ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਵੱਲੋਂ ‘ਤੰਬਾਕੂ ਕਿਵੇਂ ਛੱਡੀਏ?’ ਵਿਸ਼ੇ ਤੇ ਕੈਂਪ

ਐਸ ਏ ਐਸ, 31 ਜਨਵਰੀ (ਸ.ਬ.) ਲੋਕਾਂ ਨੂੰ ਤੰਬਾਕੂ ਦੇ ਨਸ਼ੇ ਤੋਂ ਮੁਕਤ ਕਰਨ ਦਾ ਉਦੇਸ਼ ਲੈ ਕੇ ਤੁਰੀ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਨੇ ਅੱਜ ਹੀਰੋ ਹੋਮਜ਼ ਦੀ ਉਸਾਰੀ ਵਿੱਚ ਲੱਗੇ ਕਿਰਤੀਆਂ ਲਈ ‘ਤੰਬਾਕੂ              ਕਿਵੇਂ ਛੱਡੀਏ?’ ਵਿਸ਼ੇ ‘ਤੇ ਵਿਸ਼ੇਸ਼ ਕੈਂਪ ਲਗਾਇਆ ਗਿਆ ਅਤੇ ਉਸਾਰੀ ਕਿਰਤੀਆਂ ਨੂੰ ਤੰਬਾਕੂ ਦੇ ਨੁਕਸਾਨਾਂ ਦੇ ਨਾਲ ਨਾਲ ਇਸ ਆਦਤ ਵਿੱਚੋਂ ਨਿਕਲਣ ਦੇ ਤਰੀਕੇ ਦੱਸੇ| ਇਸ ਦੇ ਨਾਲ ਸੰਸਥਾ ਦੀ ਟੀਮ ਨੇ ਤੰਬਾਕੂ ਮੁਕਤ ਘਰਾਂ ਦੀ ਮਹੱਤਤਾ ਬਾਰੇ ਵੀ ਹੀਰੋ ਹੋਮਜ਼ ਦੇ ਸਟਾਫ ਅਤੇ ਕਾਮਿਆਂ ਨਾਲ ਗੱਲਬਾਤ ਕੀਤੀ| ਇਸ ਮੌਕੇ ਸੰਬੋਧਨ ਕਰਦਿਆਂ ਸੰਸਥਾ ਦੀ ਪ੍ਰਧਾਨ ਬੀਬੀ ਉਪਿੰਦਰ ਪ੍ਰੀਤ ਕੌਰ ਨੇ ਕਿਹਾ ਕਿ 2009-10 ਵਿੱਚ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਸਰਵੇ ਵਿੱਚ ਇਹ ਸਾਹਮਣੇ ਆਇਆ ਸੀ ਕਿ ਪੰਜਾਬ ਵਿੱਚ ਕਰੀਬ 12 ਫੀਸਦੀ ਲੋਕ ਤੰਬਾਕੂ ਦਾ ਨਸ਼ਾ ਕਰਦੇ ਹਨ ਜਿਸ ਦੀ ਉਸ              ਵੇਲੇ ਗਿਣਤੀ ਕਰੀਬ 23 ਲੱਖ ਬਣਦੀ ਸੀ| ਉਹਨਾਂ ਕਿਹਾ ਕਿ ਫਲੈਟਨੁਮਾ ਘਰ ਵਿੱਚ ਤੰਬਾਕੂ ਦੇ ਧੂੰਏ ਦੀ ਇੱਕ ਘਰ ਤੋਂ ਦੂਜੇ ਘਰ ਜਾਣ ਦੀ ਬਹੁਤ ਸਮੱਸਿਆ ਹੈ ਜਿੱਥੇ ਆਮ ਲੋਕ ਜਿਹੜੇ ਸਿਗਰਟ ਬੀੜੀ ਨਹੀਂ ਪੀਂਦੇ ਉਹ ਵੀ ਧੂੰਏਂ ਤੋਂ ਪ੍ਰਭਾਵਿਤ ਹੁੰਦੇ ਹਨ| ਉਹਨਾਂ ਕਿਹਾ ਕਿ ਇਸ ਲਈ ਅੱਜ ਦੇ ਸਮੇਂ ਘਰਾਂ ਨੂੰ ਤੰਬਾਕੂ ਧੂੰਆਂ ਮੁਕਤ ਕਰਨ ਵੱਲ ਕਦਮ ਪੁੱਟੇ ਜਾਣੇ ਚਾਹੀਦੇ ਹਨ| ਸੰਸਥਾ ਦੇ ਡਿਵੀਜਨਲ ਕੁਆਰਡੀਨੇਟਰ ਹਰਪ੍ਰੀਤ ਸਿੰਘ ਨੇ ਜਾਦੂ ਦੇ ਟਰਿੱਕਾਂ ਰਾਹੀਂ ਜਿੱਥੇ ਪ੍ਰੋਗਰਾਮ ਨੂੰ ਉਤਸੁਕਤਾ ਭਰਪੂਰ ਬਣਾਇਆ ਉੱਥੇ ਸੰਸਥਾ ਸਟੇਟ ਪ੍ਰਾਜੈਕਟ ਮੈਨੇਜਰ ਸ਼੍ਰੀ ਵਿਨੇ ਗਾਂਧੀ ਅਤੇ ਡਵੀਜਨਲ ਕੁਆਰਡੀਨੇਟਰ ਬੀਬੀ ਸੰਗੀਤਾ ਗੁਲਾਟੀ ਨੇ ਵੀ ਸੰਬੋਧਨ ਕੀਤਾ| ਟੀਮ ਨੇ ਇਸ ਮੌਕੇ ਤੰਬਾਕੂ ਦੇ ਪ੍ਰਭਾਵਾਂ ਨੂੰ ਦਿਖਾਉਂਦੀਆਂ ਫਿਲਮਾਂ ਵੀ ਦਿਖਾਈਆਂ ਜਿਸ ਦਾ ਕਿਰਤੀਆਂ ਤੇ ਚੋਖਾ ਅਸਰ ਪਿਆ|

Leave a Reply

Your email address will not be published. Required fields are marked *