ਜਲੰਧਰ ਵਿੱਚ ਸੜਕ ਹਾਦਸੇ ਵਿੱਚ ਐਲ. ਪੀ. ਯੂ. ਦੇ 3 ਵਿਦਿਆਰਥੀਆਂ ਦੀ ਮੌਤ ਅਤੇ ਇਕ ਜ਼ਖਮੀ

ਜਲੰਧਰ ਵਿੱਚ ਸੜਕ ਹਾਦਸੇ ਵਿੱਚ ਐਲ. ਪੀ. ਯੂ. ਦੇ 3 ਵਿਦਿਆਰਥੀਆਂ ਦੀ ਮੌਤ ਅਤੇ ਇਕ ਜ਼ਖਮੀ
ਜਲੰਧਰ, 14 ਦਸੰਬਰ (ਸ.ਬ.) ਬੀਤੀ  ਦੇਰ ਰਾਤ ਸੰਘਣੀ ਧੁੰਦ ਕਾਰਨ ਜਲੰਧਰ-ਫਗਵਾੜਾ ਹਾਈਵੇਅ ਤੇ ਪਿੰਡ ਚਹੇੜੂ ਨੇੜੇ ਇਕ ਅਣਪਛਾਤੇ ਵਾਹਨ ਅਤੇ ਕਾਰ ਦੀ ਟੱਕਰ ਹੋ ਗਈ| ਇਸ ਕਾਰਨ ਕਾਰ ਵਿੱਚ ਸਵਾਰ 4 ਵਿਅਕਤੀਆਂ ਵਿੱਚੋਂ 3 ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ| ਆਸ਼ੀਸ਼ ਨਾਂ ਦਾ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ, ਜਿਸ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ, ਉੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ| ਮਰਨ ਵਾਲੇ ਤਿੰਨੋਂ ਐਲ.ਪੀ.ਯੂ (ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ) ਦੇ ਵਿਦਿਆਰਥੀ ਸਨ ਅਤੇ ਇਨ੍ਹਾਂ ਦੀ ਪਛਾਣ ਅਜੈ, ਕਮਲਾਕਰ ਅਤੇ ਜੋਸਫ ਵਜੋਂ ਕੀਤੀ ਗਈ ਹੈ| ਇਹ ਐਲ.ਪੀ.ਯੂ ਵਿੱਚ           ਖੇਤੀਬਾੜੀ ਦਾ ਕੋਰਸ ਕਰ ਰਹੇ ਸਨ|
ਦਰਅਸਲ ਐਲ.ਪੀ.ਯੂ. ਦੇ ਤਿੰਨ ਵਿਦਿਆਰਥੀ ਆਪਣੇ ਹੈਦਰਾਬਾਦ ਤੋਂ ਆਏ ਦੋਸਤ ਨੂੰ ਰੇਲਵੇ ਸਟੇਸ਼ਨ ਛੱਡਣ ਜਾ ਰਹੇ ਸਨ| ਬੋਨ ਫੈਕਟਰੀ ਕੋਲ ਧੁੰਦ ਕਾਰਨ ਉਨ੍ਹਾਂ ਦੀ ਕਾਰ ਕਿਸੇ ਵਾਹਨ ਨਾਲ ਟਕਰਾ ਗਈ| ਹਾਦਸੇ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਜਦੋਂ ਕਿ ਹੈਦਰਾਬਾਦ ਤੋਂ ਆਏ ਦੋਸਤ ਦੀ ਜਾਨ ਬਚ ਗਈ| ਸੂਚਨਾ ਦੇ ਬਾਅਦ ਮੌਕੇ ਤੇ ਪੁਲੀਸ ਪਹੁੰਚ ਗਈ ਸੀ|
ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਲਾਸ਼ਾਂ ਬਹੁਤ ਮੁਸ਼ਕਿਲ ਨਾਲ ਕੱਢੀਆਂ ਗਈਆਂ| ਲਾਸ਼ਾਂ ਸਰਕਾਰੀ ਹਸਪਤਾਲ ਫਗਵਾੜਾ ਵਿੱਚ ਰੱਖੀਆਂ ਗਈਆਂ ਹਨ| ਪੁਲੀਸ ਨੇ ਘਟਨਾ ਵਾਲੇ ਸਥਾਨ ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ|

Leave a Reply

Your email address will not be published. Required fields are marked *