ਜਲੰਧਰ: ਗੈਸ ਸਿਲੰਡਰ ਨੂੰ ਲੱਗੀ ਅੱਗ, 4 ਲੋਕ ਝੁਲਸੇ
ਜਲੰਧਰ, 12 ਸਤੰਬਰ (ਸ.ਬ.) ਨਕੋਦਰ ਰੋਡ ਸਥਿਤ ਰਤਨ ਮਨੀ ਢਾਬਾ ਦੇ ਸਾਹਮਣੇ ਇਕ ਘਰ ਵਿੱਚ ਗੈਸ ਸਿਲੰਡਰ ਲੀਕੇਜ ਨੂੰ ਠੀਕ ਕਰਦੇ ਸਮੇਂ ਅੱਗ ਲੱਗ ਗਈ, ਜਿਸ ਦੇ ਕਾਰਨ ਚਾਰ ਲੋਕ ਝੁਲਸ ਗਏ| ਝੁਲਸੇ ਹੋਏ ਲੋਕਾਂ ਵਿੱਚ 7 ਸਾਲ ਦਾ ਬੱਚਾ ਵੀ ਸ਼ਾਮਲ ਹੈ| ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ| ਜਾਣਕਾਰੀ ਮੁਤਾਬਕ ਦੀਪਕ ਨਾਂ ਦਾ ਵਿਅਕਤੀ ਨਕੋਦਰ ਰੋਡ ਸਥਿਤ ਲੋਕਸੇਵਾ ਗੈਸ ਏਜੰਸੀ ਤੋਂ ਬੀਤੇ ਦਿਨ ਸਿਲੰਡਰ ਲੈ ਕੇ ਗਿਆ ਸੀ| ਘਰ ਪਹੁੰਚਿਆ ਤਾਂ ਸਿਲੰਡਰ ਵਿੱਚੋਂ ਗੈਸ ਲੀਕ ਹੋਣ ਲੱਗੀ, ਜਿਸ ਦੀ ਸ਼ਿਕਾਇਤ ਉਸ ਨੇ ਗੈਸ ਏਜੰਸੀ ਨੂੰ ਕੀਤੀ|
ਅੱਜ ਸਵੇਰੇ ਲੋਕਸੇਵਾ ਗੈਸ ਏਜੰਸੀ ਦਾ ਇਕ ਕਰਮਚਾਰੀ ਸੰਦੀਪ ਸ਼ਿਕਾਇਤ ਕਰਤਾ ਦੇ ਘਰ ਪਹੁੰਚਿਆ ਅਤੇ ਸਿਲੰਡਰ ਠੀਕ ਕਰਨ ਲੱਗਾ| ਸੰਦੀਪ ਏਜੰਸੀ ਤੋਂ ਸਿਲੰਡਰ ਲਿਆ ਕੇ ਖਾਲੀ ਸਿਲੰਡਰ ਵਿੱਚ ਗੈਸ ਭਰ ਰਿਹਾ ਸੀ ਕਿ ਇਸੇ ਦੌਰਾਨ ਸਿਲੰਡਰ ਠੀਕ ਕਰਦੇ ਸਮੇਂ ਨੇੜੇ ਹੀ ਮਹਿਲਾ ਨੇ ਅੱਗ ਜਲਾ ਦਿੱਤੀ ਜੋਕਿ ਗੈਸ ਲੀਕੇਜ ਹੋਣ ਕਰਕੇ ਸਿਲੰਡਰ ਤੱਕ ਪਹੁੰਚ ਗਈ ਅਤੇ ਪੂਰੇ ਘਰ ਵਿੱਚ ਫੈਲ ਗਈ| ਅੱਗ ਕਾਰਨ ਘਰ ਵਿੱਚ ਮੌਜੂਦ ਗੈਸ ਕਰਮਚਾਰੀ ਸਮੇਤ ਚਾਰ ਲੋਕ ਝੁਲਸ ਗਏ|
ਜ਼ਖਮੀਆਂ ਦੀ ਪਛਾਣ ਸੰਦੀਪ ਪੁੱਤਰ ਹਰਬੰਸ ਲਾਲ ਵਾਸੀ ਖੁਰਲਾ ਕਿੰਗਰਾ, ਸੁਖਦੇਵ ਮਹਤੋ ਪੁੱਤਰ ਹਰੀ ਮਹਤੋ ਵਾਸੀ ਬੂਟਾ ਮੰਡੀ, ਸੋਨੀਆ ਪਤਨੀ ਉਮੇਸ਼ ਮਹਤੋ ਵਾਸੀ ਬੂਟਾ ਮੰਡੀ ਅਤੇ ਸੋਨੀਆ ਦਾ 7 ਸਾਲ ਦਾ ਬੇਟਾ ਅਨਿਕੇਤ ਦੇ ਰੂਪ ਵਿੱਚ ਹੋਈ ਹੈ| ਸੰਦੀਪ 7 ਸਾਲਾਂ ਤੋਂ ਗੈਸ ਏਜੰਸੀ ਵਿੱਚ ਕੰਮ ਕਰ ਰਿਹਾ ਹੈ|