ਜਨ ਹਿਤ ਵਿਕਾਸ ਕਮੇਟੀ ਖਰੜ ਦਾ ਵਫਦ ਡੀ ਸੀ ਨੂੰ ਮਿਲਿਆ

ਖਰੜ, 6 ਦਸੰਬਰ (ਸ.ਬ.) ਜਨ ਹਿਤ ਵਿਕਾਸ ਕਮੇਟੀ ਖਰੜ ਦਾ ਇਕ ਵਫਦ ਸੰਸਥਾ ਦੇ ਪ੍ਰਧਾਨ ਸ੍ਰੀ ਰਣਜੀਤ ਸਿੰਘ ਹੰਸ ਦੀ ਅਗਵਾਈ ਵਿੱਚ ਡੀ ਸੀ ਮੁਹਾਲੀ ਸ੍ਰੀਮਤੀ ਗੁਰਪ੍ਰੀਤ ਸਪਰਾ ਨੂੰ ਮਿਲਿਆ ਅਤੇ ਖਰੜ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਖਾਸਕਰ ਅੰਦਰੂਨੀ ਸੜਕਾਂ ਤੇ ਆ ਰਹੀਆਂ ਰੁਕਾਵਟਾਂ ਅਤੇ ਨਾਜਾਇਜ ਕਬਜੇ ਹਟਾਉਣ ਦੀ ਮੰਗ ਕੀਤੀ|
ਇਸ ਮੌਕੇ ਸ੍ਰੀ ਹੰਸ ਨੇ ਡੀ ਸੀ ਮੁਹਾਲੀ ਦੇ ਧਿਆਨ ਵਿੱਚ ਲਿਆਂਦਾ ਕਿ ਲਾਂਡਰਾ ਰੋਡ, ਰੰਧਾਵਾ ਰੋਡ, ਸਿਵਲ ਹਸਪਤਾਲ, ਆਰੀਆ ਰੋਡ, ਅਕਾਲੀ ਦਫਤਰ ਗੁਰਦੁਆਰਾ ਰੋਡ, ਗਿੱਲ ਹਸਪਤਾਲ ਰੋਡ, ਜਸ਼ਨ ਡੇਅਰੀ ਅਤੇ ਮਹਿਤਾ ਹਸਪਤਾਲ ਰੋਡ, ਛੱਜੂਮਾਜਰਾ ਰੋਡ, ਮਾਤਾ ਗੁਜਰੀ ਅਤੇ ਗੁਰੂ ਤੇਗ ਬਹਾਦਰ ਗੁਰਦੁਆਰਾ ਰੋਡ ਅਤੇ ਮੇਨ ਬਾਜਾਰ ਦੀਆਂ ਸੜਕਾਂ ਤੇ ਦੁਕਾਨਦਾਰਾਂ ਨੇ ਆਪਣਾ ਸਾਮਾਨ ਰੱਖ ਕੇ ਨਜਾਇਜ ਕਬਜੇ ਕੀਤੇ ਹੋਏ ਹਨ| ਕਈ ਦੁਕਾਨਦਾਰਾਂ ਨੇ ਤਾਂ ਦੁਕਾਨਾਂ ਦੇ ਥੜੇ ਅੱਗੇ ਵਲ ਵਧਾਏ ਹੋਏ ਹਨ, ਉਸ ਤੋਂ ਵੀ ਅੱਗੇ ਦੁਕਾਨਾ ਦੇ ਬੋਰਡ ਸੜਕ ਉਪਰ ਰੱਖ ਕੇ ਆਵਾਜਾਈ ਵਿੱਚ ਰੁਕਾਵਟ ਪੈਦਾ ਕੀਤੀ ਹੋਈ ਹੈ| ਇਹ ਦੁਕਾਨਾਂ ਵਾਲੇ ਆਪਣੀਆਂ ਦੁਕਾਨਾਂ ਅੱਗੇ ਰੇਹੜੀਆਂ ਲਗਵਾ ਕੇ ਰੇਹੜੀਆਂ ਵਾਲਿਆਂ ਤੋਂ ਪੈਸੇ ਵੀ ਲਂੈਦੇ ਹਨ| ਇਹ ਰੇਹੜੀਆਂ ਆਵਾਜਾਈ ਵਿੱਚ ਵੱਡਾ ਅੜਿਕਾ ਬਣਦੀਆਂ ਹਨ| ਇਸ ਤੋਂ ਇਲਾਵਾ ਆਮ ਲੋਕਾਂ ਵਲੋਂ ਵੀ ਆਪਣੇ ਵਾਹਨ ਸੜਕ ਉਪਰ ਪਾਰਕ ਕੀਤੇ ਜਾਂਦੇ ਹਨ ਜਿਸ ਕਾਰਨ ਆਵਾਜਾਈ ਵਿੱਚ ਰੁਕਾਵਟ ਪੈਦਾ ਹੋ ਜਾਂਦੀ ਹੈ|
ਉਹਨਾਂ ਮੰਗ ਕੀਤੀ ਕਿ ਸਾਰੀਆਂ ਸੜਕਾਂ ਉਪਰ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ ਰੱਖਿਆ ਗਿਆ ਸਮਾਨ ਚੁਕਵਾਇਆ ਜਾਵੇ, ਹਸਪਤਾਲ ਰੋਡ ਉਪਰ ਦੋਵੇਂ ਪਾਸੇ ਪੈਦਲ ਜਾਣ ਵਾਲਿਆਂ ਲਈ ਵਧੀਆ ਟ੍ਰੈਕ ਬਣਾਏ ਜਾਣ ਤਾਂ ਕਿ ਬਜੁਰਗਾਂ ਅਤੇ ਮਰੀਜਾਂ ਨੂੰ ਵੱਖਰੇ ਤੁਰਨ ਦੀ ਵਿਵਸਥਾ ਹੋ ਸਕੇ| ਸ੍ਰ. ਹੰਸ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣਗੇ| ਵਫਦ ਵਿੱਚ ਹੋਰਨਾਂ ਤੋਂ ਇਲਾਵਾ ਹਰਵਿੰਦਰ ਕੌਰ , ਮਾਸਟਰ ਅਜੈਬ ਸਿੰਘ, ਜਸਵਿੰਦਰ ਸਿੰਘ, ਸਤਵੰਤ ਸਿੰਘ, ਰਾਮ ਕ੍ਰਿਸਨ, ਦਰਸ਼ਨ ਸਿੰਘ, ਦਵਿੰਦਰ ਕੌਸਲ, ਜਸਵੀਰ ਸਿੰਘ ਵੀ ਸ਼ਾਮਲ ਸਨ|

Leave a Reply

Your email address will not be published. Required fields are marked *