ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਅਤੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਵੈਬ ਸਮਾਗਮ ਦੀਆਂ ਤਿਆਰੀਆਂ ਜੋਰਾਂ ਤੇ

ਚੰਡੀਗੜ੍ਹ, 7 ਅਗਸਤ (ਸ.ਬ.) ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਵਲੋਂ 9 ਅਗਸਤ ਨੂੰ ਕਰਵਾਏ ਜਾ ਰਹੇ ਜਲ੍ਹਿਆਵਾਲਾ ਬਾਗ ਦੇ ਸ਼ਹੀਦਾਂ ਅਤੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਵੈਬ ਸਮਾਗਮ ਦੀਆਂ ਤਿਆਰੀਆਂ ਜੋਰਾਂ ਤੇ ਹਨ ਅਤੇ ਇਸ ਸੰਬੰਧੀ ਸੰਸਥਾ ਵਲੋਂ ਵੱਖ ਵੱਖ ਸਿਆਸੀ ਆਗੂਆਂ ਅਤੇ ਹੋਰਨਾਂ ਪ੍ਰਮੁਖ ਸ਼ਖਸ਼ੀਅਤਾਂ ਨਾਲ ਮਿਲ ਕੇ ਇਹ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ|
ਸੰਸਥਾ ਵਲੋਂ ਇਸ ਪ੍ਰੋਗਰਾਮ ਦਾ ਪੋਸਟਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਤੋਂ ਜਾਰੀ ਕਰਵਾਇਆ ਗਿਆ ਹੈ| ਇਸ ਮੌਕੇ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ 9 ਅਗਸਤ ਨੂੰ ਸ਼ਾਮ 4 ਵਜੇ ਦੇਸ਼ ਦੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦਾ ਪੂਰਾ ਸੰਬੋਧਨ ਸੁਣਨਗੇ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ|
ਪੋਸਟਰ ਰਿਲੀਜ ਕਰਨ ਮੌਕੇ ਸ੍ਰ. ਬਾਦਲ ਦੇ ਨਾਲ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮ੍ਰਿਤਸਰ ਦੇ ਪ੍ਰਧਾਨ ਸ੍ਰ. ਗੋਬਿੰਦ ਸਿੰਘ ਲੌਂਗੋਵਾਲ, ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ੍ਰ. ਜਗਮੀਤ ਸਿੰਘ ਬਰਾੜ, ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਬੀਬੀ ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਅਤੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਹਾਜਿਰ ਸੀ|
ਇਸ ਸੰਬੰਧੀ ਜਾਣਕਾਰੀ ਦਿੰਦਿਆ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਪ੍ਰਧਾਨ ਸ੍ਰੀ ਬੌਬੀ ਕੰਬੋਜ ਨੇ ਦੱਸਿਆ ਕਿ ਇਸਦੇ ਨਾਲ ਹੀ ਇਸ ਪ੍ਰੋਗਰਾਮ ਦੀ ਪ੍ਰਚਾਰ ਮੁਹਿੰਮ ਹੋਰ ਤੇਜ ਕੀਤੀ ਗਈ ਹੈ ਜਿਸ ਦੌਰਾਨ ਪੰਜਾਬ ਦੇ ਮਸ਼ਹੂਰ ਗਾਇਕਾਂ ਹੰਸ ਰਾਜ ਹੰਸ, ਗੁਰਦਾਸ ਮਾਨ, ਮਨਮੋਹਨ ਵਾਰਿਸ, ਰੁਪਿੰਦਰ ਕੌਰ ਹਾਂਡਾ ਅਤੇ ਹੋਰਨਾਂ ਪ੍ਰਮੁਖ ਸ਼ਖਸ਼ੀਅਤਾਂ ਵਲੋਂ ਇਸ ਪ੍ਰੋਗਰਾਮ ਦੇ ਪ੍ਰਚਾਰ ਲਈ ਵੀਡੀਓ ਸੁਨੇਹੇ ਜਾਰੀ ਕੀਤੇ ਗਏ ਹਨ|

Leave a Reply

Your email address will not be published. Required fields are marked *