ਜਨਨੀ ਸਿਸ਼ੂ ਸੁਰੱਖਿਆ ਪ੍ਰੋਗਰਾਮ ਤਹਿਤ ਲਾਇਆ ਜਾਗਰੂਕਤਾ ਕੈਂਪ

ਐਸ.ਏ.ਐਸ.ਨਗਰ, 19 ਜੂਨ (ਸ.ਬ.) ਡਾ: ਦਲੇਰ ਸਿੰਘ ਮੁਲਤਾਨੀ, ਸੀਨੀਅਰ ਮੈਡੀਕਲ ਅਫਸਰ ਦੀ ਦੇਖ-ਰੇਖ ਵਿੱਚ ਪੀ.ਐਚ.ਸੀ. ਬੂਥਗੜ੍ਹ ਅਧੀਨ ਪੈਂਦੇ ਪਿੰਡ ਤੀੜਾ ਵਿਖੇ ਜਨਨੀ ਸਿਸ਼ੂ ਸੁਰੱਖਿਆ ਪ੍ਰੋਗਰਾਮ ਸਬੰਧੀ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ| ਇਸ ਮੌਕੇ ਡਾ: ਮੁਲਤਾਨੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਗਰਭਵਤੀ ਔਰਤਾਂ ਦੇ ਟੈਸਟ ਮੁਫਤ ਕਰਵਾਏ ਜਾਂਦੇ ਹਨ ਅਤੇ ਸਿਹਤ ਸੁਵਿਧਾਵਾਂ ਤੋਂ ਇਲਾਵਾ ਮਾਂ ਅਤੇ ਬੱਚੇ ਦੀ ਸਿਹਤ ਚੰਗੀ ਰਹੇ ਇਸ ਕਰਕੇ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਆਈਰਨ ਫੌਲਿਕ ਐਸੀਡ ਦੀਆਂ ਗੋਲੀਆਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ|
ਉਨ੍ਹਾਂ ਦੱਸਿਆ ਕਿ ਜਣੇਪੇ ਸਮੇਂ ਨਾਰਮਲ ਡਲੀਵਰੀ ਵਿੱਚ ਤਿੰਨ ਦਿਨਾਂ ਦਾ ਖਾਣਾ ਅਤੇ ਇਸੇ ਤਰ੍ਹਾਂ ਸਜੇਰੀਅਨ ਕੇਸਾਂ ਵਿੱਚ ਸੱਤ ਦਿਨਾਂ ਲਈ ਖਾਣਾ, ਰਹਿਣਾ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਹਨ| ਇਸ ਤੋਂ ਇਲਾਵਾ ਜਨਨੀ ਸੁਰੱਖਿਆ ਯੋਜਨਾ ਅਧੀਨ ਪਿੰਡਾਂ ਵਿੱਚ ਬੀ ਪੇਂਡੂ ਖੇਤਰ ਦੇ ਪਰਿਵਾਰਾਂ ਨੂੰ 700 ਰੁਪਏ ਅਤੇ ਸ਼ਹਿਰੀ ਖੇਤਰ ਦੇ ਪਰਿਵਾਰਾਂ ਨੂੰ 600 ਰੁਪਏ ਦਿੱਤੇ ਜਾ ਰਹੇ ਹਨ| ਗਰਭਵਤੀ ਮਾਂਵਾ ਨੂੰ ਲੈ ਕੇ ਆਉਣ ਅਤੇ ਵਾਪਸ ਛੱਡਣ ਲਈ ਵੀ ਮੁਫਤ ਸਹੂਲਤ ਦਿੱਤੀ ਜਾਂਦੀ ਹੈ| ਕਿਸੇ ਵੀ ਐਮਰਜੈਂਸੀ ਵਿੱਚ 108 ਨੰਬਰ ਡਾਇਲ ਕਰਕੇ ਐਬੂਲੈਂਸ ਵੀ ਮੰਗਵਾਈ ਜਾ ਸਕਦੀ ਹੈ| ਇਸੇ ਤਰ੍ਹਾਂ 0 ਤੋਂ 1 ਸਾਲ ਦੇ ਲੜਕਿਆਂ ਅਤੇ 0 ਤੋਂ 5 ਸਾਲ ਦੀਆਂ ਲੜਕੀਆਂ ਲਈ ਸਾਰੀਆਂ ਸਿਹਤ ਸਹੂਲਤਾਂ ਅਤੇ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ|
ਡਾ: ਮੁਲਤਾਨੀ ਨੇ ਦੱਸਿਆ ਕਿ ਮਾਂਵਾ ਨੂੰ ਗਰਭ ਦੌਰਾਨ ਅਤੇ ਬੱਚੇ ਨੂੰ ਜਨਮ ਤੋਂ ਬਾਅਦ ਬਿਮਾਰੀਆਂ ਤੋਂ ਬਚਾਉਣ ਲਈ ਮੁਫਤ ਟੀਕੇ ਲਗਾਏ ਜਾ ਰਹੇ ਹਨ| ਡਾ ਮੁਲਤਾਨੀ ਨੇ ਲੋਕਾਂ ਨੂੰ ਮੁਫਤ ਮਿਲ ਰਹੀਆਂ ਸਿਹਤ ਸੁਵਿਧਾਵਾਂ ਦਾ ਫਾਈਦਾ ਲੈਣ ਲਈ ਕਿਹਾ| ਇਸ ਮੌਕੇ ਤੇ ਡਾ ਮਹਿਤਾਬ ਸਿੰਘ ਬੱਲ, ਡਾ ਵਿਕਾਸ ਰਣਦੇਵ, ਵਿਕਰਮ ਕੁਮਾਰ ਬੀ ਸਵਰਨ ਸਿੰਘ,ਤ੍ਰਿਪਤਾ ਦੇਵੀ, ਬਲਬੀਰ ਕੌਰ ਪਰਵਿੰਦਰ ਕੌਰ , ਸਿਹਤ ਸਟਾਫ, ਗਰਭਵਤੀ ਮਾਂਵਾ, ਬੱਚੇ ਅਤੇ ਹੋਰ ਪਤਵੰਤੇ ਵੀ ਹਾਜਰ ਸਨ|

Leave a Reply

Your email address will not be published. Required fields are marked *