅਪਰਾਧਾਂ ਦੀ ਸਜ਼ਾ ਮੌਤ ਹੈ ਅਤੇ ਅਜਿਹੇ ਦੋਸ਼ੀ ਲੋਕਾਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ|

Leave a Reply

Your email address will not be published. Required fields are marked *