ਜਲੰਧਰ: ਰੈਣਕ ਬਾਜ਼ਾਰ ਵਿੱਚ ਚੱਲੀਆਂ ਗੋਲੀਆਂ, ਦੋ ਨੌਜਵਾਨ ਜ਼ਖਮੀ

ਜਲੰਧਰ, 1 ਨਵੰਬਰ (ਸ.ਬ.) ਜਲੰਧਰ ਵਿੱਚ ਰੈਣਕ ਬਾਜ਼ਾਰ ਕੋਲ ਸਥਿਤ ਇਕ ਮੁਹੱਲੇ ਵਿੱਚ ਅੱਜ ਤੜਕਸਾਰ ਗੋਲੀਆਂ ਚੱਲਣ ਕਾਰਨ 2 ਨੌਜਵਾਨ ਜ਼ਖਮੀ ਹੋ ਗਏ| ਲੋਕਾਂ ਵਲੋਂ ਗੋਲੀਆਂ ਚੱਲਣ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਗਈ| ਪੁਲੀਸ ਨੂੰ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਕਿ ਜੂਆ ਖੇਡਦੇ ਸਮੇਂ ਕੁਝ ਵਿਅਕਤੀਆਂ ਵਿਚਕਾਰ ਝਗੜਾ ਹੋ ਗਿਆ ਸੀ| ਇਸੇ ਦੌਰਾਨ ਗੋਲੀਆਂ ਚੱਲੀਆਂ ਅਤੇ ਦੋ ਨੌਜਵਾਨ ਜ਼ਖਮੀ ਹੋ ਗਏ|
ਜਲੰਧਰ ਦੇ ਥਾਣਾ-4 ਦੇ ਐਸ. ਐਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਅਜੇ ਤੱਕ ਅਜਿਹੀ ਕੋਈ ਸਟੇਟਮੈਂਟ ਨਹੀਂ ਆਈ, ਜਿਸ ਤੋਂ ਇਹ ਸਪੱਸ਼ਟ ਹੋ ਸਕੇ ਕਿ ਨੌਜਵਾਨ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਏ ਹਨ| ਉਪਰੋਕਤ ਘਟਨਾ ਤੜਕੇ ਤਕਰੀਬਨ 3 ਤੋਂ 3.30 ਵਿਚਕਾਰ ਦੀ ਹੈ| ਜ਼ਖਮੀ ਨੌਜਵਾਨ ਦੀ ਪਛਾਣ ਸਾਹਿਲ ਨਿਵਾਸੀ ਅਲੀ ਮੁਹੱਲਾ ਦੇ ਰੂਪ ਵਿੱਚ ਕੀਤੀ ਗਈ ਹੈ| ਉਸ ਦੀ ਲੱਤ ਵਿੱਚ ਗੋਲੀ ਲੱਗੀ ਹੈ| ਉੱਥੇ ਹੀ ਦੂਸਰੇ ਨੌਜਵਾਨ ਦੇ ਹਲਕੀਆਂ ਸੱਟਾਂ ਲੱਗੀਆਂ ਹਨ| ਸੂਤਰਾਂ ਮੁਤਾਬਕ ਗੋਲੀਆਂ ਜੁਆਰੀਆਂ ਅਤੇ ਗੈਂਗਸਟਰਾਂ ਵਿਚਕਾਰ ਚੱਲੀਆਂ| ਫਿਲਹਾਲ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *