ਜਲਦ ਹੀ ‘ਕੌਮੀ ਐਮਰਜੈਂਸੀ’ ਦਾ ਐਲਾਨ ਕਰ ਸਕਦੇ ਹਨ ਟਰੰਪ

ਵਾਸ਼ਿੰਗਟਨ, 11 ਜਨਵਰੀ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇਸ਼ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਅਮਰੀਕਾ-ਮੈਕਸੀਕੋ ਦੀ ਸੀਮਾ ਤੇ ਕੰਧ ਬਣਵਾਉਣਾ ਚਾਹੁੰਦੇ ਹਨ| ਇਸ ਲਈ ਟਰੰਪ ਜਲਦੀ ਕੌਮੀ ਐਮਰਜੈਂਸੀ ਲਾਗੂ ਕਰ ਸਕਦੇ ਹਨ| ਆਪਣੀ ਵਿਵਾਦਮਈ ਅਮਰੀਕਾ-ਮੈਕਸੀਕੋ ਸੀਮਾ ਕੰਧ ਯੋਜਨਾ ਲਈ ਸਮਰਥਨ ਜੁਟਾਉਣ ਦੇ ਉਦੇਸ਼ ਨਾਲ ਟਰੰਪ ਨੇ ਟੈਕਸਾਸ ਦਾ ਦੌਰਾ ਕੀਤਾ| ਇਸ ਦੌਰਾਨ ਟਰੰਪ ਤੋਂ ਪੁੱਛਿਆ ਗਿਆ ਕੀ ਉਹ ਐਮਰਜੈਂਸੀ ਲਾਗੂ ਕਰਨ ਵਾਲੇ ਹਨ| ਉਨ੍ਹਾਂ ਨੇ ਇਸ ਦੇ ਜਵਾਬ ਵਿਚ ਕਿਹਾ,”ਅਸੀਂ ਇਸ ਦੇ ਨੇੜੇ ਹਾਂ| ਮੈਨੂੰ ਲੱਗਦਾ ਹੈ ਕਿ ਅਸੀਂ ਅਜਿਹਾ ਜਲਦੀ ਕਰ ਸਕਦੇ ਹਾਂ| ਕਿਉਂਕਿ ਇਹ ਸਧਾਰਨ ਸਮਝ ਦੀ ਗੱਲ ਹੈ ਅਤੇ ਇਹ ਖਰਚੀਲਾ ਵੀ ਨਹੀਂ ਹੈ|”
ਟਰੰਪ ਨੇ ਕਿਹਾ ਸੀ ਕਿ ਕੌਮੀ ਐਮਰਜੈਂਸੀ ਲਾਗੂ ਕਰਨਾ ਆਖਰੀ ਵਿਕਲਪ ਹੈ| ਉਨ੍ਹਾਂ ਨੇ ਧਮਕੀ ਦਿੱਤੀ ਸੀ ਕਿ ਜੇ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਕੰਧ ਬਣਾਉਣ ਲਈ 5.7 ਅਰਬ ਡਾਲਰ ਦੀ ਰਾਸ਼ੀ ਨਿਰਧਾਰਤ ਨਹੀਂ ਕਰਦੇ ਹਨ ਤਾਂ ਉਹ ਐਮਰਜੈਂਸੀ ਲਾਗੂ ਕਰ ਦੇਣਗੇ| ਟਰੰਪ ਨੇ ਡੈਮੋਕ੍ਰੈਟਿਕ ਨੇਤਾਵਾਂ-ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਅਤੇ ਸੈਨੇਟ ਵਿਚ ਘੱਟ ਗਿਣਤੀ ਦੇ ਨੇਤਾ ਚੱਕ ਸ਼ੁਮਰ ਦੇ ਨਾਲ ਇਸ ਮਾਮਲੇ ਵਿਚ ਹੋਈ ਬੈਠਕ ਅੱਧ ਵਿਚਾਲੇ ਛੱਡ ਕੇ ਹੀ ਆ ਗਏ ਸਨ, ਜਿਸ ਮਗਰੋਂ ਹੁਣ ਐਮਰਜੈਂਸੀ ਲਾਗੂ ਕਰਨ ਵੱਲ ਉਨ੍ਹਾਂ ਦਾ ਝੁਕਾਅ ਹੋਰ ਵੱਧ ਗਿਆ ਹੈ|
ਟਰੰਪ ਨੇ ਟੈਕਸਾਸ ਵਿੱਚ ਪੱਤਰਕਾਰਾਂ ਨੂੰ ਕਿਹਾ,”ਮੈਂ ਵੱਡੇ ਪੱਧਰ ਤੇ ਇਮੀਗ੍ਰੇਸ਼ਨ ਸੁਧਾਰ ਕਰਨਾ ਚਾਹੁੰਦਾ ਹਾਂ| ਇਸ ਵਿਚ ਸਮਾਂ ਲੱਗੇਗਾ| ਇਹ ਮੁਸ਼ਕਲ ਕੰਮ ਹੈ| ਇਹ 30-35 ਸਾਲ ਤੋਂ ਚੱਲ ਰਿਹਾ ਹੈ ਪਰ ਇਮੀਗ੍ਰੇਸ਼ਨ ਸੁਧਾਰ ਤੋਂ ਪਹਿਲਾਂ ਸਾਨੂੰ ਢੁੱਕਵੀਂ ਨੀਤੀ ਬਣਾਉਣੀ ਹੋਵੇਗੀ| ਅਸੀਂ ਅਜਿਹਾ ਜਲਦੀ ਕਰ ਸਕਦੇ ਹਾਂ| ਅਸੀਂ ਕੌਮੀ ਐਮਰਜੈਂਸੀ ਲਾਗੂ ਕਰ ਸਕਦੇ ਹਾਂ|”

Leave a Reply

Your email address will not be published. Required fields are marked *