ਜਨਰਲ ਵਰਗ ਦੀ ਭਲਾਈ ਲਈ ਸਟੇਟ ਕਮਿਸ਼ਨ ਬਣਾਇਆ ਜਾਵੇ : ਸ਼ਰਮਾ

ਚੰਡੀਗੜ੍ਹ, 9 ਜੁਲਾਈ (ਸ.ਬ.) ਚੰਡੀਗੜ੍ਹ ਵਿਖੇ ਜਨਰਲ ਕੈਟਾਗਰੀਜ਼ ਫੈਡਰੇਸ਼ਨ ਦੀ ਸੂਬਾ ਪੱਧਰ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਜਨਰਲ ਵਰਗ ਨਾਲ ਸੰਬੰਧਤ ਵੱਖ-ਵੱਖ ਸੰਸਥਾਵਾਂ ਅਤੇ ਵੱਖ-ਵੱਖ ਜਿਲ੍ਹਿਆਂ ਤੋਂ ਮੈਂਬਰਾਂ ਨੇ ਭਾਗ ਲਿਆ| ਫੈਡਰੇਸ਼ਨ ਦੇ ਚੀਫ ਆਰਗੇਨਾਈਜਰ ਸ਼ਿਆਮ ਲਾਲ ਸ਼ਰਮਾ ਨੇ ਦੱਸਿਆਂ ਕਿ ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਵੇ ਕਿ ਮੁੰਖ ਮੰਤਰੀ ਪੰਜਾਬ ਵੱਲੋਂ ਚੋਣਾਂ ਵੇਲੇ ਜਨਰਲ ਵਰਗ ਨਾਲ ਕੀਤੇ ਵਾਇਦੇ ਅਨੁਸਾਰ ਜਨਰਲ ਵਰਗ ਦੀ ਭਲਾਈ ਲਈ ਇੱਕ ਸਟੇਟ ਕਮਿਸ਼ਨ ਨਿਯੁਕਤ ਕੀਤਾ ਜਾਵੇ ਅਤੇ ਜਾਤ ਅਧਾਰਤ ਰਾਖਵਾਂਕਰਨ ਖਤਮ ਕਰਦੇ ਹੋਏ ਇਸ ਨੂੰ ਆਰਥਿਕ ਅਧਾਰ ਤੇ ਲਾਗੂ ਕੀਤਾ ਜਾਵੇ|
ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਸਰਕਾਰ ਵੱਲੋਂ ਗਰੀਬੀ ਦੇ ਆਧਾਰ ਤੇ ਜਨਰਲ ਵਰਗ ਦੇ ਗਰੀਬਾਂ ਨੂੰ ਦਿੱਤੇ ਗਏ 10 ਫੀਸਦੀ ਰਾਖਵਾਂਕਰਨ ਨੂੰ ਵਧਾਕੇ 20 ਫੀਸਦੀ ਕੀਤਾ ਜਾਵੇ, ਗਰੀਬੀ ਦੇ ਆਧਾਰ ਤੇ ਜੋ ਸਰਟੀਫਿਕੇਟ ਜਾਰੀ ਕੀਤੇ ਜਾਣੇ ਹਨ, ਉਹ ਤੁਰੰਤ ਜਾਰੀ ਕਰਵਾਏ ਜਾਣ, ਕ੍ਰੀਮੀਲੇਅਰ ਨੂੰ ਰਾਖਵੇਂਕਰਨ ਤੋਂ ਬਾਹਰ ਕੀਤਾ ਜਾਵੇ ਅਤੇ ਪੱਦ ਉਨਤੀਆਂ ਵੇਲੇ ਰਾਖਵਾਂਕਰਨ ਬੰਦ ਕੀਤਾ ਜਾਵੇ|
ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਐਸ.ਸੀ/ਐਸ.ਟੀ.ਐਕਟ ਦੀ ਦੁਰਵਰਤੋਂ ਰੋਕੀ ਜਾਵੇ ਅਤੇ ਝੂਠੀਆਂ ਸ਼ਿਕਾਇਤਾਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ| ਕਿਸਾਨਾਂ ਸੰਬਧੀ ਸਵਾਮੀ ਨਾਥਨ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ ਅਤੇ ਖੇਤੀ ਬਾੜੀ ਨੂੰ ਲਾਹੇਵੰਦ ਬਣਾਉਣ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ|
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਫੈਡਰੇਸ਼ਨ ਵਿੱਚ ਕਿਸਾਨ, ਵਿਦਿਆਰਥੀ, ਦੁਕਾਨਦਾਰ, ਵੱਖ-ਵੱਖ ਸਭਾਵਾਂ ਦੇ ਮੈਂਬਰ ਅਤੇ ਜਨਰਲ ਵਰਗ ਨਾਲ ਸੰਬੰਧਤ ਹਰ ਵਰਗ ਨੂੰ ਜੋੜਿਆ ਜਾਵੇਗਾ ਅਤੇ ਫੈਡਰੇਸ਼ਨ ਨੂੰ ਕੇਵਲ ਕਰਮਚਾਰੀਆਂ ਤੱਕ ਸੀਮਿਤ ਨਹੀਂ ਕੀਤਾ ਜਾਵੇਗਾ| ਫੈਡਰੇਸ਼ਨ ਵੱਲੋਂ ਜਨਰਲ ਸਮਾਜ ਦੀ ਮੰਗਾਂ ਨੂੰ ਲੈ ਕੇ ਆਉਣ ਵਾਲੇ ਸਮੇਂ ਵਿਚ ਇੱਕ ਅੰਦੋਲਨ ਕੀਤਾ ਜਾਵੇਗਾ ਅਤੇ ਪੰਜਾਬ ਵਿੱਚ ਹੋਣ ਵਾਲੀਆਂ ਜਿਮਨੀ ਚੋਣਾਂ ਖਾਸ ਕਰਕੇ ਫਗਵਾੜਾ ਅਤੇ ਜਲਾਲਾਬਾਦ ਹਲਕੇ ਵਿੱਚ ਆਪਣੀ ਹੌਂਦ ਪ੍ਰਭਾਵਸ਼ਾਲੀ ਤਰੀਕੇ ਨਾਲ ਵਿਖਾਈ ਜਾਵੇਗੀ| ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਦੁਆਬਾ ਜਨਰਲ ਕੈਟਾਗਰੀ ਦੇ ਪ੍ਰਧਾਨ ਬਲਵੀਰ ਸਿੰਘ ਫੂਲਗਾਨਾ, ਸ਼੍ਰੀ ਬੀ. ਕੇ. ਦੱਤ ਬ੍ਰਾਹਮਣ ਸਮਾਜ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਮੁਕੇਸ਼ ਪੂਰੀ, ਸੰਗਠਨ ਸਕੱਤਰ ਸ੍ਰੀ ਇਕ ਬਾਲ ਸਿੰਘ , ਪਰਵਿੰਦਰ ਸਿੰਘ (ਜਿਲ੍ਹਾ ਪ੍ਰਧਾਨ ਫਾਜਿਲਕਾ), ਕਰਮਜੀਤ ਸਿੰਘ (ਮਾਨਸਾ) ਅਤੇ ਸੁਰਿੰਦਰ ਸਿੰਘ (ਪਟਿਆਲਾ ) ਨੇ ਭਾਗ ਲਿਆ|

Leave a Reply

Your email address will not be published. Required fields are marked *