ਜਮਹੂਰੀ ਕਿਸਾਨ ਸਭਾ ਵਲੋਂ ਕੇਂਦਰੀ ਮੰਤਰੀਆਂ ਵਿਰੁੱਧ ਪ੍ਰਦਰਸ਼ਨ

ਚੰਡੀਗੜ੍ਹ, 3 ਅਕਤੂਬਰ (ਸ.ਬ.) ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਅੱਜ ਕੇਂਦਰੀ ਮੰਤਰੀਆਂ ਸ੍ਰੀ ਸੋਮ ਪ੍ਰਕਾਸ਼ ਅਤੇ ਹਰਦੀਪ ਸਿੰਘ ਪੁਰੀ ਖਿਲਾਫ ਰੋਸ ਮੁਜਾਰਹਰਾ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਹਰੇਬਾਜੀ ਕਰਦਿਆਂ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਖਤਮ ਕਰੇ| 
ਦੋਵੇਂ ਕੇਂਦਰੀ ਮੰਤਰੀ ਅੱਜ ਚੰਡੀਗੜ੍ਹ ਸਥਿਤ ਭਾਰਤੀ ਜਨਤਾ ਪਾਰਟੀ ਦੇ ਦਫਤਰ ਵਿੱਚ ਖੇਤੀ ਕਾਨੂੰਨਾਂ ਤੋਂ ਕਿਸਾਨਾਂ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਲਈ ਆਏ ਸਨ| ਇਸ ਦੌਰਾਨ ਜਮਹੂਰੀ ਕਿਸਾਨ ਸਭਾ ਦੇ ਝੰਡੇ ਹੇਠ ਕਿਸਾਨਾਂ ਨੇ ਇਸ ਕਿਸਾਨ ਵਿਰੋਧੀ ਕਾਨੂੰਨ ਨੂੰ ਵਾਪਿਸ ਲੈਣ ਦੀ ਮੰਗ ਕਰਦਿਆ ਰੋਸ ਮੁਜਾਹਰਾ ਕੀਤਾ ਅਤੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਿਸਦੀ ਅਗਵਾਈ ਕਿਸਾਨ ਨੇਤਾ ਮੋਹਨ ਸਿੰਘ ਧੀਮਾਨ, ਸੱਜਣ ਸਿੰਘ, ਸ਼ਮਸ਼ੇਰ ਸਿੰਘ ਹਵੇਲੀ ਅਤੇ ਹਰਨੇਕ ਸਿੰਘ ਮਾਵੀ ਸਮੇਤ ਹੋਰ ਆਗੂ ਕਰ ਰਹੇ ਸਨ| ਬਾਅਦ ਵਿੰਚ ਚੰਡੀਗੜ੍ਹ ਪੁਲੀਸ ਨੇ ਰੋਸ ਮੁਜਾਹਰਾ ਕਰ ਰਹੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਥਾਣੇ ਲੈ ਗਈ| 
ਇਸ ਮੌਕੇ ਸਜੱਣ ਸਿੰਘ, ਮੋਹਨ ਸਿੰਘ ਧਿਮਾਨ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਨੂੰ ਬਰਬਾਦ ਕਰਨ ਦੇ ਰਾਹ ਤੁਰ ਪਈ ਹੈ| ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਜਮਹੂਰੀ ਕਿਸਾਨ ਸਭਾ ਸੰਘਰਸ਼ ਕਰਦੀ ਰਹੇਗੀ| ਉਹਨਾਂ ਕਿਹਾ ਕਿ ਪੂਰਾ ਦੇਸ਼ ਕਿਸਾਨ ਵਿਰੋਧੀ ਬਿਲਾਂ ਦੇ ਖਿਲਾਫ ਇੱਕ ਜੁਟ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ|  

Leave a Reply

Your email address will not be published. Required fields are marked *