ਜਨਤਾ ਵਿੱਚ ਮਾਯੂਸੀ ਵਧਾ ਰਹੀ ਹੈ ਕਾਂਗਰਸ ਸਰਕਾਰ ਦੀ ਕਾਰਗੁਜਾਰੀ

ਕਾਂਗਰਸ ਸਰਕਾਰ ਤੋਂ ਲਾਈਆਂ ਆਸਾਂ ਵੀ ਢਹਿ-ਢੇਰੀ ਹੋਣ ਨਾਲ ਪੰਜਾਬ ਦੇ ਵਸਨੀਕ ਮਾਯੂਸ ਹਨ| ਪਿਛਲੇ ਇਕ ਦਹਾਕੇ ਤੱਕ ਅਕਾਲੀ-ਭਾਜਪਾ ਸਰਕਾਰ ਤੋਂ ਠਗੇ ਠਗੇ ਲੋਕ ਕੈਪਟਨ ਸਰਕਾਰ ਤੇ ਵੱਡੀਆਂ ਆਸਾਂ ਰੱਖੀ ਬੈਠੇ ਸਨ ਜੋ ਇਕ ਇਕ ਕਰਕੇ ਚਕਣਾ ਚੂਰ ਹੋ ਗਈਆਂ ਹਨ|  ਅੱਜ ਵੀ ਮਾਫੀਆ ਰਾਜ ਉਸੇ ਤਰ੍ਹਾਂ ਚਲ ਰਿਹਾ ਹੈ ਜਿਸ ਤਰ੍ਹਾਂ ਪਿਛਲਾ ਦਹਾਕਾ ਚਲਦਾ ਰਿਹਾ ਸੀ| ਜੇਕਰ ਕੁਝ  ਬਦਲਿਆ ਹੈ ਤਾਂ ਸਿਰਫ ਮਾਫੀਆਂ ਦੇ ਚਿਹਰੇ, ਪਹਿਲਾ ਅਕਾਲੀ-ਭਾਜਪਾ ਆਗੂਆਂ ਦੀ ਸਰਪ੍ਰਸਤੀ ਸੀ ਹੁਣ ਕਾਂਗਰਸ ਆਗੂਆਂ ਦੀ| ਕੈਪਟਨ ਦੇ ਮੰਤਰੀਆਂ ਅਤੇ ਵਿਧਾਇਕਾਂ ਵਿੱਚ ਲਗਭਗ ਤੀਸਰਾ ਹਿੱਸਾ ਅਜਿਹਾ ਹੈ ਜੋ ਸਿੱਧੇ ਜਾ ਅਸਿੱਧੇ ਰੂਪ ਵਿੱਚ ਰੇਤਾ ਬਜਰੀ, ਟਰਾਂਸਪੋਰਟ ਅਤੇ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ| ਚੌਥਾ   ਖੇਤਰ ਕੇਬਲ ਦਾ ਕਾਰੋਬਾਰ ਹੈ| ਜਿਸ ਵਿੱਚ ਹੱਥ ਅਜਮਾਉਣ ਲਈ ਕਾਂਗਰਸੀ ਤਰਲੋਂ-ਮੱਛੀ ਹੋ ਰਹੇ ਹਨ| ਅਕਾਲੀਆਂ ਦੀ ਤਰ੍ਹਾਂ ਹੀ ਹੁਣ ਕਾਂਗਰਸੀਆਂ ਦੀ ਤੂਤੀ ਬੋਲਦੀ ਹੈ ਅਤੇ ਉਹਨਾਂ ਦੀ ਮਰਜੀ ਤੋਂ ਬਿਨਾਂ ਉਚ ਅਧਿਕਾਰੀ ਵੀ ਉੱਥੇ ਥਾਪੇ ਨਹੀਂ ਜਾ ਸਕਦੇ| ਜਿੱਥੋਂ ਉਹ ਨਜਾਇਜ ਮਾਇਨਿੰਗ ਕਰਦੇ ਹਨ ਜਾਂ ਇਕ ਪਰਮਿਟ ਤੇ ਕਈ ਕਈ ਬੱਸਾਂ ਚਲਾਉਂਦੇ ਹਨ| ਸ਼ਰਾਬ ਦੇ ਧੰਦੇ ਵਿੱਚ ਵੀ ਪਹਿਲਾਂ ਵਾਂਗ ਧੱਕੇਸ਼ਾਹੀ ਚੱਲ ਰਹੀ ਹੈ|
