ਜਮੀਨ ਨਾਲ ਛੂਹੰਦੇ ਦਰਖਤਾਂ ਦੇ ਟਾਹਣਿਆਂ ਕਾਰਨ ਪੈਦਾ ਹੁੰਦੀ ਹੈ ਸਮੱਸਿਆ

ਐਸ.ਏ.ਐਸ.ਨਗਰ, 9 ਸਤੰਬਰ (ਆਰ.ਪੀ.ਵਾਲੀਆ) ਸ਼ਹਿਰ ਵਿੱਚ ਵੱਖ ਵੱਖ ਫੇਜ਼ਾਂ ਵਿਚਲੇ ਪਾਰਕਾਂ ਵਿੱਚ ਲੱਗੇ ਦਰਖਤ ਜਿੱਥੇ ਬਹੁਤ ਜਿਆਦਾ ਉੱਚੇ ਹੋਣ ਕਾਰਨ ਲੋਕਾਂ ਲਈ ਖਤਰਾ ਬਣੇ ਹੋਏ ਹਨ ਉੱਥੇ ਇਹਨਾਂ ਵਿੱਚੋਂ ਕਈ ਦਰਖਤ ਅਜਿਹੇ ਵੀ ਹਨ ਜਿਹਨਾਂ ਦੇ ਟਾਹਣੇ ਹੇਠਾਂ ਜਮੀਨ ਨਾਲ ਲੱਗੇ ਹੋਏ ਹਨ ਜਿਸ ਕਾਰਨ ਇਨ੍ਹਾਂ ਦਰਖਤਾਂ ਹੇਠਾਂ ਝਾੜੀਆਂ ਦੇ ਝੁੰਡ ਬਣੇ ਹੋਏ ਹਨ| ਇਸੇ ਤਰ੍ਹਾਂ ਸ਼ਹਿਰ ਦੀਆਂ ਅਤੇ ਮਾਰਕੀਟਾਂ ਦੀਆਂ ਪਾਰਕਿੰਗਾ ਅਤੇ ਗ੍ਰੀਨਬੈਲਟਾਂ ਵਿੱਚ ਲੱਗੇ ਦਰਖਤਾਂ ਦੀਆਂ ਟਾਹਣੀਆਂ ਵੀ ਜਮੀਨ ਨੂੰ ਛੁਹੰਦੀਆਂ ਹਨ| 
ਇਹਨਾਂ ਟਾਹਣਿਆਂ ਦੇ ਹੇਠਾਂ ਝੁਕ ਕੇ ਝਾੜੀਆਂ ਦਾ ਰੂਪ ਲੈ ਲਏ ਜਾਣ ਕਾਰਨ ਇਨ੍ਹਾਂ ਥਾਵਾਂ ਤੇ ਕਾਫੀ ਜਿਆਦਾ ਥਾਂ ਇਨ੍ਹਾਂ ਝਾੜੀਆਂ ਨਾਲ ਘਿਰ ਜਾਂਦੀ ਹੈ ਅਤੇ ਇਹਨਾਂ ਸੰਘਣੀਆਂ ਝਾੜੀਆਂ ਵਿੱਚ ਸੱਪ ਅਤੇ ਹੋਰ  ਖਤਰਨਾਕ ਜਾਨਵਰਾਂ ਦਾ ਡਰ ਬਣਿਆ ਰਹਿੰਦਾ ਹੈ| ਇਸਦੇ ਨਾਲ ਹੀ ਇਨ੍ਹਾਂ ਝਾੜੀਆਂ  ਕਾਰਨ ਪਾਰਕਾਂ ਵਿੱਚ ਲੱਗੀਆਂ ਲਾਈਟਾਂ ਵੀ ਢੱਕੀਆਂ ਜਾਂਦੀਆਂ ਹਨ ਜਿਸ ਕਾਰਨ ਪਾਰਕਾਂ ਵਿੱਚ ਹਨੇਰਾ ਪਸਰਿਆ ਰਹਿੰਦਾ ਹੈ ਅਤੇ ਪਾਰਕਾਂ ਵਿੱਚ ਆਉਣ ਵਾਲੇ ਲੋਕਾਂ ਨੂੰ                         ਪ੍ਰੇਸ਼ਾਨੀ ਸਹਿਣੀ ਪੈਂਦੀ ਹੈ| 
ਸਥਾਨਕ ਫੇਜ਼ 2 ਦੀ ਬੂਥ ਮਾਰਕੀਟ ਦੇ ਪ੍ਰਧਾਨ ਸ੍ਰ. ਕੁਲਦੀਪ ਅਤੇ ਮਾਰਕੀਟ ਦੇ ਦੁਕਾਨਦਾਰ ਸ੍ਰੀ ਸੰਦੀਪ ਗਰਗ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਾਰਕੀਟ ਦੀ ਗ੍ਰੀਨ ਬੈਲਟ ਵਿੱਚ ਲੱਗੇ ਦਰਖਤਾਂ ਦੇ ਹੇਠਾਂ ਬਣੀਆਂ ਇਹਨਾਂ ਝਾੜੀਆਂ ਨੂੰ ਸਾਫ ਕਰਨ ਅਤੇ ਦਰਖਤਾਂ ਦੀ ਛੰਗਾਈ ਲਈ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਕਈ ਵਾਰ ਸੰਪਰਕ ਕੀਤਾ ਹੈ ਪਰੰਤੂ ਨਿਗਮ ਅਧਿਕਾਰੀ ਇਹ ਕਹਿ ਕੇ ਪੱਲਾ ਝਾੜ ਦਿੰਦੇ ਹਨ ਕਿ ਇਹ ਕੰਮ ਬਾਗਵਾਨੀ ਵਿਭਾਗ ਦਾ ਹੈ ਅਤੇ ਦੂਜੇ ਪਾਸੇ ਬਾਗਵਾਨੀ ਵਿਭਾਗ ਵਲੋਂ ਵੀ ਇਨ੍ਹਾਂ ਦਰਖਤਾਂ ਦੀ ਕੋਈ ਸਾਰ ਨਹੀਂ ਲਈ ਜਾਂਦੀ|
ਉਹਨਾਂ ਮੰਗ ਕੀਤੀ ਕਿ ਸ਼ਹਿਰ ਦੇ ਵੱਖ-ਵੱਖ ਪਾਰਕਾਂ ਵਿੱਚ ਫੈਲੀਆਂ ਇਨ੍ਹਾਂ ਝਾੜੀਆਂ ਦੀ ਸਾਫ ਸਫਾਈ ਦੇ ਨਾਲ-ਨਾਲ ਦਰਖਤਾਂ ਦੀ ਛੰਗਾਈ ਵੀ ਕਰਵਾਈ ਜਾਵੇ ਤਾਂ ਜੋ ਨਿਵਾਸੀਆਂ ਨੂੰ ਪੇਸ਼ ਆਉਣ ਵਾਲੀਆਂ ਸੱਮਸਿਆਵਾਂ ਦਾ ਹੱਲ ਹੋ ਸਕੇ|

Leave a Reply

Your email address will not be published. Required fields are marked *