ਜਬਰ ਜਿਨਾਹ ਦੀ ਪੀੜਤ ਨਾਬਾਲਗ ਲੜਕੀ ਇਨਸਾਫ ਲਈ ਪੁਲੀਸ ਅਫਸਰਾਂ ਦੇ ਚੱਕਰ ਕੱਟਣ ਲਈ ਮਜ਼ਬੂਰ

ਜਬਰ ਜਿਨਾਹ ਦੀ ਪੀੜਤ ਨਾਬਾਲਗ ਲੜਕੀ ਇਨਸਾਫ ਲਈ ਪੁਲੀਸ ਅਫਸਰਾਂ ਦੇ ਚੱਕਰ ਕੱਟਣ ਲਈ ਮਜ਼ਬੂਰ
ਲੜਕੀ ਦੇ ਪਿਤਾ ਵੱਲੋਂ ਐਸ ਐਸ ਪੀ ਦਫਤਰ ਦੇ ਬਾਹਰ ਧਰਨਾ ਦੇਣ ਦੀ ਚਿਤਾਵਨੀ
ਐਸ. ਏ. ਐਸ. ਨਗਰ, 16 ਦਸੰਬਰ (ਸ.ਬ.) ਕਰੀਬ ਸਾਢੇ 6 ਮਹੀਨੇ ਪਹਿਲਾਂ ਪਿੰਡ ਸਿੱਲ ਦੀ ਨਾਬਾਲਗ ਲੜਕੀ ਜੋ ਕਿ ਨੌਵੀਂ ਜਮਾਤ ਦੀ ਵਿਦਿਆਰਥਣ ਹੈ ਨਾਲ ਪਿੰਡ ਸਿੱਲ ਦੇ ਹੀ ਤਿੰਨ ਨੌਜਵਾਨਾਂ ਨੇ ਇੱਕ ਔਰਤ ਦੀ ਮਦਦ ਨਾਲ ਜਬਰ ਜਿਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਇਸ ਮਾਮਲੇ ਵਿੱਚ ਪੁਲੀਸ ਨੇ ਕਈ ਮਹੀਨੇ ਬੀਤ ਜਾਣ ਮਗਰੋਂ ਵੀ ਅੱਜ ਤੱਕ ਇੱਕ ਵੀ ਨੌਜਵਾਨ ਨੂੰ ਗ੍ਰਿਫਤਾਰ ਨਹੀਂ ਕੀਤਾ| ਜਦੋਂਕਿ ਤਿੰਨੇ ਮੁਲਜ਼ਮ ਪਿੰਡ ਸਿੱਲ ਵਿੱਚ ਸ਼ਰੇਆਮ ਘੁੰਮ ਰਹੇ ਹਨ ਅਤੇ ਪੁਲੀਸ ਉਲਟਾ ਉਨ੍ਹਾਂ ਤੇ ਹੀ ਸਮਝੌਤੇ ਦਾ ਦਬਾਅ ਪਾ ਰਹੀ ਹੈ| ਪੀੜਤਾ ਦੇ ਪਿਤਾ ਨੇ ਅੱਜ ਫੇਜ਼-5 ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਜਿਲ੍ਹਾ ਮੁਹਾਲੀ ਅਤੇ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਉਚ ਅਧਿਕਾਰੀਆਂ ਦੇ ਚੱਕਰ ਕੱਟ-ਕੱਟ ਕੇ ਹਾਰ ਚੁਕੇ ਹਨ ਪ੍ਰੰਤੂ ਉਨ੍ਹਾਂ ਨੂੰ ਕੋਈ ਵੀ ਉਚ ਅਧਿਕਾਰੀ ਪੱਲਾ ਨਹੀਂ ਫੜਾ ਰਿਹਾ| ਉਲਟਾ ਡੀ. ਐਸ. ਪੀ ਖਰੜ ਉਨ੍ਹਾਂ ਤੇ ਪੈਸੇ ਲੈ ਕੇ ਰਾਜੀਨਾਮਾ ਕਰਨ ਲਈ ਦਬਾਅ ਪਾ ਰਹੇ ਹਨ| ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਨਸਾਫ ਇਸ ਲਈ ਨਹੀਂ ਮਿਲ ਰਿਹਾ ਹੈ ਕਿਉਂਕਿ ਮੁਲਜਮ ਨੌਜਵਾਨ ਦੀ ਪਿੱਠ ਪਿੱਛੇ ਇਕ ਧਨਾਢ ਸੀਨੀਅਰ ਕਾਂਗਰਸੀ ਆਗੂ ਖੜ੍ਹਾ ਹੈ ਅਤੇ ਪੁਲੀਸ ਵੀ ਉਸ ਦੇ ਅਨੁਸਾਰ ਚਲ ਰਹੀ ਹੈ, ਇੰਨਾ ਹੀ ਨਹੀਂ ਡੀ. ਐਸ. ਪੀ ਵੀ ਇੱਕ ਸਾਬਕਾ ਕਾਂਗਰਸੀ ਮੰਤਰੀ ਦਾ ਨੇੜਲਾ ਰਿਸ਼ਤੇਦਾਰ ਹੈ| ਪੀੜਤਾ ਦੇ ਪਿਤਾ ਮੁਤਾਬਕ ਤਿੰਨੋਂ ਮੁਲਜਮ ਹਰਮਨ ਸਿੰਘ, ਗੱਗੂ ਅਤੇ ਪਲਵਿੰਦਰ ਸਿੰਘ ਮੁਲਜਮਾਂ ਨੂੰ ਫੜਨ ਲਈ ਉਨ੍ਹਾਂ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਤੱਕ ਵੀ ਪਹੁੰਚ ਕੀਤੀ ਗਈ ਸੀ ਅਤੇ ਹਾਈਕੋਰਟ ਵੱਲੋਂ ਮੁਲਜਮਾਂ ਨੂੰ ਜਲਦ ਫੜਨ ਲਈ ਪੁਲੀਸ ਨੂੰ ਹੁਕਮ ਵੀ ਕੀਤੇ ਗਏ ਹਨ, ਪ੍ਰੰਤੂ ਪੁਲੀਸ (ਜਿਹੜੀ ਹਾਈਕੋਰਟ ਵਿੱਚ ਮੁਲਜਮਾਂ ਨੂੰ ਜਲਦ ਗ੍ਰਿਫਤਾਰ ਕਰਨ ਬਾਰੇ ਬਿਆਨ ਦੇ ਚੁੱਕੀ ਹੈ) ਮੁਲਜਮਾਂ ਨੂੰ ਫੜਨ ਦੀ ਬਜਾਏ ਚੁੱਪ ਕਰਕੇ ਬੈਠੀ ਹੈ| ਪੀੜਤਾ ਦੇ ਪਿਤਾ ਦਾ ਕਹਿਣਾ ਹੈ ਕਿ ਜੇਕਰ ਮੁਲਜਮਾਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਪੁਲੀਸ ਦੀ ਇਸ ਮਾੜੀ ਕਾਰਗੁਜਾਰੀ ਕਾਰਨ ਉਹ ਜਿਲ੍ਹਾ ਐਸ.ਏ.ਐਸ.ਨਗਰ ਦੇ ਮੁਖੀ ਦੇ ਦਫ਼ਤਰ ਦੇ ਬਾਹਰ ਅਣਮਿੱਥੇ ਸਮੇ ਲਈ ਆਪਣੀ ਲੜਕੀ ਸਮੇਤ ਧਰਨੇ ਤੇ ਬੈਠਣਗੇ| ਪੀੜਤਾ ਦੇ ਪਿਤਾ ਨੇ ਇਹ ਵੀ ਕਿਹਾ ਕਿ 16 ਦਸੰਬਰ ਸ਼ਨੀਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁਹਾਲੀ ਅਦਾਲਤ ਵਿੱਚ ਪੇਸ਼ੀ ਦੌਰਾਨ ਉਹ ਉਨ੍ਹਾਂ ਨੂੰ ਮਿਲ ਕੇ ਪੁਲੀਸ ਦੀ ਇਸ ਮਾੜੀ ਕਾਰਗੁਜਾਰੀ ਬਾਰੇ ਸ਼ਿਕਾਇਤ ਵੀ ਦੇਣਗੇ| ਉਨ੍ਹਾਂ ਦੱਸਿਆ ਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦੇ ਹਨ ਇਸ ਲਈ ਉਨ੍ਹਾਂ ਦਾ ਪਰਿਵਾਰ ਇਸ ਸਮੇਂ ਜਲਾਲਤ ਵਰਗੀ ਜਿੰਦਗੀ ਜਿਊਣ ਲਈ ਮਜ਼ਬੂਰ ਹੈ| ਪੀੜਤਾ ਦੇ ਪਿਤਾ ਦਾ ਕਹਿਣਾ ਹੈ ਕਿ ਬਦਨਾਮੀ ਅਤੇ ਮੁਲਜਮਾਂ ਦੇ ਡਰ ਤੋਂ ਉਸ ਦੀ ਬੱਚੀ ਸਕੂਲ ਵੀ ਨਹੀਂ ਜਾ ਪਾ ਰਹੀ ਅਤੇ ਉਸਦੀ ਪੜਾਈ ਵੀ ਇੱਕ ਤਰ੍ਹਾਂ ਨਾਲ ਬੰਦ ਹੋ ਗਈ ਹੈ| ਦੱਸਣਯੋਗ ਹੈ ਕਿ ਨਾਬਾਲਗ ਪੀੜਤ ਲੜਕੀ ਨਾਲ ਪਿੰਡ ਦੇ ਹੀ ਤਿੰਨ ਨੌਜਵਾਨਾਂ ਨੇ ਇੱਕ ਔਰਤ ਦੀ ਮਦੱਦ ਨਾਲ ਸਕੂਲ ਤੋਂ ਘਰ ਜਾਣ ਸਮੇਂ ਜਬਰ ਜਿਨਾਹ ਕੀਤਾ ਸੀ ਅਤੇ ਥਾਣਾ ਘੜੂੰਆ ਦੀ ਪੁਲੀਸ ਨੇ ਤਿੰਨਾ ਨੌਜਵਾਨਾਂ ਅਤੇ ਅਣਪਛਾਤੀ ਔਰਤ ਖਿਲਾਫ ਧਾਰਾ-341, 376, 506, 34 ਅਤੇ ਪੋਸਕੋ ਐਕਟ ਦੇ ਤਹਿਤ 3 ਜੁਲਾਈ 2017 ਨੂੰ ਮਾਮਲਾ ਦਰਜ਼ ਕੀਤਾ ਸੀ|
ਇਸ ਸਬੰਧੀ ਥਾਣਾ ਘੜੂੰਆ ਦੇ ਮੁਖੀ ਹਿੰਮਤ ਸਿੰਘ ਨੇ ਦੱਸਿਆ ਕਿ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਚੱਲ ਰਹੀ ਹੈ|
ਇਸ ਸਬੰਧੀ ਡੀ. ਐਸ. ਪੀ ਖਰੜ ਦੀਪ ਕਮਲ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਮਾਮਲਾ ਆਈ. ਜੀ ਪਟਿਆਲਾ ਦੇ ਨਿਰਦੇਸ਼ਾਂ ਤੇ ਫਤਿਹਗੜ੍ਹ ਸਾਹਿਬ ਜਿਲ੍ਹੇ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਹੈ, ਜਦੋਂ ਕਿ ਇੰਨੇ ਮਹੀਨੇ ਮੁਲਜਮਾਂ ਨੂੰ ਨਾ ਫੜ ਸਕਣ ਵਾਲੀ ਗੱਲ ਨੂੰ ਉਹ ਟਾਲ ਗਏ|
ਇਸ ਸਬੰਧੀ ਫਹਿਤਗੜ੍ਹ ਸਾਹਿਬ ਦੇ ਡੀ. ਐਸ. ਪੀ ਅਨਿਲ ਕੁਮਾਰ ਕੋਹਲੀ ਨੇ ਦੱਸਿਆ ਕਿ ਉਨਾਂ ਨੇ ਇਸ ਮਾਮਲੇ ਦੀ ਰਿਪੋਰਟ ਬਣਾ ਕੇ ਕਰੀਬ ਮਹੀਨਾ ਪਹਿਲਾਂ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਸੀ, ਉਚ ਅਧਿਕਾਰੀ ਹੀ ਇਸ ਬਾਰੇ ਦੱਸ ਸਕਦੇ ਹਨ, ਕਿਉਂਕਿ ਹੁਣ ਤਾਂ ਉਨਾਂ ਦੀ ਬਦਲੀ ਵੀ ਹੋ ਗਈ ਹੈ|

Leave a Reply

Your email address will not be published. Required fields are marked *