ਦੂਸਰੇ ਪਾਸੇ ਸਹੂਲਤਾਂ ਦੀ ਆਸ ਲਾਈ ਬੈਠੇ ਪੰਜਾਬੀ ਸਹੂਲਤ ਦਾ ਪਟਾਰਾ ਖੁਲ੍ਹਣ ਦਾ ਇੰਤਜਾਰ ਕਰ ਰਹੇ ਹਨ| ਹੁਣ ਤੱਕ ਦੇ ਸਰਕਾਰ ਦੇ ਚਾਰ ਮਹੀਨੇ ਪੰਜਾਬ ਦੇ ਵਸਨੀਕਾਂ ਲਈ ਸਹੂਲਤਾਂ ਦੀ ਥਾਂ ਤੇ ਮੁਸ਼ਕਿਲਾਂ ਹੀ ਲੈ ਕੇ ਆਏ ਹਨ| ਭਾਵੇਂ ਸਰਕਾਰ ਨੇ ਕਿਸਾਨਾਂ ਦਾ ਕਰਜਾ ਮੁਆਫ ਕਰਨ ਦੀ ਗੱਲ ਕਹੀ ਹੈ ਪਰ ਹਕੀਕਤ ਵਿੱਚ ਕਰਜਾ ਮੁਆਫ ਨਾ ਹੋਣ ਕਾਰਨ ਇੱਕ ਸੌ ਵੀਹ ਤੋਂ ਵੱਧ ਕਿਸਾਨ ਇਹਨਾਂ ਚਾਰ ਮਹੀਨਿਆਂ ਵਿੱਚ ਖੁਦਕੁਸ਼ੀ ਕਰ ਗਏ ਹਨ| ਪੰਜਾਬ ਦੇ ਲੋਕਾਂ ਦੇ ਸਾਹਮਣੇ ਅਕਾਲੀ-ਭਾਜਪਾ ਤੋਂ ਬਾਅਦ ਕਾਂਗਰਸ ਇਕ ਬਦਲਾਵ ਸੀ ਜੋ ਹੁਣ ਵੀ ਪਿਛਲੀਆਂ ਕਾਂਗਰਸੀ ਸਰਕਾਰਾਂ ਦੀ ਤਰ੍ਹਾਂ ਹੀ ਕੰਮ ਕਰ ਰਹੀਆਂ ਹਨ| ਅਜਿਹੇ ਵਿੱਚ ਕਾਂਗਰਸ ਹਾਈ ਕਮਾਂਡ ਦਾ ਪੰਜਾਬ ਦੇ ਰਾਹੀਂ ਬਾਕੀ ਸੂਬਿਆਂ ਵਿੱਚ ਸਤਾ ਤੇ ਕਾਬਜ ਹੋਣ ਦਾ ਸੁਪਨਾ ਕਿਸ ਤਰ੍ਹਾਂ ਪੂਰਾ ਹੋ ਸਕਦਾ ਹੈ| ਪੰਜਾਬ  ਸਰਕਾਰ ਆਪਣਾ ਚਿਹਰਾ ਮੋਹਰਾ ਸਾਫ ਅਤੇ ਬੇ-ਦਾਗ ਰੱਖਣ ਵਿੱਚ ਨਾਕਾਮ ਰਹੀ ਹੈ| ਪੰਜਾਬ ਵਿੱਚ ਵਿਰੋਧੀ ਧਿਰ ਵਜੋਂ ਉੱਭਰ ਕੇ ਆਈ ਤੀਸਰੀ ਧਿਰ ਆਮ ਆਦਮੀ ਪਾਰਟੀ ਤੋਂ ਵੀ ਲੋਕਾਂ ਨੂੰ ਭਾਰੀ ਆਸਾਂ  ਸਨ ਪਰ ਪਾਰਲੀਮੈਂਟ ਦੇ ਮੈਂਬਰਾਂ ਦੀ ਤਰ੍ਹਾਂ ਹੁਣ ਜਿੱਤੇ ਵਿਧਾਇਕਾਂ ਦੀ ਧੜੇਬੰਦੀ ਅਤੇ ਡਿਸਪਲਿਨ ਦੀ ਘਾਟ ਕਾਰਨ ਲੋਕਾਂ ਵਿੱਚ ਮਾਯੂਸੀ ਹੋਈ ਹੈ| ਗੁਰਪ੍ਰੀਤ ਘੁਗੀ ਦਾ ਪਾਰਟੀ ਨੂੰ ਅਲਵਿਦਾ ਕਹਿਣਾ ਅਤੇ ਐਚ ਐਸ ਫੂਲਕਾ ਦਾ ਵਿਰੋਧੀ ਧਿਰ ਦਾ ਅਹੁਦਾ ਛੱਡਣਾ ਵੀ ਆਮ ਆਦਮੀ ਪਾਰਟੀ ਦੀ ਅੰਦਰੂਨੀ ਫੁੱਟ ਦਾ ਮੁਖ ਕਾਰਨ ਹੀ ਸਮਝਿਆ ਜਾ ਸਕਦਾ ਹੈ| ਸੁੱਚਾ ਸਿੰਘ ਛੋਟੇਪੁਰ ਤੋਂ ਲੈ ਕੇ ਗੁਰਪ੍ਰੀਤ ਘੁੱਗੀ ਤੱਕ ਸਮੇਂ ਤੇ ਆਗੂਆਂ ਦਾ ਪਾਰਟੀ ਤੋਂ ਵੱਖ ਹੋਣਾ ਕੋਈ ਚੰਗਾ ਸੰਕੇਤ ਨਹੀਂ ਦੇ ਸਕਿਆ| 2014 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਪੂਰੇ ਦੇਸ਼ ਵਿੱਚ ਆਮ ਆਦਮੀ ਪਾਰਟੀ ਦੇ ਸਿਰਫ ਚਾਰ ਹੀ ਐਮ ਪੀ ਬਣੇ ਸਨ| ਉਹ ਵੀ ਸਿਰਫ ਪੰਜਾਬ ਵਿੱਚੋਂ ਅਤੇ ਉਹ ਚਾਰ ਵੀ ਇਸ ਸਮੇਂ ਤਿੰਨ ਧੜ੍ਹਿਆ ਵਿੱਚ ਖੜੇ ਹਨ| ਅਜਿਹੇ ਹਾਲਤਾਂ ਵਿੱਚ ਸਵਾਲ ਉਠਦਾ ਹੈ ਕਿ ਮੌਕਾ ਪ੍ਰਸਤ ਅਤੇ ਸੁਆਰਥੀ ਆਗੂਆਂ ਤੋਂ ਪੰਜਾਬ ਨੂੰ ਕਦੋਂ ਛੁਟਕਾਰਾ ਮਿਲੇਗਾ| ਭਾਵੇਂ ਆਉਂਦੇ ਦਿਨਾਂ ਵਿੱਚ ਕਾਂਗਰਸ ਸਰਕਾਰ ਲੋਕਾਂ ਲਈ ਰਿਆਇਤਾਂ ਅਤੇ ਵਾਧੇ  ਪੂਰੇ ਕਰਨ ਦੇ ਐਲਾਨ ਕਰੇ ਪਰ
ਲੋਕਾਂ ਦਾ ਇਸ ਸਰਕਾਰ ਤੋਂ ਟੁੱਟ ਚੁੱਕਾ ਵਿਸ਼ਵਾਸ ਛੇਤੀ ਕੀਤਿਆਂ ਬਹਾਲ ਨਹੀ ਹੋਣ ਵਾਲਾ ਸਵਾਲ ਖੜ੍ਹਾ ਹੁੰਦਾ ਹੈ ਕਿ ਜੋ ਪਾਰਟੀਆਂ ਝੂਠੇ ਵਾਅਦੇ ਕਰਕੇ ਸੱਤਾ ਪ੍ਰਾਪਤ ਕਰ ਲੈਂਦੀਆਂ ਹਨ ਉਹਨਾਂ ਦਾ ਵੀ ਕੰਮ ਕੀਤਾ ਜਾਵੇ ਬਹੁਤੇ ਆਗੂਆਂ  ਵਿੱਚ ਨੈਤਿਕ ਕਦਰਾਂ ਕੀਮਤਾਂ ਨੂੰ ਅਲਵਿਦਾ ਕਹਿ ਕੇ ਆਪਣੇ ਘਰ-ਪਰਿਵਾਰ ਨੂੰ ਪਾਲਣ ਲੱਗੇ ਹੋਏ ਹਨ| ਪਾਰਟੀ ਵਰਕਰਾਂ ਅਤੇ ਆਮ ਜਨਤਾ ਦੀ ਸੁਧ ਲੈਣੀ ਤਾਂ ਸਿਰਫ ਵੋਟਾਂ ਤੋਂ ਚਾਰ ਦਿਨ ਪਹਿਲਾਂ ਹੀ ਯਾਦ ਆਉਂਦੀ ਹੈ| ਜਿਹੜੇ ਮਾਫੀਆਂ ਪਿਛਲੀ ਸਰਕਾਰ ਸਮੇਂ ਸਰਕਾਰੀ ਅਤੇ ਗੈਰ ਸਰਕਾਰੀ ਸਾਧਨਾਂ ਦੀ ਲੁੱਟ ਕਰਦੇ ਰਹੇ| ਉਹਨਾਂ ਦੀ ਤਰਜ ਤੇ ਹੀ ਨਵੇਂ ਚਿਹਰੇ ਲੁਟ ਰਹੇ ਹਨ| ਪੰਜਾਬ ਨੂੰ ਇਸ ਸੰਤਾਪ ਤੋ ਕਦੋਂ ਛੁਟਕਾਰਾ ਮਿਲੇਗਾ ਅਜੇ ਸੋਚਣਾ ਵੀ ਦੂਰ ਦੀ ਗੱਲ ਹੈ|
ਭਗਵੰਤ ਸਿੰਘ ਬੇਦੀ

Leave a Reply

Your email address will not be published. Required fields are marked *